ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
ੴ ਸਤਿਗੁਰ ਪ੍ਰਸਾਦਿ ॥
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥

ਹਰਿ ਕੀ ਕਥਾ ਅਨਾਹਦ ਬਾਨੀ ॥
ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥

ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥

Sahib Singh
ਹੀਰੈ = (ਜੀਵ = ਆਤਮਾ ਰੂਪ) ਹੀਰੇ ਨੇ ।
ਹੀਰਾ = ਪਰਮਾਤਮਾ = ਹੀਰਾ ।
ਬੇਧਿ = ਵਿੰਨ੍ਹ ਕੇ ।
ਪਵਨ ਮਨੁ = ਪਵਨ ਵਰਗਾ ਚੰਚਲ ਮਨ (ਵੇਖੋ ਕਬੀਰ ਜੀ ਦਾ ਸ਼ਬਦ ਨੰ: ੧੦ ਰਾਗ ਸੋਰਠਿ ਵਿਚ: ‘ਸੰਤਹੁ ਮਨ ਪਵਨੈ ਸੁਖੁ ਬਨਿਆ ।
    ਕਿਛੂ ਜੋਗੁ ਪਰਾਪਤਿ ਗਨਿਆ) ।
ਸਹਜੇ = ਸਹਜ ਅਵਸਥਾ ਵਿਚ ਜਿੱਥੇ ਮਨ ਡੋਲਦਾ ਨਹੀਂ ।
ਸਗਲ ਜੋਤਿ = ਸਾਰੀਆਂ ਜੋਤਾਂ, ਸਾਰੇ ਜੀਅ-ਜੰਤ ।
ਇਨਿ ਹੀਰੈ = ਇਸ ਪ੍ਰਭੂ = ਲਾਲ ਨੇ ।
ਮੈ ਪਾਈ = ਇਹ ਗੱਲ ਮੈਂ ਲੱਭੀ ਹੈ ।
ਬੇਧੀ = ਵਿੰਨ੍ਹ ਲਈਆਂ ਹਨ ।੧ ।
ਹੰਸੁ ਹੁਇ = ਜੋ ਜੀਵ ਹੰਸ ਬਣ ਜਾਂਦਾ ਹੈ ।
ਲੇਇ ਪਛਾਨੀ = ਪਛਾਣ ਲੈਂਦਾ ਹੈ ।
ਅਨਾਹਦ = ਇੱਕ = ਰਸ, ਸਦਾ ।ਰਹਾਉ ।
ਅਸ = ਐਸਾ, ਉਹ ।
ਗੁਰ ਗਮ = ਪਹੁਚ ਵਾਲੇ ਗੁਰੂ ਨੇ ।੨ ।
    
Sahib Singh
ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਤੇ ਇੱਕ-ਰਸ ਗੁਰੂ ਦੀ ਬਾਣੀ ਵਿਚ ਜੁੜ ਕੇ ਜੋ ਜੀਵ ਹੰਸ ਬਣ ਜਾਂਦਾ ਹੈ ਉਹ (ਪ੍ਰਭੂ-) ਹੀਰੇ ਨੂੰ ਪਛਾਣ ਲੈਂਦਾ ਹੈ (ਜਿਵੇਂ ਹੰਸ ਮੋਤੀ ਪਛਾਣ ਲੈਂਦਾ ਹੈ) ।੧।ਰਹਾਉ ।
ਜਦੋਂ (ਜੀਵ-) ਹੀਰਾ (ਪ੍ਰਭੂ-) ਹੀਰੇ ਨੂੰ ਵਿੰਨ੍ਹ ਲੈਂਦਾ ਹੈ (ਭਾਵ, ਜਦੋਂ ਜੀਵ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਲੈਂਦਾ ਹੈ) ਤਾਂ ਇਸ ਦਾ ਚੰਚਲ ਮਨ ਅਡੋਲ ਅਵਸਥਾ ਵਿਚ ਸਦਾ ਟਿਕਿਆ ਰਹਿੰਦਾ ਹੈ ।
ਇਹ ਪ੍ਰਭੂ-ਹੀਰਾ ਐਸਾ ਹੈ ਜੋ ਸਾਰੇ ਜੀਆ-ਜੰਤਾਂ ਵਿਚ ਮੌਜੂਦ ਹੈ—ਇਹ ਗੱਲ ਮੈਂ ਸਤਿਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਸਮਝੀ ਹੈ ।੧ ।
ਕਬੀਰ ਆਖਦਾ ਹੈ—ਜੋ ਪ੍ਰਭੂ-ਹੀਰਾ ਸਾਰੇ ਜਗਤ ਵਿਚ ਵਿਆਪਕ ਹੈ, ਜਦੋਂ ਉਸ ਤਕ ਪਹੁੰਚ ਵਾਲੇ ਸਤਿਗੁਰੂ ਨੇ ਮੈਨੂੰ ਉਸ ਦਾ ਦੀਦਾਰ ਕਰਾਇਆ, ਤਾਂ ਮੈਂ ਉਹ ਹੀਰਾ (ਆਪਣੇ ਅੰਦਰ ਹੀ) ਵੇਖ ਲਿਆ, ਉਹ ਲੁਕਿਆ ਹੋਇਆ ਹੀਰਾ (ਮੇਰੇ ਅੰਦਰ ਹੀ) ਪ੍ਰਤੱਖ ਹੋ ਗਿਆ ।੨।੧।੩੧ ।
Follow us on Twitter Facebook Tumblr Reddit Instagram Youtube