ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥
ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥੭॥

Sahib Singh
ਜੁਗ ਚਾਰੇ = ਚਹੁੰ ਜੁਗਾਂ ਜਿਤਨੀ ।
ਆਰਜਾ = ਉਮਰ ।
ਦਸੂਣੀ = ਦਸ ਗੁਣੀ ।
ਨਵਾ ਖੰਡਾ ਵਿਚਿ = ਭਾਵ, ਸਾਰੀ ਸਿ੍ਰਸ਼ਟੀ ਵਿਚ ।
ਜਾਣੀਐ = ਜਾਣਿਆ ਜਾਏ, ਪਰਗਟ ਹੋ ਜਾਏ ।
ਸਭੁ ਕੋਇ = ਹਰੇਕ ਮਨੁੱਖ ।
ਨਾਲਿ ਚਲੈ = ਨਾਲ ਹੋ ਕੇ ਤੁਰੇ, ਹਮਾਇਤੀ ਹੋਵੇ, ਪੱਖ ਕਰੇ ।
ਚੰਗਾ.......ਕੈ = ਚੰਗੀ ਨਾਮਵਰੀ ਖੱਟ ਕੇ, ਚੰਗੇ ਨਾਮਣੇ ਵਾਲਾ ਹੋ ਕੇ ।
ਜਸੁ = ਸ਼ੋਭਾ ।
ਕੀਰਤਿ = ਸ਼ੋਭਾ ।
ਜਗਿ = ਜਗਤ ਵਿਚ ।
ਲੇਇ = ਲਏ, ਖੱਟੇ ।
ਤਿਸੁ = ਅਕਾਲ ਪੁਰਖ ਦੀ ।
ਨਦਰਿ = ਕਿਰਪਾ-ਦਿ੍ਰਸ਼ਟੀ ਵਿਚ ।
ਨ ਆਵਈ = ਨਹੀਂ ਆ ਸਕਦਾ ।
ਵਾਤ = ਖ਼ਬਰ, ਸੁਰਤ ।
ਨ ਕੇ = ਕੋਈ ਮਨੁੱਖ ਨਹੀਂ ।
ਕੀਟੁ = ਕੀੜਾ ।
ਕਰਿ = ਕਰ ਕੇ, ਬਣਾ ਕੇ, ਠਹਿਰ ਕੇ ।
ਦੋਸੁ ਧਰੇ = ਦੋਸੁ ਲਾੳਂੁਦਾ ਹੈ ।
ਕੀਟਾ ਅੰਦਰਿ ਕੀਟੁ = ਕੀੜਿਆਂ ਵਿਚ ਕੀੜਾ, ਮਮੂਲੀ ਜਿਹਾ ਕੀੜਾ ।
ਨਿਰਗੁਣਿ = ਗੁਣ-ਹੀਨ ਮਨੁੱਖ ਵਿਚ ।
ਗੁਣਵੰਤਿਆ = ਗੁਣੀ ਮਨੁੱਖਾਂ ਨੂੰ ।
ਕਰੇ = ਪੈਦਾ ਕਰਦਾ ਹੈ ।
ਦੇ = ਦੇਂਦਾ ਹੈ ।
ਤੇਹਾ = ਇਹੋ ਜਿਹਾ ।
ਨ ਸੁਝਈ = ਨਹੀਂ ਲੱਭਦਾ ।
ਜਿ = ਜਿਹੜਾ ।
ਤਿਸੁ = ਉਸ ਨਿਰਗੁਣ ਨੂੰ ।
    
Sahib Singh
ਜੇ ਕਿਸੇ ਮਨੁੱਖ ਦੀ ਉਮਰ ਚਾਰ ਜੁਗਾਂ ਜਿਤਨੀ ਹੋ ਜਾਏ, (ਨਿਰੀ ਇਤਨੀ ਹੀ ਨਹੀਂ, ਸਗੋਂ ਜੇ) ਇਸ ਤੋਂ ਭੀ ਦਸ ਗੁਣੀ ਹੋਰ (ਉਮਰ ) ਹੋ ਜਾਏ, ਜੇ ਉਹ ਸਾਰੇ ਸੰਸਾਰ ਵਿਚ ਭੀ ਪਰਗਟ ਹੋ ਜਾਏ ਅਤੇ ਹਰੇਕ ਮਨੁੱਖ ਉਸ ਦੇ ਪਿੱਛੇ ਲੱਗ ਕੇ ਤੁਰੇ ।
ਜੇ ਉਹ ਚੰਗੀ ਨਾਮਵਰੀ ਖੱਟ ਕੇ ਸਾਰੇ ਸੰਸਾਰ ਵਿਚ ਸ਼ੋਭਾ ਭੀ ਪ੍ਰਾਪਤ ਕਰ ਲਏ, ਜੇਕਰ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਵਿਚ ਨਹੀਂ ਆ ਸਕਦਾ, ਤਾਂ ਉਹ ਉਸ ਬੰਦੇ ਵਰਗਾ ਹੈ ਜਿਸ ਦੀ ਕੋਈ ਖ਼ਬਰ ਭੀ ਨਹੀਂ ਪੁੱਛਦਾ (ਭਾਵ, ਇਤਨੀ ਮਾਣ ਵਡਿਆਈ ਵਾਲਾ ਹੁੰਦਿਆਂ ਭੀ ਅਸਲ ਵਿਚ ਨਿਆਸਰਾ ਹੀ ਹੈ) ।
(ਸਗੋਂ ਅਜਿਹਾ ਮਨੁੱਖ ਅਕਾਲ ਪੁਰਖ ਦੇ ਸਾਹਮਣੇ) ਇਕ ਮਮੂਲੀ ਜਿਹਾ ਕੀੜਾ ਹੈ (“ਖਸਮੈ ਨਦਰੀ ਕੀੜਾ ਆਵੈ”।ਆਸਾ ਮ: ੧) ਅਕਾਲ ਪੁਰਖ ਉਸ ਨੂੰ ਦੋਸੀ ਥਾਪ ਕੇ (ਉਸ ਉੱਤੇ ਨਾਮ ਨੂੰ ਭੁੱਲਣ ਦਾ) ਦੋਸ਼ ਲਾਉਂਦਾਹੈ ।
ਹੇ ਨਾਨਕ! ਉਹ ਅਕਾਲ ਪੁਰਖ ਗੁਣ-ਹੀਨ ਮਨੁੱਖ ਵਿੱਚ ਗੁਣ ਪੈਦਾ ਕਰ ਦੇਂਦਾ ਹੈ ਤੇ ਗੁਣੀ ਮਨੁੱਖਾਂ ਨੂੰ ਭੀ ਗੁਣ ਉਹੀ ਬਖ਼ਸ਼ਦਾ ਹੈ ।
ਇਹੋ ਜਿਹਾ ਕੋਈ ਹੋਰ ਨਹੀਂ ਦਿੱਸਦਾ, ਜੋ ਨਿਰਗੁਣ ਜੀਵ ਨੂੰ ਕੋਈ ਗੁਣ ਦੇ ਸਕਦਾ ਹੋਵੇ ।
(ਪ੍ਰਭੂ ਦੀ ਮਿਹਰ ਦੀ ਨਜ਼ਰ ਹੀ ਉਸ ਨੂੰ ਉੱਚਾ ਕਰ ਸਕਦੀ ਹੈ, ਲੰਮੀ ਉਮਰ ਤੇ ਜਗਤ ਦੀ ਸ਼ੋਭਾ ਸਹਾਇਤਾ ਨਹੀਂ ਕਰਦੀ)।੭ ।

ਭਾਵ:- ਪ੍ਰਾਣਾਯਾਮ ਦੀ ਸਹਾਇਤਾ ਨਾਲ ਲੰਮੀ ਉਮਰ ਵਧਾਇਆਂ ਜਗਤ ਵਿਚ ਭਾਵੇਂ ਮਨੁੱਖ ਦਾ ਮਾਣ ਆਦਰ ਬਣ ਜਾਏ, ਪਰ ਜੇ ਉਹ ਬੁਲੰਦੀ ਦੇ ਗੁਣ ਤੋਂ ਸੱਖਣਾ ਹੈ, ਤਾਂ ਪ੍ਰਭੂ ਦੀ ਮਿਹਰ ਦਾ ਪਾਤਰ ਨਹੀਂ ਬਣਿਆ ।
ਪ੍ਰਭੂ ਦੀਆਂ ਨਜ਼ਰਾਂ ਵਿਚ ਤਾਂ ਸਗੋਂ ਉਹ ਨਾਮ-ਹੀਣ ਜੀਵ ਇਕ ਨਿੱਕਾ ਜਿਹਾ ਕੀੜਾ ਹੀ ਹੈ ।
ਇਹ ਬੰਦਗੀ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲ ਸਕਦਾ ਹੈ ।੭ ।

ਨੋਟ: ਪਉੜੀ ਨੰ: ੮ ਤੋਂ ੧੧ ਤਕ ਚਾਰੇ ਇਕੋ ਹੀ ਲੜੀ ਵਿਚ ਹਨ, ਇਹਨਾਂ ਦਾ ਸਾਂਝਾ ਭਾਵ ਇਹ ਹੈ ਕਿ ਜਿਨ੍ਹਾਂ ਨੇ ਪ੍ਰਭੂ ਦੀ ਯਾਦ ਵਿਚ ਚਿੱਤ ਜੋੜਿਆ ਹੈ, ਉਹਨਾਂ ਦੇ ਮਨ ਸਦਾ ਖਿੜੇ ਰਹਿੰਦੇ ਹਨ ।
Follow us on Twitter Facebook Tumblr Reddit Instagram Youtube