ਸੁਣਿਐ ਸਰਾ ਗੁਣਾ ਕੇ ਗਾਹ ॥
ਸੁਣਿਐ ਸੇਖ ਪੀਰ ਪਾਤਿਸਾਹ ॥
ਸੁਣਿਐ ਅੰਧੇ ਪਾਵਹਿ ਰਾਹੁ ॥
ਸੁਣਿਐ ਹਾਥ ਹੋਵੈ ਅਸਗਾਹੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੧॥

Sahib Singh
ਸਰਾ ਗੁਣਾ ਕੇ = ਗੁਣਾਂ ਦੇ ਸਰੋਵਰਾਂ ਦੇ, ਬੇਅੰਤ ਗੁਣਾਂ ਦੇ ।
ਗਾਹ = ਗਾਹੁਣ ਵਾਲੇ, ਸੂਝ ਵਾਲੇ, ਵਾਕਫ਼ੀ ਵਾਲੇ ।
ਰਾਹੁ = ਰਸਤਾ ।
ਅਸਗਾਹੁ = ਡੂੰਘਾ ਸਮੁੰਦਰ, ਸੰਸਾਰ ।
ਹਾਥ = ਸ਼ਬਦ ‘ਹਾਥ’ ਇਸਤ੍ਰੀ-ਲਿੰਗ ਹੈ, ਇਸ ਵਾਸਤੇ ਇਕ-ਵਚਨ ਵਿਚ ਭੀ ਇਸ ਦੇ ਅੰਤ ਵਿਚ (— ) ਨਹੀਂ ਹੈ ।
    ਇਸ ਦਾ ਅਰਥ ਹੈ ‘ਡੂੰਘਿਆਈ ਦੀ ਸਮਝ’ ।
    ਪਰ ਜਦੋਂ ਇਹ ਪੁਲਿੰਗ ਹੋਵੇ ਤਦੋਂ ਇਸ ਦਾ ਅਰਥ ਹੈ ਮਨੁੱਖ ਦਾ ਅੰਗ ‘ਹੱਥ’ ।
ਜਿਵੇਂ: =
    (੧) ਹਾਥੁ ਪਸਾਰਿ ਸਕੈ ਕੋ ਜਨ ਕਉ, ਬੋਲਿ ਨ ਸਕੈ ਅੰਦਾਜਾ ।੧ ।
    (ਬਿਲਾਵਲ ਕਬੀਰ ਜੀ) ਬਹੁ-ਵਚਨ ‘ਹਾਥ’ ਦਾ ਰੂਪ ਇਸਤ੍ਰੀ-ਲਿੰਗ ‘ਹਾਥ’ ਵਾਲਾ ਹੀ ਹੈ, ਜਿਵੇਂ: ਹਾਥ ਦੇਇ ਰਾਖੇ ਪਰਮੇਸਰਿ, ਸਗਲਾ ਦੁਰਤੁ ਮਿਟਾਇਆ ।੧।੭।੧੬ ।
    (ਗੂਜਰੀ ਮਹਲਾਂ ੫) ਹਾਥ ਹੋਵੈ-ਹਾਥ ਹੋ ਜਾਂਦੀ ਹੈ, ਡੂੰਘਿਆਈ ਦਾ ਪਤਾ ਲੱਗ ਜਾਂਦਾ ਹੈ, ਅਸਲੀਅਤ ਦੀ ਸਮਝ ਪੈ ਜਾਂਦੀ ਹੈ।੧੧ ।
    
Sahib Singh
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿਉਂਕਿ) ਅਕਾਲ ਪੁਰਖ ਦਾ ਨਾਮ ਸੁਣਨ ਨਾਲ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ।
ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਨਾਲ (ਸਾਧਾਰਨ ਮਨੁੱਖ) ਬੇਅੰਤ ਗੁਣਾਂ ਦੀ ਸੂਝ ਵਾਲੇ ਹੋ ਜਾਂਦੇ ਹਨ, ਸ਼ੇਖ ਪੀਰ ਤੇ ਪਾਤਿਸ਼ਾਹਾਂ ਦੀ ਪਦਵੀ ਪਾ ਲੈਂਦੇ ਹਨ ।
ਇਹ ਨਾਮ ਸੁਣਨ ਦੀ ਹੀ ਬਰਕਤਿ ਹੈ ਕਿ ਅੰਨ੍ਹੇ ਗਿਆਨ-ਹੀਣ ਮਨੁੱਖ ਭੀ (ਅਕਾਲ ਪੁਰਖ ਨੂੰ ਮਿਲਣ ਦਾ) ਰਾਹ ਲੱਭ ਲੈਂਦੇ ਹਨ ।
ਅਕਾਲ ਪੁਰਖ ਦੇ ਨਾਮ ਵਿਚ ਜੁੜਨ ਦਾ ਸਦਕਾ ਇਸ ਡੂੰਘੇ ਸੰਸਾਰ-ਸਮੁੰਦਰ ਦੀ ਅਸਲੀਅਤ ਸਮਝ ਵਿਚ ਆ ਜਾਂਦੀ ਹੈ।੧੧ ।

ਭਾਵ:- ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ, ਮਨੁੱਖ ਰੱਬੀ ਗੁਣਾਂ ਦੇ ਸਮੁੰਦਰ ਵਿੱਚ ਚੁੱਭੀ ਲਾਂਦਾ ਹੈ ।
ਸੰਸਾਰ ਅਥਾਹ ਸਮੁੰਦਰ ਹੈ, ਜਿਥੇ ਰੱਬ ਨਾਲੋਂ ਵਿਛੜਿਆ ਹੋਇਆ ਜੀਵ ਅੰਨਿ੍ਹਆਂ ਵਾਂਗ ਹੱਥ ਪੈਰ ਮਾਰਦਾ ਹੈ ।
ਪਰ ਨਾਮ ਵਿੱਚ ਜੁੜਿਆ ਜੀਵ ਜੀਵਨ ਦਾ ਸਹੀ ਰਾਹ ਲੱਭ ਲੈਂਦਾ ਹੈ ।੧੧ ।

ਨੋਟ: ਨੰਬਰ ੧੨ ਤੋਂ ੧੫ ਤਕ ਚਾਰ ਪਉੜੀਆਂ ਦਾ ਮਜ਼ਮੂਨ ਇਕੋ ਲੜੀ ਦਾ ਹੈ ।
Follow us on Twitter Facebook Tumblr Reddit Instagram Youtube