ਸੁਣਿਐ ਸਿਧ ਪੀਰ ਸੁਰਿ ਨਾਥ ॥
ਸੁਣਿਐ ਧਰਤਿ ਧਵਲ ਆਕਾਸ ॥
ਸੁਣਿਐ ਦੀਪ ਲੋਅ ਪਾਤਾਲ ॥
ਸੁਣਿਐ ਪੋਹਿ ਨ ਸਕੈ ਕਾਲੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੮॥

Sahib Singh
ਸੁਣਿਐ = ਸੁਣਿਆਂ, ਸੁਣਨ ਨਾਲ, ਜੇ ਨਾਮ ਵਿਚ ਸੁਰਤਿ ਜੋੜੀ ਜਾਏ ।
ਸਿਧ = ਉਹ ਜੋਗੀ ਜਿਨ੍ਹਾਂ ਦੀ ਘਾਲ ਕਮਾਈ ਸਫਲ ਹੋ ਚੁਕੀ ਹੈ ।
ਸੁਰਿ = ਦੇਵਤੇ ।
ਧਵਲ = ਬੌਲਦ, ਧਰਤੀ ਦਾ ਆਸਰਾ ।
ਦੀਪ = ਧਰਤੀ ਦੀ ਵੰਡ ਦੇ ਸਤ ਦੀਪ ।
ਲੋਅ = ਲੋਕ, ਭਵਣ ।
ਪੋਹਿ ਨ ਸਕੈ = ਪੋਹ ਨਹੀਂ ਸਕਦਾ, ਡਰਾ ਨਹੀਂ ਸਕਦਾ, ਆਪਣਾ ਪਰਭਾਵ ਨਹੀਂ ਪਾ ਸਕਦਾ ।
ਵਿਗਾਸੁ = ਖਿੜਾਉ, ਉਮਾਹ, ਖ਼ੁਸ਼ੀ ।
    
Sahib Singh
ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤਿ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ, (ਕਿੳਂਕਿ) ਉਸ ਦੀ ਸਿਫ਼ਤਿ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ।
ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ (ਸਾਦਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ ਤੇ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ, ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ।੮ ।

ਭਾਵ:- ਸਿਫ਼ਤਿ-ਸਾਲਾਹ ਵਿਚ ਜੁੜ ਕੇ ਸਾਧਾਰਨ ਮਨੁੱਖ ਭੀ ਉੱਚੇ ਆਤਮਕ ਮਰਾਤਬੇ ਉਤੇ ਜਾ ਅੱਪੜਦੇ ਹਨ ।
ਉਹਨਾਂ ਨੂੰ ਪਰਤੱਖ ਜਾਪਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਵਿਆਪਕ ਹੈ, ਤੇ ਧਰਤੀ ਆਕਾਸ਼ ਦਾ ਆਸਰਾ ਹੈ ।
ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਉਹਨਾਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ।੮ ।
Follow us on Twitter Facebook Tumblr Reddit Instagram Youtube