ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

Sahib Singh
ਸੋਚੈ = ਸੁਚਿ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ ।
ਸੋਚਿ = ਸੁਚਿ, ਪਵਿੱਤਰਤਾ, ਸੁੱਚ ।
ਨ ਹੋਵਈ = ਨਹੀਂ ਹੋ ਸਕਦੀ ।
ਸੋਚੀ = ਮੈਂ ਸੁੱਚ ਰੱਖਾਂ ।
ਚੁਪੈ = ਚੁੱਪ ਕਰ ਰਹਿਣ ਨਾਲ ।
ਚੁਪ = ਸ਼ਾਂਤੀ, ਮਨ ਦੀ ਚੁੱਪ, ਮਨ ਦਾ ਟਿਕਾਉ ।
ਲਾਇ ਰਹਾ = ਮੈਂ ਲਾਈ ਰੱਖਾਂ ।
ਲਿਵ ਤਾਰ = ਲਿਵ ਦੀ ਤਾਰ, ਲਿਵ ਦੀ ਡੋਰ, ਇਕ-ਤਾਰ ਸਮਾਧੀ ।ਨੋਟ:- ਇਸ ਪਉੜੀ ਦੀ ਪੰਜਵੀਂ ਤੁਕ ਪੜਿ੍ਹਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸ ਰਹੇ ਹਨ ।
    ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ ।
    ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪਰਚਲਤ ਤਰੀਕੇ ਸਨ ।
    ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ ।
    ਪਹਿਲੀਆਂ ਚੌਹਾਂ ਤੁਕਾਂ ਦੇ ਠੀਕ ਅਰਥ ਸਮਝਣ ਲਈ ਪੰਜਵੀਂ ਤੁਕ ਵਲ ਖ਼ਾਸ ਧਿਆਨ ਦੇਣਾ ਜ਼ਰੂਰੀ ਹੈ ।
    ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ।’ ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜਿ੍ਹਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ ‘ਮਨ’ ਦਾ ਹੀ ਜ਼ਿਕਰ ਹੈ ।
    ਪਹਿਲੀ ਤੁਕ ਵਿਚ ‘ਮਨ ਦੀ ਸੁੱਚ’, ਦੂਜੀ ਵਿਚ ‘ਮਨ ਦੀ ਚੁੱਪ’, ਤੀਜੀ ਵਿਚ 'ਮਨ ਦੀ ਭੁੱਖ' ਅਤੇ ਚੌਥੀ ਵਿਚ 'ਮਨ ਦੀ ਸਿਆਣਪ' ਦਾ ਹਾਲ ਦੱਸਿਆ ਹੈ ।(ਪ੍ਰ:) ਲਫ਼ਜ਼ 'ਸੋਚਿ' ਦੇ ਅਰਥ 'ਸੁੱਚ' ਕਿਉਂ ਕੀਤੇ ਗਏ ਹਨ ?
    (ਉ:) ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ ਵਿਚ ਕੁਝ ਹੋਰ ਖਿ਼ਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜਿ੍ਹਆਂ ਸਪੱਸ਼ਟ ਹੋ ਜਾਂਦਾ ਹੈ:-
    (੧) ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾਂ ਸਚੁ ਪਾਈਐ ॥ (ਆਸਾ ਦੀ ਵਾਰ
    (੨) ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲ ਨ ਤਨ ਤੇ ਜਾਤਿ ॥ (ਸੁਖਮਨੀ
    (੩) ਨ ਸੁਚਿ ਸੰਜਮੁ ਤੁਲਸੀ ਮਾਲਾ ॥ ਗੋਪੀ ਕਾਨੁ ਨ ਗਊ ਗੋਆਲਾ ॥ ਤੰਤੁ ਮੰਤੁ ਪਾਖੰਡੁ ਨ ਕੋਈ, ਨਾ ਕੋ ਵੰਸੁ ਵਜਾਇਦਾ ॥੭॥ (ਮਾਰੂ ਮਹਲਾ ੧ 'ਸੋਚ' ਦਾ ਅਰਥ ਹੈ 'ਇਸ਼ਨਾਨ', ਅਤੇ 'ਸੁਚਿ' ਦਾ ਅਰਥ ਹੈ 'ਪਵਿੱਤਰਤਾ' ।
    ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ 'ਸੋਚਿ', ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ ।
    ਸ਼ਬਦ 'ਸੁਚਿ' ਇਸਤ੍ਰੀ ਲਿੰਗ ਹੈ ।
    ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ ।
    ਜਿਵੇਂ ਸ਼ਬਦ 'ਮਨ' ਤੋਂ 'ਮਨਿ' ਬਣਿਆ ਹੈ, ਜਿਸ ਦਾ ਅਰਥ ਹੈ 'ਮਨ ਵਿਚ', ਇਸ ਤ੍ਰਹਾਂ 'ਸੋਚ' ਤੋਂ 'ਸੋਚਿ' ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ 'ਮਨੁ' ਪੁਲਿੰਗ ਹੈ ਤੇ 'ਸੋਚ' (ਜਿਸ ਦਾ ਅਰਥ 'ਵਿਚਾਰ' ਹੈ) ਇਸਤ੍ਰੀ ਲਿੰਗ ਹੈ ।
    ਸੋ, ਸ਼ਬਦ 'ਸੋਚਿ' ਅਧਿਕਰਨ ਕਾਰਕ ਦੀ ( ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ 'ਸੁਚਿ' ਹੈ, ਜਿਸ ਦਾ ਅਰਥ ਹੈ ਪਵਿੱਤਰਤਾ ।
ਭੁਖ = ਤ੍ਰਿਸ਼ਨਾ, ਲਾਲਚ ।
ਭੁਖਿਆ = ਤ੍ਰਿਸ਼ਨਾ ਦੇ ਅਧੀਨ ਰਿਹਾਂ ।
ਨ ਉਤਰੀ = ਦੂਰ ਨਹੀਂ ਹੋ ਸਕਦੀ ।
ਬੰਨਾ = ਬੰਨ੍ਹ ਲਵਾਂ, ਸਾਂਭ ਲਵਾਂ ।
ਪੁਰੀ = ਲੋਕ, ਭਵਣ ।
ਪੁਰੀਆ ਭਾਰ = ਸਾਰੇ ਲੋਕਾਂ ਦੇ ਭਾਰ ।
ਭਾਰ = ਪਦਾਰਥਾਂ ਦੇ ਸਮੂਹ ।
ਸਹਸ = ਹਜ਼ਾਰਾਂ ।
ਸਿਆਣਪਾ = ਚਤੁਰਾਈਆਂ ।
ਹੋਹਿ = ਹੋਵਣ ।
ਇਕ = ਇਕ ਭੀ ਚਤੁਰਾਈ ।
ਕਿਵ = ਕਿਸ ਤ੍ਰਹਾਂ ।
ਹੋਈਐ = ਹੋ ਸਕੀਦਾ ਹੈ ।
ਕੂੜੈ ਪਾਲਿ = ਕੂੜ ਦੀ ਪਾਲਿ, ਕੂੜ ਦੀ ਕੰਧ, ਕੂੜ ਦਾ ਪਰਦਾ ।
ਸਚਿਆਰਾ = (ਸਚ ਆਲਯ) ਸੱਚ ਦਾ ਘਰ, ਸੱਚ ਦੇ ਪਰਕਾਸ਼ ਹੋਣ ਲਈ ਯੋਗ ।
ਹੁਕਮਿ = ਹੁਕਮ ਵਿਚ ।
ਰਜਾਈ = ਰਜ਼ਾ ਵਾਲਾ, ਅਕਾਲ ਪੁਰਖ ।
ਨਾਲਿ = ਜੀਵ ਦੇ ਨਾਲ ਹੀ, ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ ।੧ ।
    
Sahib Singh
ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤ੍ਰਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ ।
ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤ੍ਰਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ।
ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ ।
ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ ।
(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ?
ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) ।
ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ।੧ ।

ਭਾਵ:- ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ ।
ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ ।
ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ ।
Follow us on Twitter Facebook Tumblr Reddit Instagram Youtube