ਆਸਾ ॥
ਮੇਰੀ ਬਹੁਰੀਆ ਕੋ ਧਨੀਆ ਨਾਉ ॥
ਲੇ ਰਾਖਿਓ ਰਾਮ ਜਨੀਆ ਨਾਉ ॥੧॥

ਇਨ੍ਹ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥
ਬਿਟਵਹਿ ਰਾਮ ਰਮਊਆ ਲਾਵਾ ॥੧॥ ਰਹਾਉ ॥

ਕਹਤੁ ਕਬੀਰ ਸੁਨਹੁ ਮੇਰੀ ਮਾਈ ॥
ਇਨ੍ਹ ਮੁੰਡੀਅਨ ਮੇਰੀ ਜਾਤਿ ਗਵਾਈ ॥੨॥੩॥੩੩॥

Sahib Singh
ਨੋਟ: = ਇਸ ਸ਼ਬਦ ਦੇ ਅਰਥ ਕਰਨ ਦੇ ਸੰਬੰਧ ਵਿਚ ਕਈ ਵਿਦਵਾਨ ਸੱਜਣ ਇਉਂ ਲਿਖਦੇ ਹਨ:
    (੧) ਇਸ ਸ਼ਬਦ ਦੀਆਂ ਪਹਿਲੀਆਂ ਚਾਰ ਤੁਕਾਂ ਕਬੀਰ ਜੀ ਦੀ ਮਾਂ ਵੱਲੋਂ ਹਨ ਪਿਛਲੀਆਂ ਦੋ ਕਬੀਰ ਜੀ ਵਲੋਂ ਉੱਤਰ ਹੈ ।
    ਪੂਰਬ ਵਿਚ ਠਾਕਰਾਂ ਨਾਲ ਵਿਆਹੀਆਂ ਹੋਈਆਂ ਮੰਦਰਾਂ ਵਿਚ ਰਹਿੰਦੀਆਂ ਇਸਤ੍ਰੀਆਂ ਨੂੰ ਰਾਮ-ਜਨੀਆਂ ਕਹਿੰਦੇ ਹਨ; ਇਹ ਇਸਤ੍ਰੀਆਂ ਵੇਸਵਾ ਦਾ ਹੀ ਕੰਮ ਕਰਦੀਆਂ ਹਨ ।
    ਸਾਧੂ ਤਾਂ ਕਬੀਰ ਜੀ ਦੀ ਵਹੁਟੀਨੂੰ ‘ਰਾਮ-ਜਨੀਆ’ ਅਰਥਾਤ ਭਗਤਣੀ ਕਹਿ ਕੇ ਬੁਲਾਂਦੇ ਸਨ, ਪਰ ਕਬੀਰ ਜੀ ਦੀ ਮਾਂ ‘ਰਾਮ ਜਨੀਆ’ ਦਾ ਦੂਜਾ ਅਰਥ ਸਮਝ ਕੇ ਦੁੱਖੀ ਹੁੰਦੀ ਸੀ ।
    (੨) ਜੋ ਤਬਦੀਲੀ ਘਰ ਵਿਚ ਆ ਗਈ, ਉਹ ਕਬੀਰ ਜੀ ਦੀ ਮਾਤਾ ਨੂੰ ਪਸੰਦ ਨਹੀਂ ।
    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਰਦਾ ਰੂਹਾਂ ਨੂੰ ਮੁੜ ਜਿਵਾਉਣ ਲਈ ਸਮਰੱਥ ਹੈ ।
    ਜੀਊਂਦੇ ਲੋਕ ਹੀ ਹੋਰਨਾਂ ਨੂੰ ਜਿਵਾਲ ਸਕਦੇ ਹਨ ਤੇ “ਜੀਵਤੇ ਕਉ ਜੀਵਤਾ ਮਿਲੈ” ਦੇ ਹੁਕਮ-ਅਨੁਸਾਰ ਜੀਊਂਦਿਆਂ ਦੀ ਬਾਣੀ ਵਿਚ ਜੀਊਂਦਿਆਂ ਦੀ ਹੀ ਬਾਣੀ ਰਲ ਸਕਦੀ ਹੈ ।
    ਕਬੀਰ ਜੀ ਦੀ ਮਾਂ ਦੀ ਉਚਾਰੀ ਹੋਈ ਕਿਸੇ ਕਵਿਤਾ ਨੂੰ ਇਹਨਾਂ ਹੰਸ-ਉਡਾਰੀਆਂ ਵਿਚ ਕਿਤੇ ਥਾਂ ਨਹੀਂ ਸੀ ਮਿਲ ਸਕਦੀ ।
    ਭਲਾ ਕੱਚੀਆਂ ਗੱਲਾਂ ਦਾ ਇੱਥੇ ਕੀਹ ਕੰਮ ?
    ਸੋ, ਇਸ ਸ਼ਬਦ ਵਿਚ ਕਬੀਰ ਜੀ ਤੋਂ ਬਿਨਾ ਕਿਸੇ ਹੋਰ ਦੇ ਬੋਲ ਨਹੀਂ ਹੋ ਸਕਦੇ ।
    ਇੱਕ ਗੱਲ ਹੋਰ ਭੀ ਸੋਚਣ ਵਾਲੀ ਹੈ ।
    ਕਬੀਰ ਜੀ ਦੀ ਵਹੁਟੀ ਦਾ ਨਾਮ ‘ਲੋਈ’ ਸੀ ।
    ਪਰ ਇਹ ‘ਧਨੀਆ’ ਕੌਣ ਆ ਗਈ ?
    ਕੀ ਕਬੀਰ ਜੀ ਦੀਆਂ ਦੋ ਵਹੁਟੀਆਂ ਸਨ ?
    ਜਦੋਂ ਇਸ ਧੁਰੋਂ ਆਈ ਬਾਣੀ ਨੂੰ ਸਾਖੀਆਂ ਦੇ ਆਸਰੇ ਸਮਝਣ ਤੇ ਆ ਟਿਕੀਏ, ਤਾਂ ਫਿਰ ਕਈ ਕਹਾਣੀਆਂ ਬਣਨ ਲੱਗ ਪੈਂਦੀਆਂ ਹਨ ।
    ਸੰਨ ੧੯੨੪ ਦਾ ਜ਼ਿਕਰ ਹੈ ।
    ਮੈਂ ਤਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੀਤ ਸਕਤ੍ਰ ਸਾਂ ।
    ਅੰਮਿ੍ਰਤਸਰ ਸ਼ਹਿਰ ਵਿਚ ਵੱਸਦੇ ਇਕ ਪੁਰਾਣੇ ਗੁਰਸਿੱਖ ਪ੍ਰਚਾਰਕ ਨਾਲ ਮੇਰੀ ਸਾਂਝ ਬਣ ਗਈ ।
    ਉਹ ਚੰਗੇ ਵਿਦਵਾਨ ਸੱਜਣ ਸਨ ।
    ਇਕ ਦਿਨ ਮੈਨੂੰ ਉਹ ਕਹਿਣ ਲਗੇ ਕਿ ਕਬੀਰ ਜੀ ਨੇ ਦੋ ਵਿਆਹ ਕੀਤੇ ਸਨ, ਪਹਿਲੀ ਬਦਸ਼ਕਲ ਤੇ ਕੁਲੱਛਣੀ ਸੀ, ਉਸ ਨੂੰ ਉਹਨਾਂ ਤਲਾਕ ਦੇ ਦਿੱਤਾ ਸੀ ।
    ਮੈਂ ਇਸ ਵਿਦਵਾਨ ਸੱਜਣ ਜੀ ਦੇ ਮੂੰਹ ਵਲ ਤੱਕਣ ਲਗ ਪਿਆ; ਉਹਨਾਂ ਝੱਟ ਇਹ ਸ਼ਬਦ ਸੁਣਾਇਆ: ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥...... ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੩੨॥ ਇਸ ਸ਼ਬਦ ਨੰ: ੩੩ ਵਿਚ ਵਰਤੇ ਹੋਏ ਲਫ਼ਜ਼ ‘ਮਾਈ, ਬਿਟਵਹਿ, ਬਹੁਰੀਆ’ ਨੂੰ ਪੜ੍ਹ ਕੇ ਖਿਆਲ ਬਣ ਗਿਆ ਹੈ ਕਿ ਕਬੀਰ ਦੀ ਮਾਂ ਲਫ਼ਜ਼ ‘ਰਾਮ ਜਨੀਆ’ ਤੋਂ ਗੁੱਸੇ ਹੋ ਰਹੀ ਹੈ ।
    ਪਰ ਲਫ਼ਜ਼ ‘ਮਾਈ’ ਤਾਂ ਗੁਰੂ ਗ੍ਰੰਥ ਸਾਹਿਬ ਦੇ ਕਈ ਸ਼ਬਦਾਂ ਵਿਚ ਆਇਆ ਹੈ ਅਤੇ ਪਿਆਰ ਤੇ ਬਿਰਹੋਂ ਦੇ ਵਲਵਲੇ ਦੀ ਟੋਹ ਦੱਸਦਾ ਹੈ ।
    ਹੁਣੇ ਹੀ ਸ਼ਬਦ ਨੰ: ੩੧ ਵਿਚ ਅਸੀ ਕਬੀਰ ਜੀ ਦਾ ਆਪਣੇ ਵਾਸਤੇ ਵਰਤਿਆ ਹੋਇਆ ਲਫ਼ਜ਼ ‘ਬਹੁਰੀਆ’ ਪੜ੍ਹ ਆਏ ਹਾਂ ।
    ‘ਹਰਿ ਮੇਰੋ ਪਿਰੁ, ਹਉ ਹਰਿ ਕੀ ਬਹੁਰੀਆ ।’ ਕਬੀਰ ਜੀ ਦੀ ਇਸ ਆਪਣੇ ਮੂੰਹੋਂ ਉਚਾਰੀ ਹੋਈ ਗਵਾਹੀ ਦੇ ਹੁੰਦਿਆਂ ਕਿਸੇ ਹੋਰ ਕਹਾਣੀ ਦੀ ਲੋੜ ਨਹੀਂ ਪੈਂਦੀ; ਕਬੀਰ ਜੀ ਦੀ ਮਾਂ ਦੇ ਇਹ ਬੋਲ ਉਚਾਰੇ ਫ਼ਰਜ਼ ਕਰ ਕੇ ਲਫ਼ਜ਼ ‘ਬਹੁਰੀਆ’ ਦਾ ਅਰਥ ‘ਨੂੰਹ’ ਕਰਨ ਦੀ ਭੀ ਜ਼ਰੂਰਤ ਨਹੀਂ, ਕਿਉਂਕਿ ਉਸ ਦਾ ਨਾਮ ‘ਲੋਈ’ ਸੀ, ਧਨੀਆ ਨਹੀਂ ।
ਬਹੁਰੀਆ = ਅੰਞਾਣ ਵਹੁਟੀ, ਮੇਰੀ ਅੰਞਾਣ ਜਿੰਦ-ਰੂਪ ਵਹੁਟੀ ।
ਕੋ = ਦਾ ।
ਧਨੀਆ = ਧਨ ਵਾਲੀ, ਧਨ ਨਾਲ ਪਿਆਰ ਕਰਨ ਵਾਲੀ, ਮਾਇਆ ਨਾਲ ਮੋਹ ਕਰਨ ਵਾਲੀ ।
ਲੇ = ਲੈ ਕੇ, ਆਪਣੇ ਅਸਰ ਹੇਠ ਲਿਆ ਕੇ ।
ਰਾਮ ਜਨੀਆ = ਰਾਮ ਦੀ ਦਾਸੀ, ਪਰਮਾਤਮਾ ਦੀ ਭਗਤਣੀ ।੧ ।
ਇਨ@ = (ਲਫ਼ਜ਼ ‘ਨ’ ਦੇ ਹੇਠ ਅੱਧਾ ‘ਹ’ ਹੈ) ।
ਮੁੰਡੀਅਨ = ਸਾਧੂਆਂ ਨੇ, ਸਤ-ਸੰਗੀਆਂ ਨੇ ।
ਮੇਰਾ ਘਰੁ = ਉਹ ਘਰ ਜਿਸ ਵਿਚ ਮੇਰੀ ‘ਧਨੀਆ’ ਰਹਿੰਦੀ ਸੀ, ਉਹ ਹਿਰਦਾ ਰੂਪ ਘਰ ਜਿਸ ਵਿਚ ਮਾਇਆ ਨਾਲ ਮੋਹਕਰਨ ਵਾਲੀ ਜਿੰਦ ਰਹਿੰਦੀ ਸੀ ।
ਧੁੰਧਰਾਵਾ = ਧੁੰਧ ਵਾਲਾ ਕਰ ਦਿੱਤਾ ਹੈ, ਉਜਾੜ ਦਿੱਤਾ ਹੈ, ਮਿੱਟੀ ਵਿਚ ਮਿਲਾ ਦਿੱਤਾ ਹੈ, ਨਾਸ ਕਰ ਦਿੱਤਾ ਹੈ ।
(ਬਿਟਵਹਿ = ਮੇਰੇ ਅੰਞਾਣ ਬੇਟੇ ਨੂੰ, ਮੇਰੇ ਅੰਞਾਣ ਬਾਲ ਨੂੰ, ਮੇਰੇ ਅੰਞਾਣੇ ਮਨ ਨੂੰ ।
{ਨੋਟ: = ਲਫ਼ਜ਼ ‘ਬੇਟਾ’ ਅਤੇ ‘ਬਿਟਵਾ’ ਵਿਚ ਫ਼ਰਕ ਹੈ ।
    ‘ਬਿਟਵਾ’ ਦਾ ਅਰਥ ਹੈ ‘ਅੰਞਾਣ ਬੇਟਾ’} ।
    ਗੁਰੂ ਨਾਨਕ ਸਾਹਿਬ ਨੇ ਭੀ ‘ਮਨ’ ਨੂੰ ‘ਬਾਲਕ’ ਆਖਿਆ ਹੈ; ਜਿਵੇਂ: ‘ਰਾਜਾ ਬਾਲਕੁ, ਨਗਰੀ ਕਾਚੀ, ਦੁਸਟਾ ਨਾਲਿ ਪਿਆਰੋ ।’ {ਬਸੰਤ ਮ: ੧ ਬਾਲਕੁ—ਮਨ-ਬਾਲਕ ।
ਰਮਊਆ = ਰਾਮ ਸਿਮਰਨ ਦੀ ਬਾਣ ।
ਲਾਵਾ = ਲਾਇਆ, ਲਾ ਦਿੱਤਾ ।੧।ਰਹਾਉ ।
ਜਾਤਿ = ਨੀਵੀਂ ਜਾਤ ।
ਗਵਾਈ = ਮੁਕਾ ਦਿੱਤੀ ਹੈ ।੨ ।
    
Sahib Singh
ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ) ।
(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ।੧ ।
ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ), (ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ।੧।ਰਹਾਉ ।
ਕਬੀਰ ਆਖਦਾ ਹੈ—ਹੇ ਮੇਰੀ ਮਾਂ! ਸੁਣ, ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ।੨।੩।੩੩ ।
Follow us on Twitter Facebook Tumblr Reddit Instagram Youtube