ਮੰਨੈ ਮਾਰਗਿ ਠਾਕ ਨ ਪਾਇ ॥
ਮੰਨੈ ਪਤਿ ਸਿਉ ਪਰਗਟੁ ਜਾਇ ॥
ਮੰਨੈ ਮਗੁ ਨ ਚਲੈ ਪੰਥੁ ॥
ਮੰਨੈ ਧਰਮ ਸੇਤੀ ਸਨਬੰਧੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥

Sahib Singh
ਮਾਰਗਿ = ਮਾਰਗ ਵਿਚ, ਰਾਹ ਵਿਚ ।
ਠਾਕ = ਰੋਕ ।
ਠਾਕ ਨ ਪਾਇ = ਰੋਕ ਨਹੀਂ ਪੈਂਦੀ ।
ਪਤਿਸਿਉ = ਇੱਜ਼ਤ ਨਾਲ ।
ਪਰਗਟੁ = ਪਰਸਿੱਧ ਹੋ ਕੇ ।
    ਮਗੁ ਪੰਥੁ: (ਪ੍ਰ:) ਸ਼ਬਦ ‘ਮਗੁ’ ਤੇ ‘ਪੰਥੁ’ ਦੇ ਅੰਤ ਵਿਚ ( ੁ ) ਕਿਉਂ ਹੈ ?
    (ਉ:) ਸਾਧਾਰਨ ਨੀਯਮ ਅਨੁਸਾਰ ਤਾਂ ਇੱਥੇ ( ਿ) ਹੀ ਚਾਹੀਦੀ ਹੈ, ਪਰ ਸੰਸਕ੍ਰਿਤ ਵਿਚ ਇਕ ਨੀਯਮ ਆਮ ਪਰਚਲਤ ਸੀ ਕਿ ਜੇ ‘ਲੰਮੇ ਸਮੇ’ ਜਾਂ ਲੰਮੇ ਪੈਂਡੇ’ ਦਾ ਜ਼ਿਕਰ ਹੋਵੇ, ਤਾਂ ਅਧਿਕਰਣ ਕਾਰਕ ਦੇ ਥਾਂ ਕਰਮ ਕਾਰਕ ਵਰਤਿਆ ਜਾਂਦਾ ਸੀ ।
    ਉਹੀ ਨੀਯਮ ਪ੍ਰਾਕਿ੍ਰਤ ਦੀ ਰਾਹੀਂ ਥੋੜ੍ਹਾ ਥੋੜ੍ਹਾ ਪੁਰਾਣੀ ਪੰਜਾਬੀ ਵਿਚ ਵਰਤਿਆ ਗਿਆ ਹੈ; ਜਿਵੇਂ:-
    (੧) ਗਾਵਨਿ ਤੁਧ ਨੋ ਪੰਡਿਤ ਪੜਨਿ ਰਖੀਸਰ, ‘ਜੁਗੁ ਜੁਗੁ’ ਵੇਦਾ ਨਾਲੇ ।
    (ਪਉੜੀ ੨੦)
    (੨) ਜੁਗੁ ਜੁਗੁ ਭਗਤ ਉਪਾਇਆ, ਪੈਜ ਰਖਦਾ ਆਇਆ ਰਾਮ ਰਾਜੇ ।
    (੩) ਸਾਵਣਿ ਵਰਸੁ ਅੰਮਿ੍ਰਤਿ ‘ਜਗੁ’ ਛਾਇਆ ਜੀਉ ।
    (ਗਉੜੀ ਮਾਝ ਮ: ੪)
    (੪) ਬਾਵੈ ‘ਮਾਰਗੁ’ ਟੇਢਾ ਚਲਣਾ ।
    ਸੀਧਾ ਛੋਡਿ ਅਪੂਠਾ ਬੁਨਨਾ ।੩।੨੯।੯੮ ।
    (ਗਾਉੜੀ ਗੁਆਰੇਰੀ ਮ:੫ ਮਗੁ-ਮਾਰਗ, ਰਸਤਾ (ਸੰਸਕ੍ਰਿਤ ‘ਮਾਗL’ ਤੋਂ ਪ੍ਰਾਕਿ੍ਰਤ ਸ਼ਬਦ ‘ਮੱਗ’ ਹੈ) ।
ਪੰਥੁ = ਰਸਤਾ ।
    ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਇਹ ਦੋਵੇਂ ਸ਼ਬਦ ‘ਮਾਰਗ’ (ਜਿਸ ਦੀ ਪ੍ਰਾਕਿ੍ਰਤ ਸ਼ਕਲ ‘ਮੱਗ’ ਹੈ) ਅਤੇ ‘ਪੰਥ’ ਇਕੋ ਹੀ ਅਰਥ ਵਿਚ ਵਰਤੇ ਗਏ ਹਨ; ਜਿਵੇਂ:-
    (੧) ‘ਮਾਰਗਿ ਪੰਥ ਚਲੇ ਗੁਰ ਸਤਿਗੁਰ ਸੰਗਿ ਸਿਖਾ ।’ (ਤੁਖਾਰੀ ਛੰਤ ਮ: ੪
    (੨) ਮੁੰਧ ਨੈਣ ਭਰੇਦੀ, ਗੁਣ ਸਾਰੇਦੀ , ਕਿਉਂ ਪ੍ਰਭ ਮਿਲਾ ਪਿਆਰੇ ।
    ਮਾਰਗੁ ਪੰਥੁ ਨ ਜਾਣਉ ਬਿਖੜਾ, ਕਿਉ ਪਾਈਐ ਪਿਰ ਪਾਰੇ ।
(ਤੁਖਾਰੀ ਮ: ੧ ਸੇਤੀ = ਨਾਲ ।
ਸਨਬੰਧੁ = ਸਾਕ, ਰਿਸ਼ਤਾ, ਜੋੜ ।
    
Sahib Singh
ਜੇ ਮਨੁੱਖ ਦਾ ਮਨ ਨਾਮ ਵਿਚ ਪਤੀਜ ਜਾਏ ਤਾਂ ਜ਼ਿਦੰਗੀ ਦੇ ਸਫ਼ਰ ਵਿਚ ਵਿਚਾਰ ਆਦਿਕ ਦੀ ਕੋਈ ਰੋਕ ਨਹੀਂ ਪੈਂਦੀ, ਉਹ (ਸੰਸਾਰ ਵਿਚ) ਸ਼ੋਭਾ ਖੱਟ ਕੇ ਇੱਜ਼ਤ ਨਾਲ ਜਾਂਦਾ ਹੈ ।
ਉਸ ਮਨੁੱਖ ਦਾ ਧਰਮ ਨਾਲ (ਸਿੱਧਾ) ਜੋੜ ਬਣ ਜਾਂਦਾ ਹੈ, ਉਹ ਫਿਰ (ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਦੇ ਦੱਸੇ) ਰਸਤਿਆਂ ’ਤੇ ਨਹੀਂ ਤੁਰਦਾ (ਭਾਵ, ਉਸ ਦੇ ਅੰਦਰ ਇਹ ਵਿਖੇਪਤਾ ਨਹੀਂ ਰਹਿੰਦੀ ਕਿ ਇਹ ਰਸਤਾ ਚੰਗਾ ਹੈ ਤੇ ਇਹ ਮੰਦਾ ਹੈ) ।
ਅਕਾਲ ਪੁਰਖ ਦਾ ਨਾਮ ਜੋ ਮਾਇਆ ਦੇ ਪ੍ਰਭਾਵ ਤੋਂ ਪ੍ਰਹੇ ਹੈ, ਏਡਾ (ਉੱਚਾ) ਹੈ, (ਕਿ ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਮਨ ਵਿਚ ਹਰਿ-ਨਾਮ ਦੀ ਲਗਨ ਪੈਦਾ ਕਰ ਲਏ।੧੪ ।

ਭਾਵ:- ਯਾਦ ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣਦਾ ਹੈ, ਇਸ ਸਿਮਰਨ ਰੂਪ ‘ਧਰਮ’ ਨਾਲ ਉਸਦਾ ਇਤਨਾ ਡੂੰਘਾ ਸੰਬੰਧ ਬਣ ਜਾਂਦਾ ਹੈ ਕਿ ਕੋਈ ਰੁਕਾਵਟ ਉਸਨੂੰ ਇਸ ਸਹੀ ਨਿਸ਼ਾਨੇ ਤੋਂ ਉਖੇੜ ਨਹੀਂ ਸਕਦੀ ।
ਹੋਰ ਲਾਂਭ ਦੀਆਂ ਪਗ-ਡੰਡੀਆਂ ਉਸਨੂੰ ਕੁਰਾਹੇ ਨਹੀਂ ਪਾ ਸਕਦੀਆਂ ।੧੪ ।
Follow us on Twitter Facebook Tumblr Reddit Instagram Youtube