ਆਸਾ ॥
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥
ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥

ਕਹਾ ਕਰਉ ਜਾਤੀ ਕਹ ਕਰਉ ਪਾਤੀ ॥
ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥

ਰਾਂਗਨਿ ਰਾਂਗਉ ਸੀਵਨਿ ਸੀਵਉ ॥
ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥

ਭਗਤਿ ਕਰਉ ਹਰਿ ਕੇ ਗੁਨ ਗਾਵਉ ॥
ਆਠ ਪਹਰ ਅਪਨਾ ਖਸਮੁ ਧਿਆਵਉ ॥੩॥

ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥
ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥

Sahib Singh
ਗਜੁ = (ਕੱਪੜਾ ਮਿਣਨ ਵਾਲਾ) ਗਜ਼ ।
ਕਾਤੀ = ਕੈਂਚੀ ।
ਮਪਿ ਮਪਿ = ਮਿਣ ਮਿਣ ਕੇ, ਮਾਪ ਮਾਪ ਕੇ, ਕੱਛ ਕੱਛ ਕੇ ।
ਕਾਟਉ = ਮੈਂ ਕੱਟ ਰਿਹਾ ਹਾਂ ।
ਫਾਸੀ = ਫਾਹੀ ।੧ ।
ਕਹਾ ਕਰਉ = ਮੈਂ ਕੀਹ (ਪਰਵਾਹ) ਕਰਦਾ ਹਾਂ ?
    ਮੈਨੂੰ ਪਰਵਾਹ ਨਹੀਂ ।
ਪਾਤੀ = ਗੋਤ ।
ਜਾਤੀ = (ਆਪਣੀ ਨੀਵੀਂ) ਜ਼ਾਤ ।੧।ਰਹਾਉ ।
ਰਾਂਗਨਿ = ਉਹ ਭਾਂਡਾ ਜਿਸ ਵਿਚ ਨੀਲਾਰੀ ਕੱਪੜੇ ਰੰਗਦਾ ਹੈ, ਮੱਟੀ ।
ਰਾਂਗਉ = ਮੈਂ ਰੰਗਦਾ ਹਾਂ ।
ਸੀਵਨਿ = ਸੀਊਣ, ਨਾਮ ਦੀ ਸੀਊਣ ।
ਸੀਵਉ = ਮੈਂ ਸੀਊਂਦਾ ਹਾਂ ।
ਘਰੀਅ = ਇਕ ਘੜੀ ਭੀ ।
ਨ ਜੀਵਉ = ਮੈਂ ਜੀਊ ਨਹੀਂ ਸਕਦਾ ।੨ ।
ਕਰਉ = ਮੈਂ ਕਰਦਾ ਹਾਂ ।
ਗਾਵਉ = ਮੈਂ ਗਾਉਂਦਾ ਹਾਂ ।
ਧਿਆਵਉ = ਮੈਂ ਧਿਆਉਂਦਾ ਹਾਂ ।੩ ।
ਸੁਇਨੇ ਕੀ ਸੂਈ = ਗੁਰੂ ਦਾ ਸ਼ਬਦ-ਰੂਪ ਕੀਮਤੀ ਸੂਈ ।
ਰੁਪਾ = ਚਾਂਦੀ ।
ਰੁਪੇ ਕਾ ਧਾਗਾ = (ਗੁਰ = ਸ਼ਬਦ ਦੀ ਬਰਕਤਿ ਨਾਲ) ਸ਼ੁੱਧ ਨਿਰਮਲ ਹੋਈ ਬਿ੍ਰਤੀ-ਰੂਪ ਧਾਗਾ ।੪।ਨੋਟ:- ਭਗਤ ਰਵਿਦਾਸ ਨੂੰ ਉੱਚੀ ਜ਼ਾਤ ਵਾਲਿਆਂ ਬੋਲੀ ਮਾਰੀ ਕਿ ਤੂੰ ਹੈਂ ਤਾਂ ਚਮਿਆਰ ਹੀ, ਤਾਂ ਭਗਤ ਜੀ ਨੇ ਦੱਸਿਆ ਕਿ ਦੇਹ-ਅੱਧਿਆਸ ਕਰ ਕੇ ਸਾਰੇ ਜੀਵ ਚਮਿਆਰ ਬਣੇ ਪਏ ਹਨ—ਵੇਖੋ, ‘ਚਮਰਟਾ ਗਾਠਿ ਨ ਜਨਈ’ ।
    ਭਗਤ ਕਬੀਰ ਨੂੰ ਜੁਲਾਹ ਹੋਣ ਦਾ ਮੇਹਣਾ ਦਿੱਤਾ ਤਾਂ ਕਬੀਰ ਜੀ ਨੇ ਕਿਹਾ ਕਿ ਪਰਮਾਤਮਾ ਭੀ ਜੁਲਾਹ ਹੀ ਹੈ, ਇਹ ਕੋਈ ਮੇਹਣੇ ਦੀ ਗੱਲ ਨਹੀਂ—ਵੇਖੋ, ‘ਕੋਰੀ ਕੋ ਕਾਹੂ ਮਰਮੁ ਨ ਜਾਨਾ’ ।ਇਸ ਸ਼ਬਦ ਵਿਚ ਨਾਮਦੇਵ ਜੀ ਉੱਚੀ ਜ਼ਾਤ ਦਾ ਮਾਣ ਕਰਨ ਵਾਲਿਆਂ ਨੂੰ ਕਹਿ ਰਹੇ ਹਨ ਕਿ ਤੁਹਾਡੇ ਭਾਣੇ ਮੈਂ ਨੀਵੀਂ ਜ਼ਾਤ ਦਾ ਛੀਂਬਾ ਹਾਂ, ਪਰ ਮੈਨੂੰ ਹੁਣ ਇਹ ਡਰ-ਖ਼ਤਰਾ ਜਾਂ ਨਮੋਸ਼ੀ ਨਹੀਂ ਰਹੀ ।
    
Sahib Singh
ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ, ਕਿਉਂਕਿ ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।ਰਹਾਉ ।
ਮੇਰਾ ਮਨ ਗਜ਼ (ਬਣ ਗਿਆ ਹੈ), ਮੇਰੀ ਜੀਭ ਕੈਂਚੀ (ਬਣ ਗਈ ਹੈ), (ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਤੇ ਜੀਭ ਨਾਲ ਜਪ ਕੇ) ਮੈਂ (ਆਪਣੇ ਮਨ-ਰੂਪ ਗਜ਼ ਨਾਲ) ਕੱਛ ਕੱਛ ਕੇ (ਜੀਭ-ਕੈਂਚੀ ਨਾਲ) ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ।੧ ।
(ਇਸ ਸਰੀਰ) ਮੱਟੀ ਵਿਚ ਮੈਂ (ਆਪਣੇ ਆਪ ਨੂੰ ਨਾਮ ਨਾਲ) ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ, ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ।੨ ।
ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ, ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ।੩ ।
ਮੈਨੂੰ (ਗੁਰੂ ਦਾ ਸ਼ਬਦ) ਸੋਨੇ ਦੀ ਸੂਈ ਮਿਲ ਗਈ ਹੈ, (ਉਸ ਦੀ ਬਰਕਤ ਨਾਲ ਮੇਰੀ ਸੁਰਤ ਸ਼ੁੱਧ ਨਿਰਮਲ ਹੋ ਗਈ ਹੈ, ਇਹ, ਮਾਨੋ, ਮੇਰੇ ਪਾਸ) ਚਾਂਦੀ ਦਾ ਧਾਗਾ ਹੈ; (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ ਸੀਤਾ ਗਿਆ ਹੈ ।੪।੩ ।

ਭਾਵ:- ਸਿਮਰਨ ਦੀ ਵਡਿਆਈ—ਨੀਵੀਂ ਜ਼ਾਤ ਵਾਲਾ ਭੀ ਜੇ ਨਾਮ ਜਪੇ, ਤਾਂ ਉਸ ਨੂੰ ਦੁਨੀਆ ਦੇ ਡਰ ਤਾਂ ਕਿਤੇ ਰਹੇ, ਮੌਤ ਦਾ ਡਰ ਭੀ ਨਹੀਂ ਰਹਿੰਦਾ ।
ਉਸ ਦੀ ਚਿੱਤ-ਬਿ੍ਰਤੀ ਨਿਰਮਲ ਹੋ ਜਾਂਦੀ ਹੈ, ਤੇ ਉਹ ਸਦਾ ਪ੍ਰਭੂ ਦੀ ਯਾਦ ਵਿਚ ਮਸਤ ਰਹਿੰਦਾ ਹੈ ।
Follow us on Twitter Facebook Tumblr Reddit Instagram Youtube