ਆਸਾ ॥
ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ ॥
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥੧॥

ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥੧॥ ਰਹਾਉ ॥

ਕਹੁ ਕਬੀਰ ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ ॥
ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ ॥੨॥੨॥੩੨॥

Sahib Singh
ਪਹਿਲੀ = ਮੇਰੇ ਮਨ ਦੀ ਪਹਿਲੀ ਬਿਰਤੀ ।
ਕਰੂਪਿ = ਭੈੜੇ ਰੂਪ ਵਾਲੀ ।
ਕੁਜਾਤਿ = ਭੈੜੇ ਅਸਲੇ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ।
ਕੁਲਖਨੀ = ਭੈੜੇ ਲੱਛਣਾਂ ਵਾਲੀ ।
ਪੇਈਐ = ਪੱਕੇ ਘਰ ਵਿਚ, ਇਸ ਲੋਕ ਵਿਚ ।
ਬੁਰੀ = ਭੈੜੀ, ਭੈੜੀਆਂ ਵਾਦੀਆਂ ਵਾਲੀ ।
ਅਬ ਕੀ = ਹੁਣ ਵਾਲੀ ਬਿਰਤੀ ।
ਸਰੂਪਿ = ਸੁਹਣੇ ਰੂਪ ਵਾਲੀ ।
ਸੁਜਾਨਿ = ਸੁਹਣੀ ਅਕਲ ਵਾਲੀ, ਸਿਆਣੀ ।
ਸੁਲਖਨੀ = ਸੁਹਣੇ ਲੱਛਣਾਂ ਵਾਲੀ ।
ਉਦਰਿ = ਉਦਰ ਵਿਚ, ਪੇਟ ਵਿਚ, ਆਪਣੇ ਅੰਦਰ ।
ਧਰੀ = ਮੈਂ ਟਿਕਾ ਲਈ ਹੈ ।੧ ।
ਭਲੀ ਸਰੀ = ਭਲਾ ਹੋਇਆ, ਚੰਗੀ ਗੱਲ ਹੋਈ ।
ਬਰੀ = ਵਰੀ ਹੋਈ, ਵਿਆਹੀ ਹੋਈ, ਸ੍ਵੀਕਾਰ ਕੀਤੀ ਹੋਈ, ਚੁਣੀ ਹੋਈ, ਪਸੰਦ ਕੀਤੀ ਹੋਈ ।
ਜੁਗੁ ਜੁਗੁ = ਸਦਾ ਹੀ ।
ਜੀਵਉ = ਜੀਊਂਦੀ ਰਹੇ, ਰੱਬ ਕਰ ਕੇ ਜੀਊਂਦੀ ਰਹੇ {ਨੋਟ:- ਵਿਆਕਰਣ ਅਨੁਸਾਰ ਲਫ਼ਜ਼ ‘ਜੀਵਉ’ ਹੁਕਮੀ ਭਵਿੱਖਤ, ਅੱਨ-ਪੁਰਖ ਹੈ, ਇਕ-ਵਚਨ ਹੈ, ਜਿਵੇਂ—‘ਭਿਜਉ ਸਿਜਉ ਕੰਮਲੀ ਅਲਹ ਵਰਸਉ ਮੇਹੁ’ ਵਿਚ ਲਫ਼ਜ਼ ‘ਭਿਜਉ, ਸਿਜਉ’ ਅਤੇ ‘ਵਰਸਉ’ ਹਨ} ।
ਧਰੀ = ਸਾਂਭੀ ਹੋਈ ।੧।ਰਹਾਉ ।
ਕਹੁ = ਆਖ ।
ਲਹੁਰੀ = ਛੋਟੀ, ਗਰੀਬਣੀ, ਗਰੀਬੜੇ ਸੁਭਾਵ ਵਾਲੀ ਬਿਰਤੀ ।
ਬਡੀ = ਅਹੰਕਾਰ ਵਾਲੀ ਬਿਰਤੀ ।
ਸੁਹਾਗੁ = ਚੰਗੀ ਕਿਸਮਤ, ਜ਼ੋਰ, ਦਬਾਉ, ਜਬਾ ।
ਟਰਿਓ = ਟਲ ਗਿਆ ਹੈ, ਮੁੱਕ ਗਿਆ ਹੈ ।
ਜੇਠੀ = ਬਡੀ, ਅਹੰਕਾਰਨ ਬਿਰਤੀ ।
ਅਉਰੁ ਧਰਿਓ = ਕੋਈ ਹੋਰ ਲੱਭ ਲਿਆ ਹੈ ।੨ ।
    
Sahib Singh
ਚੰਗਾ ਹੀ ਹੋਇਆ ਹੈ ਕਿ ਮੇਰੀ ਉਹ ਮਾਨੋ-ਬਿਰਤੀ ਖ਼ਤਮ ਹੋ ਗਈ ਹੈ ਜੋ ਮੈਨੂੰ ਪਹਿਲਾਂ ਚੰਗੀ ਲੱਗਿਆ ਕਰਦੀ ਸੀ ।
ਜਿਹੜੀ ਮੈਨੂੰ ਹੁਣ ਮਿਲੀ ਹੈ, ਰੱਬ ਕਰੇ ਉਹ ਸਦਾ ਜੀਂਦੀ ਰਹੇ ।੧।ਰਹਾਉ ।
ਮੇਰੇ ਮਨ ਦੀ ਪਹਿਲੀ ਬਿਰਤੀ ਭੈੜੇ ਰੂਪ ਵਾਲੀ, ਚੰਦਰੇ ਘਰ ਦੀ ਜੰਮੀ ਹੋਈ ਤੇ ਚੰਦਰੇ ਲੱਛਣਾਂ ਵਾਲੀ ਸੀ ।
ਉਸ ਨੇ ਮੇਰੇ ਇਸ ਜੀਵਨ ਵਿਚ ਭੀ ਚੰਦਰੀ ਹੀ ਰਹਿਣਾ ਸੀ ਤੇ ਮੇਰੇ ਪਰਲੋਕ ਵਿਚ ਗਿਆਂ ਭੀ ਭੈੜੀ ਹੀ ਰਹਿਣਾ ਸੀ ।
ਜਿਹੜੀ ਬਿਰਤੀ ਮੈਂ ਹੁਣ ਆਤਮਕ ਅਡੋਲਤਾ ਦੀ ਰਾਹੀਂ ਆਪਣੇ ਅੰਦਰ ਵਸਾਈ ਹੈ ਉਹ ਸੁਹਣੇ ਰੂਪ ਵਾਲੀ, ਸੁਚੱਜੀ ਤੇ ਚੰਗੇ ਲੱਛਣਾਂ ਵਾਲੀ ਹੈ ।੧ ।
ਹੇ ਕਬੀਰ! ਆਖ—ਜਦੋਂ ਦੀ ਇਹ ਗਰੀਬੜੇ ਸੁਭਾਵ ਵਾਲੀ ਬਿਰਤੀ ਮੈਨੂੰ ਮਿਲੀ ਹੈ, ਅਹੰਕਾਰਨ ਬਿਰਤੀ ਦਾ ਜ਼ੋਰ ਮੇਰੇ ਉੱਤੋਂ ਟਲ ਗਿਆ ਹੈ ।
ਇਹ ਨਿਮ੍ਰਤਾ ਵਾਲੀ ਮੱਤ ਹੁਣ ਸਦਾ ਮੇਰੇ ਨਾਲ ਰਹਿੰਦੀ ਹੈ, ਤੇ ਉਸ ਅਹੰਕਾਰ-ਬੁੱਧੀ ਨੇ ਕਿਤੇ ਕੋਈ ਹੋਰ ਥਾਂ ਜਾ ਲੱਭਾ ਹੋਵੇਗਾ ।੨।੨।੩੨ ।
Follow us on Twitter Facebook Tumblr Reddit Instagram Youtube