ਆਸਾ ॥
ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ ॥
ਅੰਤ ਕੀ ਬਾਰ ਲਹੈਗੀ ਨ ਆਢੈ ॥੧॥ ਰਹਾਉ ॥

ਘੂੰਘਟੁ ਕਾਢਿ ਗਈ ਤੇਰੀ ਆਗੈ ॥
ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥੧॥

ਘੂੰਘਟ ਕਾਢੇ ਕੀ ਇਹੈ ਬਡਾਈ ॥
ਦਿਨ ਦਸ ਪਾਂਚ ਬਹੂ ਭਲੇ ਆਈ ॥੨॥

ਘੂੰਘਟੁ ਤੇਰੋ ਤਉ ਪਰਿ ਸਾਚੈ ॥
ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥੩॥

ਕਹਤ ਕਬੀਰ ਬਹੂ ਤਬ ਜੀਤੈ ॥
ਹਰਿ ਗੁਨ ਗਾਵਤ ਜਨਮੁ ਬਿਤੀਤੈ ॥੪॥੧॥੩੪॥

Sahib Singh
ਨੋਟ: = ਜਿਵੇਂ ਪਿਛਲੇ ਸ਼ਬਦ ਵਿਚ ਸਾਡੇ ਕਈ ਵਿਦਵਾਨ ਕਬੀਰ ਜੀ ਦੀ ਮਾਂ ਨੂੰ ਆਪਣੀ ਨੂੰਹ ਵਾਸਤੇ ਕਲਪਦੀ ਦੱਸ ਰਹੇ ਹਨ, ਤਿਵੇਂ ਇੱਥੇ ਕਬੀਰ ਜੀ ਆਪ ਆਪਣੀ ਨੂੰਹ ਦੇ ਘੁੰਡ ਕੱਢਣ ਤੇ ਨਾਰਾਜ਼ ਹੁੰਦੇ ਦੱਸੇ ਜਾ ਰਹੇ ਹਨ ।
    ਅਸੀ ਲਫ਼ਜ਼ ‘ਬਹੁਰੀਆ’ ਦਾ ਅਰਥ ਕਰਨ ਲਈ ਕਬੀਰ ਜੀ ਦੇ ਆਪਣੇ ਹੀ ਸ਼ਬਦ ਨੰ: ੩੧ ਦਾ ਆਸਰਾ ਲਵਾਂਗੇ ।
ਰਹੁ = ਬੱਸ ਕਰ, ਠਹਿਰ ।
ਰੀ ਬਹੁਰੀਆ = ਹੇ ਮੇਰੀ ਜਿੰਦ-ਰੂਪ ਵਹੁਟੀ !
ਜਿਨਿ = ਮਤਾਂ, ਨਾਹ ।
ਜਿਨਿ ਕਾਢੈ = ਮਤਾਂ ਕੱਢੇ, ਨਾਹ ਕੱਢ ।
ਘੂੰਘਟੁ = ਘੁੰਡ, ਖਸਮ ਕੋਲੋਂ ਘੁੰਡ, ਖਸਮ-ਪ੍ਰਭੂ ਵਲੋਂ ਪਰਦਾ ।
ਅੰਤ ਕੀ ਬਾਰ = ਅੰਤ ਵੇਲੇ, ਇਹ ਜੀਵਨ ਖ਼ਤਮ ਹੋਇਆਂ ।
ਲਹੈਗੀ ਨ ਆਢੈ = ਅੱਧੀ ਦਮੜੀ ਭੀ ਤੈਨੂੰ ਨਹੀਂ ਮਿਲਣੀ, ਤੇਰਾ ਮੁੱਲ ਅੱਧੀ ਦਮੜੀ ਭੀ ਨਹੀਂ ਪੈਣਾ, ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ ।੧।ਰਹਾਉ।ਉਨ ਕੀ—ਉਹਨਾਂ ਦੀ {ਨੋਟ:- ਲਫ਼ਜ਼ ‘ਉਨ’ ਦੱਸਦਾ ਹੈ ਕਿ ਇਸ ਤੋਂ ਪਹਿਲੀ ਤੁਕ ਵਿਚ ਕਿਸੇ ਇੱਕ ਦਾ ਜ਼ਿਕਰ ਨਹੀਂ ਹੈ, ਬਹੁਤੀਆਂ ਦਾ ਜ਼ਿਕਰ ਹੈ ।
    ਇਸ ਤੁਕ ਵਿਚੋਂ ਕਬੀਰ ਜੀ ਦੇ ਪੁੱਤਰ ਦੀ ਕਿਸੇ ਦੂਜੀ ਵਹੁਟੀ ਦਾ ਖਿ਼ਆਲ ਬਣਾਉਣਾ ਉੱਕਾ ਹੀ ਗ਼ਲਤ ਹੈ} ।
ਗੈਲਿ = ਵਾਦੀ, ਆਦਤ ।
ਤੋਹਿ = ਤੈਨੂੰ ।
ਜਿਨਿ ਲਾਗੈ = ਮਤਾਂ ਲੱਗ ਜਾਏ, ਕਿਤੇ ਪੈ ਨਾਹ ਜਾਏ ।
ਆਗੈ = ਤੈਥੋਂ ਪਹਿਲਾਂ ।
ਤੇਰੀ = ਤੇਰੀ ਮੱਤ ਵਾਲੀਆਂ ਕਈ ਜਿੰਦਾਂ ।
ਘੂੰਘਟ ਕਾਢਿ = ਖਸਮ = ਪ੍ਰਭੂ ਵਲੋਂ ਘੁੰਡ ਕੱਢ ਕੇ, ਖਸਮ-ਪ੍ਰਭੂ ਨੂੰ ਵਿਸਾਰ ਵਿਸਾਰ ਕੇ ।੧ ।
ਬਡਾਈ = ਵਡਿਆਈ, ਮਾਣ, ਫ਼ਖ਼ਰ, ਇੱਜ਼ਤ, ਲੋਕਾਂ ਵਿਚ ਇੱਜ਼ਤ ।
ਦਿਨ ਦਸ ਪਾਂਚ = ਪੰਜ ਦਸ ਦਿਨਾਂ ਲਈ ਹੀ ।
ਬਹੂ = ਇਹ ਜਿੰਦ = ਵਹੁਟੀ, ਇਹ ਜੀਵ-ਇਸਤ੍ਰੀ, ਇਹ ਜੀਵ ।੨ ।
ਤਉ ਪਰਿ = ਤਦੋਂ ਹੀ ।
ਕੂਦਹਿ ਨਾਚੈ = (ਹੇ ਜਿੰਦੇ)—ਜੇ ਤੂੰ ਕੁੱਦੇਂ ਤੇ ਨੱਚੇਂ, ਜੇ ਤੇਰੇ ਅੰਦਰ ਉਤਸ਼ਾਹ ਪੈਦਾ ਹੋਵੇ, ਜੇ ਤੇਰੇ ਅੰਦਰ ਖਿੜਾਉ ਪੈਦਾ ਹੋਵੇ ।੩ ।
ਬਹੂ = ਜਿੰਦ ਵਹੁਟੀ ।੪ ।
    
Sahib Singh
ਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ) ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ।੧।ਰਹਾਉ ।
ਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ, (ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਨਾਹ ਪੈ ਜਾਏ ।੧ ।
(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ) ਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ।੨ ।
(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ), ਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ।੩ ।
ਕਬੀਰ ਆਖਦਾ ਹੈ—ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ ਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ।੪।੧।੩੪ ।
Follow us on Twitter Facebook Tumblr Reddit Instagram Youtube