ਆਸਾ ॥
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥

ਕਾਹੇ ਕਉ ਕੀਜੈ ਧਿਆਨੁ ਜਪੰਨਾ ॥
ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥

ਸਿੰਘਚ ਭੋਜਨੁ ਜੋ ਨਰੁ ਜਾਨੈ ॥
ਐਸੇ ਹੀ ਠਗਦੇਉ ਬਖਾਨੈ ॥੨॥

ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥
ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥

Sahib Singh
ਕੁੰਚ = ਕੁੰਜ, ਉਪਰਲੀ ਪਤਲੀ ਖਲੜੀ ।
ਬਿਖੁ = ਜ਼ਹਿਰ ।
ਉਦਕ = ਪਾਣੀ ।
ਮਾਹਿ = ਵਿਚ ।
ਬਗੁ = ਬਗਲਾ ।
ਧਿਆਨੁ ਮਾਡੈ = ਧਿਆਨ ਜੋੜਦਾ ਹੈ ।੧ ।
ਜਪੰਨਾ ਕੀਜੈ = ਜਾਪ ਕਰੀਦਾ ਹੈ ।
ਜਬ ਤੇ = ਜਦ ਤਕ ।
ਸੁਧੁ = ਪਵਿੱਤਰ ।ਰਹਾਉ ।
ਸਿੰਘਚ = {ਸਿੰਘ = ਚ} ਸ਼ੇਰ ਦਾ, ਸ਼ੇਰ ਵਾਲਾ, ਨਿਰਦਇਤਾ ਵਾਲਾ ।
ਐਸੇ = ਅਜਿਹੇ (ਬੰਦੇ) ਨੂੰ ।
ਠਗ ਦੇਉ = ਠੱਗਾਂ ਦਾ ਦੇਵ, ਠੱਗਾਂ ਦਾ ਗੁਰੂ, ਵੱਡਾ ਠੱਗ ।
ਬਖਾਨੈ = (ਜਗਤ) ਆਖਦਾ ਹੈ ।੨ ।
ਨਾਮੇ ਕੇ ਸੁਆਮੀ = ਨਾਮਦੇਵ ਦੇ ਮਾਲਕ ਪ੍ਰਭੂ ਨੇ; ਹੇ ਨਾਮਦੇਵ !
    ਤੇਰੇ ਪਰਮਾਤਮਾ ਨੇ ।
ਲਾਹਿਲੇ = ਲਾਹ ਦਿੱਤਾ ਹੈ, ਮੁਕਾ ਦਿੱਤਾ ਹੈ ।
ਰੇ = ਹੇ ਭਾਈ !
ਦਗਰਾ = ਪੱਥਰ {ਮਰਾਠੀ} ।
ਰੇ ਦਗਰਾ = ਹੇ ਪੱਥਰ = ਚਿੱਤ !
    ।੩ ।
    
Sahib Singh
ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ; ਪਾਣੀ ਵਿਚ (ਖਲੋ ਕੇ) ਜਿਵੇਂ ਬਗਲਾ ਸਮਾਧੀ ਲਾਂਦਾ ਹੈ (ਇਸ ਤ੍ਰਹਾਂ ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰੋਂ ਭੇਖ ਬਣਾਉਣ ਨਾਲ ਜਾਂ ਅੱਖਾਂ ਮੀਟਣ ਨਾਲਕੋਈ ਆਤਮਕ ਲਾਭ ਨਹੀਂ ਹੈ) ।੧ ।
ਹੇ ਭਾਈ! ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ, ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ ?
।ਰਹਾਉ ।
ਜੋ ਮਨੁੱਖ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ, (ਤੇ ਬਾਹਰੋਂ ਅੱਖਾਂ ਮੀਟਦਾ ਹੈ, ਜਿਵੇਂ ਸਮਾਧੀ ਲਾਈ ਬੈਠਾ ਹੈ) ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ।੨ ।
ਹੇ ਨਾਮਦੇਵ! ਤੇਰੇ ਮਾਲਕ ਪ੍ਰਭੂ ਨੇ (ਤੇਰੇ ਅੰਦਰੋਂ ਇਹ ਪਖੰਡ ਵਾਲਾ) ਝਗੜਾ ਮੁਕਾ ਦਿੱਤਾ ਹੈ ।
ਹੇ ਕਠੋਰ-ਚਿੱਤ ਮਨੁੱਖ! ਪਰਮਾਤਮਾ ਦਾ ਨਾਮ-ਅੰਮਿ੍ਰਤ ਪੀ (ਅਤੇ ਪਖੰਡ ਛੱਡ) ।੩।੪ ।
ਸ਼ਬਦ ਦਾ
ਭਾਵ:- ਉਸੇ ਮਨੁੱਖ ਦੀ ਬੰਦਗੀ ਥਾਂਇ ਪੈ ਸਕਦੀ ਹੈ, ਜੋ ਰੋਜ਼ੀ ਕਮਾਣ ਵਿਚ ਭੀ ਕੋਈ ਵਲ-ਛਲ ਨਹੀਂ ਕਰਦਾ ਅਤੇ ਕਿਸੇ ਦਾ ਹੱਕ ਨਹੀਂ ਮਾਰਦਾ ।

ਨੋਟ: ਇੱਥੇ ਧਾਰਮਿਕ ਪਖੰਡ (ਵਿਖਾਵੇ) ਦੀ ਨਿਖੇਧੀ ਕੀਤੀ ਗਈ ਹੈ ।
ਵੇਖੋ ਬੇਣੀ ਜੀ—‘ਤਨਿ ਚੰਦਨੁ ਮਸਤਕਿ ਪਾਤੀ’ ।
Follow us on Twitter Facebook Tumblr Reddit Instagram Youtube