ਆਸਾ ॥
ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥
ਸਭੁ ਜਗੁ ਆਨਿ ਤਨਾਇਓ ਤਾਨਾਂ ॥੧॥ ਰਹਾਉ ॥

ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥
ਤਬ ਹਮ ਇਤਨਕੁ ਪਸਰਿਓ ਤਾਨਾਂ ॥੧॥

ਧਰਨਿ ਅਕਾਸ ਕੀ ਕਰਗਹ ਬਨਾਈ ॥
ਚੰਦੁ ਸੂਰਜੁ ਦੁਇ ਸਾਥ ਚਲਾਈ ॥੨॥

ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥
ਜੋਲਾਹੇ ਘਰੁ ਅਪਨਾ ਚੀਨ੍ਹਾਂ ਘਟ ਹੀ ਰਾਮੁ ਪਛਾਨਾਂ ॥੩॥

ਕਹਤੁ ਕਬੀਰੁ ਕਾਰਗਹ ਤੋਰੀ ॥
ਸੂਤੈ ਸੂਤ ਮਿਲਾਏ ਕੋਰੀ ॥੪॥੩॥੩੬॥

Sahib Singh
ਨੋਟ: = ਕਬੀਰ ਜੀ ਬਨਾਰਸ ਦੇ ਰਹਿਣ ਵਾਲੇ ਸਨ, ਜਾਤ ਦੇ ਜੁਲਾਹ ।
    ਬ੍ਰਾਹਮਣ ਦੀ ਨਜ਼ਰ ਵਿਚ ਉਹ ਇਕ ਸ਼ੂਦਰ ਸਨ, ਜਿਸ ਨੂੰ ਸ਼ਾਸਤ੍ਰ ਭਜਨ ਕਰਨ ਦੀ ਆਗਿਆ ਨਹੀਂ ਦੇਂਦੇ ।
    ਫਿਰ, ਉਹ ਲੋਕ ਤਾਂ ਡੁੱਬੇ ਪਏ ਮੂਰਤੀ ਪੂਜਾ-ਵਿਚ, ਤੇ ਕਬੀਰ ਜੀ ਹਰਿ-ਸਿਮਰਨ ਦੀ ਮੌਜ ਵਿਚ ਮਗਨ ।
    ਉਹਨਾਂ ਨੂੰ ਇਹ ਗੱਲ ਕਿਵੇਂ ਭਾਵੇ ?
    ਉਹਨਾਂ ਲਈ ਇਹ ਕੁਦਰਤੀ ਸੀ ਕਿ ਕਬੀਰ ਜੀ ਨੂੰ ‘ਜੁਲਾਹ, ਜੁਲਾਹ’ ਆਖ ਆਖ ਕੇ ਆਪਣੇ ਦਿਲ ਦਾ ਸਾੜ ਕੱਢਣ ।
    ਕਬੀਰ ਜੀ ਇਹਨਾਂ ਦੀ ਇਸ ਨਫ਼ਰਤ ਨੂੰ ਮਖ਼ੋਲ ਕਰਦੇ ਹਨ ਕਿ ਇਕੱਲਾ ਮੈਂ ਹੀ ਜੁਲਾਹ ਨਹੀਂ, ਪਰਮਾਤਮਾ ਭੀ ਜੁਲਾਹ ਹੀ ਹੈ ।
    ਵੇਖੋ ਰਵਿਦਾਸ ਜੀ ਦਾ ਸ਼ਬਦ ਸੋਰਠਿ ਰਾਗ ਵਿਚ—“ਚਮਰਟਾ ਗਾਠਿ ਨ ਜਨਈ” ।
ਕੋਰੀ = ਜੁਲਾਹ ।
ਕੋ = ਦਾ ।
ਮਰਮੁ = ਭੇਤ ।
ਕਾਹੂ = ਕਿਸੇ ਨੇ ।
ਆਨਿ = ਲਿਆ ਕੇ, ਪੈਦਾ ਕਰ ਕੇ ।੧।ਰਹਾਉ ।
ਜਬ = ਜਿਤਨਾ ਚਿਰ ।
ਸੁਨਿ ਲੇ = ਸੁਣ ਲਏ ।
ਤਬ = ਉਨਾ ਚਿਰ ।
ਪਸਰਿਓ = ਤਣ ਲਿਆ ।੧ ।
ਧਰਨਿ = ਧਰਤੀ ।
ਕਰਗਹ = ਕੰਘੀ, ਕੱਪੜਾ ਉਣਨ ਵੇਲੇ ਜੋ ਅਗਾਂਹ ਪਿਛਾਂਹ ਕਰਦੀ ਹੈ, ਇਸ ਨੂੰ ਜੁਲਾਹ ਵਾਰੀ ਵਾਰੀ ਹਰੇਕ ਹੱਥ ਵਿਚ ਰੱਖਦਾ ਹੈ ।
ਸਾਥ = ਜੁਲਾਹੇ ਦੀਆਂ ਨਾਲਾਂ ।੨ ।
ਪਾਈ ਜੋਰਿ = ਪਊਇਆਂ ਦੀ ਜੋੜੀ ਜਿਨ੍ਹਾਂ ਉੱਤੇ ਦੋਵੇਂ ਪੈਰ ਰੱਖ ਕੇ ਜੁਲਾਹ ਵਾਰੋ-ਵਾਰੀ ਹਰੇਕ ਪੈਰ ਨੂੰ ਦੱਬ ਕੇ ਕੱਪੜਾ ਉਣਦਾ ਹੈ ।
ਬਾਤ ਇਕ = ਇਹ ਜਗਤ = ਖੇਡ ।
ਤਹ = ਉਸ ਜੁਲਾਹੇ ਵਿਚ ।
ਤਾਂਤੀ = ਜੁਲਾਹ ।
ਤਾਂਤੀ ਮਨੁ = (ਮੈਂ) ਜੁਲਾਹੇ ਦਾ ਮਨ ।
ਘਰੁ = ਸਰੂਪ ।
ਚੀਨ@ਾ = ਪਛਾਣ ਲਿਆ ਹੈ ।
ਘਟ ਹੀ = ਘਟਿ ਹੀ, ਹਿਰਦੇ ਵਿਚ ਹੀ ।੩ ।
ਕਾਰਗਹ = (ਜਗਤ = ਰੂਪ) ਕੰਘੀ ।
ਤੋਰੀ = ਤੋੜ ਦਿੱਤੀ, ਤੋੜ ਦੇਂਦਾ ਹੈ ।
ਸੂਤੈ = ਸੂਤਰ ਵਿਚ ।੪ ।
    
Sahib Singh
(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ, ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤ੍ਰਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ।੧ ।
(ਤੁਸੀ ਸਾਰੇ ਮੈਨੂੰ ‘ਜੁਲਾਹ ਜੁਲਾਹ’ ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ, ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ।੧।ਰਹਾਉ ।
(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ, ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ।੨ ।
ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ ।
ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ।੩ ।
ਕਬੀਰ ਆਖਦਾ ਹੈ—ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ ਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ।੪।੩।੩੬ ।
Follow us on Twitter Facebook Tumblr Reddit Instagram Youtube