ਮੰਨੇ ਕੀ ਗਤਿ ਕਹੀ ਨ ਜਾਇ ॥
ਜੇ ਕੋ ਕਹੈ ਪਿਛੈ ਪਛੁਤਾਇ ॥
ਕਾਗਦਿ ਕਲਮ ਨ ਲਿਖਣਹਾਰੁ ॥
ਮੰਨੇ ਕਾ ਬਹਿ ਕਰਨਿ ਵੀਚਾਰੁ ॥
ਐਸਾ ਨਾਮੁ ਨਿਰੰਜਨੁ ਹੋਇ ॥
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥

Sahib Singh
ਮੰਨੇ ਕੀ = ਮੰਨਣ ਵਾਲੇ ਦੀ, ਪਤੀਜੇ ਹੋਏ ਦੀ, ਯਕੀਨ ਕਰ ਲੈਣ ਵਾਲੇ ਦੀ ।
ਗਤਿ = ਹਾਲਤ, ਅਵਸਥਾ ।
ਕਹੈ = ਦੱਸੇ, ਬਿਆਨ ਕਰੇ ।
ਮੰਨੇ ਕਾ ਵੀਚਾਰੁ = ਸ਼ਰਧਾ ਧਾਰਨ ਵਾਲੇ ਦੀ ਵਡਿਆਈ ਦੀ ਵੀਚਾਰ ।
ਬਹਿ ਕਰਨਿ = ਬੈਠ ਕੇ ਕਰਦੇ ਹਨ ।
ਐਸਾ = ਅਜਿਹਾ, ਇੱਡਾ ਉੱਚਾ ।
ਹੋਇ = ਹੈ ।
ਮੰਨਿ = ਸ਼ਰਧਾ ਧਾਰ ਕੇ, ਲਗਨ ਲਾ ਕੇ ।
ਮੰਨਿ ਜਾਣੈ = ਸ਼ਰਧਾ ਰੱਖ ਕੇ ਵੇਖੇ, ਮੰਨ ਕੇ ਵੇਖੇ ।
ਮਨਿ = ਮਨ ਵਿਚ ।
ਕਾਗਦਿ = ਕਾਗ਼ਜ਼ ਉੱਤੇ ।
ਕਲਮ = ਕਲਮ (ਨਾਲ) ।
    
Sahib Singh
ਉਸ ਮਨੁੱਖ ਦੀ (ਉੱਚੀ) ਆਤਮਕ ਅਵਸਥਾ ਦੱਸੀ ਨਹੀਂ ਜਾ ਸਕਦੀ, ਜਿਸ ਨੇ (ਅਕਾਲ ਪੁਰਖ ਦੇ ਨਾਮ ਨੂੰ) ਮੰਨ ਲਿਆ ਹੈ, (ਭਾਵ, ਜਿਸ ਦੀ ਲਗਨ ਨਾਮ ਵਿਚ ਲੱਗ ਗਈ ਹੈ) ।
ਜੇ ਕੋਈ ਮਨੁੱਖ ਬਿਆਨ ਕਰੇ ਭੀ, ਤਾਂ ਉਹ ਪਿਛੋਂ ਪਛਤਾਉਂਦਾ ਹੈ (ਕਿ ਮੈਂ ਹੋਛਾ ਜਤਨ ਕੀਤਾ ਹੈ) ।
(ਮਨੁੱਖ) ਰਲ ਕੇ (ਨਾਮ ਵਿਚ) ਪਤੀਜੇ ਹੋਏ ਦੀ ਆਤਮਕ ਅਵਸਥਾ ਦਾ ਅੰਦਾਜ਼ਾ ਲਾਂਦੇ ਹਨ, ਪਰ ਕਾਗਜ਼ ਉੱਤੇ ਕਲਮ ਨਾਲ ਕੋਈ ਮਨੁੱਖ ਲਿਖਣ ਦੇ ਸਮਰੱਥ ਨਹੀਂ ਹੈ ।
ਅਕਾਲ ਪੁਰਖ ਦਾ ਨਾਮ ਬਹੁਤ (ਉੱਚਾ) ਹੈ ਤੇ ਮਾਇਆ ਦੇ ਪਰਭਾਵ ਤੋਂ ਪਰੇ ਹੈ, (ਇਸ ਵਿਚ ਜੁੜਨ ਵਾਲਾ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਪਰ ਇਹ ਗੱਲ ਤਾਂ ਹੀ ਸਮਝ ਵਿੱਚ ਆਉਂਦੀ ਹੈ) ਜੇ ਕੋਈ ਮਨੁੱਖ ਆਪਣੇ ਅੰਦਰ ਲਗਨ ਲਾ ਕੇ ਵੇਖੇ ।੧੨ ।

ਭਾਵ:- ਪ੍ਰਭੂ ਮਾਇਆ ਦੇ ਪਰਭਾਵ ਤੋਂ ਬੇਅੰਤ ਉੱਚਾ ਹੈ ।
ਉਸ ਦੇ ਨਾਮ ਵਿਚ ਸੁਰਤ ਜੋੜ ਜੋੜ ਕੇ ਜਿਸ ਮਨੁੱਖ ਦੇ ਮਨ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ, ਉਸ ਦੀ ਭੀ ਆਤਮਾ ਮਾਇਆ ਦੀ ਮਾਰ ਤੋਂ ਉਤਾਂਹ ਹੋ ਜਾਂਦੀ ਹੈ ।
ਜਿਸ ਮਨੁੱਖ ਦੀ ਪ੍ਰਭੂ ਨਾਲ ਲਗਨ ਲੱਗ ਜਾਏ, ਉਸ ਦੀ ਆਤਮਕ ਉੱਚਤਾ ਨਾਹ ਕੋਈ ਬਿਆਨ ਕਰ ਸਕਦਾ ਹੈ ਨਾਹ ਕੋਈ ਲਿਖ ਸਕਦਾ ਹੈ ।੧੨ ।
Follow us on Twitter Facebook Tumblr Reddit Instagram Youtube