ਆਸਾ ॥
ਰੋਜਾ ਧਰੈ ਮਨਾਵੈ ਅਲਹੁ ਸੁਆਦਤਿ ਜੀਅ ਸੰਘਾਰੈ ॥
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥੧॥

ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥
ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥੧॥ ਰਹਾਉ ॥

ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥੨॥

ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥੩॥੭॥੨੯॥

Sahib Singh
ਧਰੈ = ਰੱਖਦਾ ਹੈ ।
ਮਨਾਵੈ = ਮੰਨਤ ਮੰਨਦਾ ਹੈ ।
ਮਨਾਵੈ ਅਲਹੁ = ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ ।
ਸੁਆਦਤਿ = ਸੁਆਦ ਦੀ ਖ਼ਾਤਰ ।
ਸੰਘਾਰੈ = ਮਾਰਦਾ ਹੈ ।
ਆਪਾ ਦੇਖਿ = ਆਪਣੇ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ।
ਅਵਰ ਨਹੀ ਦੇਖੈ = ਹੋਰਨਾਂ ਦੇ ਸੁਆਰਥ ਨੂੰ ਨਹੀਂ ਵੇਖਦਾ ।੧।ਕਾਜੀ—ਹੇ ਕਾਜ਼ੀ !
ਤੋਹੀ ਮਹਿ = ਤੇਰੇ ਵਿਚ ਭੀ ।
ਤੇਰਾ = ਤੇਰਾ ਸਾਹਿਬ ।
ਖਬਰਿ ਨ ਕਰਹਿ = ਤੂੰ ਸਮਝਦਾ ਨਹੀਂ ।
ਦੀਨ ਕੇ ਬਉਰੇ = ਮਜ਼ਹਬ (ਦੀ ਸ਼ਰਹ) ਵਿਚ ਕਮਲੇ ਹੋਏ, ਹੇ ਕਾਜ਼ੀ !
ਅਲੇਖੈ = ਅ = ਲੇਖੈ, ਕਿਸੇ ਲੇਖੇ ਵਿਚ ਨਹੀਂ ਆਇਆ, ਕੋਈ ਲਾਭ ਨਹੀਂ ਹੋਇਆ ।੧।ਰਹਾਉ ।
ਸਾਚੁ = ਸਦਾ ਕਾਇਮ ਰਹਿਣ ਵਾਲਾ ।
ਕਤੇਬ = ਪੱਛਮੀ ਮਤਾਂ ਦੀਆਂ ਕਿਤਾਬਾਂ (ਕੁਰਾਨ, ਤੌਰੇਤ, ਅੰਜੀਲ, ਜ਼ੰਬੂਰ) ।
ਨਹੀ ਕੋਈ = (ਉਸ ਪ੍ਰਭੂ ਦੀ ਜੋਤਿ ਤੋਂ ਬਿਨਾ) ਕੋਈ ਨਹੀਂ ਜੀ ਸਕਦਾ ।
ਨਾਹੀ ਕਛੁ = ਕੋਈ (ਆਤਮਕ) ਲਾਭ ਨਹੀਂ ।
ਖਬਰਿ = ਸੂਝ, ਗਿਆਨ ।੨ ।
ਗੈਬੁ = ਲੁਕਿਆ ਹੋਇਆ ।
ਪੁਕਾਰੀ = ਪੁਕਾਰਿ, ਉੱਚੀ ਕੂਕ ਕੇ ।੩ ।
    
Sahib Singh
ਹੇ ਕਾਜ਼ੀ! (ਸਾਰੇ ਜਗਤ ਦਾ) ਮਾਲਕ ਇੱਕ ਰੱਬ ਹੈ, ਉਹ ਤੇਰਾ ਭੀ ਰੱਬ ਹੈ ਤੇ ਤੇਰੇ ਅੰਦਰ ਭੀ ਮੌਜੂਦ ਹੈ, ਪਰ ਤੂੰ ਸੋਚ-ਵਿਚਾਰ ਕੇ ਤੱਕਦਾ ਨਹੀਂ ।
ਹੇ ਸ਼ਰਹ ਵਿਚ ਕਮਲੇ ਹੋਏ ਕਾਜ਼ੀ! ਤੂੰ (ਇਸ ਭੇਤ ਨੂੰ) ਸਮਝਦਾ ਨਹੀਂ, ਇਸ ਵਾਸਤੇ ਤੇਰੀ ਉਮਰ ਤੇਰਾ ਜੀਵਨ ਅਜਾਈਂ ਜਾ ਰਿਹਾ ਹੈ ।੧।ਰਹਾਉ ।
(ਹੇ ਭਾਈ! ਕਾਜ਼ੀ) ਰੋਜ਼ਾ ਰੱਖਦਾ ਹੈ (ਰੋਜ਼ਿਆਂ ਦੇ ਅਖ਼ੀਰ ਤੇ ਈਦ ਵਾਲੇ ਦਿਨ) ਅੱਲਾ ਦੇ ਨਾਮ ਤੇ ਕੁਰਬਾਨੀ ਦੇਂਦਾ ਹੈ, ਪਰ ਆਪਣੇ ਸੁਆਦ ਦੀ ਖ਼ਾਤਰ (ਇਹ) ਜੀਵ ਮਾਰਦਾ ਹੈ ।
ਆਪਣੇ ਹੀ ਸੁਆਰਥ ਨੂੰ ਅੱਖਾਂ ਅੱਗੇ ਰੱਖ ਕੇ ਹੋਰਨਾਂ ਦੀ ਪਰਵਾਹ ਨਹੀਂ ਕਰਦਾ; ਤਾਂ ਤੇ ਇਹ ਸਭ ਉੱਦਮ ਵਿਅਰਥ ਝਖਾਂ ਮਾਰਨ ਵਾਲੀ ਗੱਲ ਹੀ ਹੈ ।੧ ।
ਹੇ ਕਾਜ਼ੀ! ਤੁਹਾਡੀਆਂ ਆਪਣੀਆਂ ਮਜ਼ਹਬੀ ਕਿਤਾਬਾਂ ਭੀ ਇਹੀ ਆਖਦੀਆਂ ਹਨ ਕਿ ਅੱਲਾਹ ਸਦਾ ਕਾਇਮ ਰਹਿਣ ਵਾਲਾ ਹੈ (ਸਾਰੀ ਦੁਨੀਆ ਅੱਲਾਹ ਦੀ ਪੈਦਾ ਕੀਤੀ ਹੋਈ ਹੈ, ਉਸ ਅੱਲਾਹ ਦੇ (ਨੂਰ ਤੋਂ ਬਿਨਾ) ਕੋਈ ਜ਼ਨਾਨੀ ਮਰਦ ਜੀਊਂਦਾ ਨਹੀਂ ਰਹਿ ਸਕਦਾ, ਪਰ ਹੇ ਕਮਲੇ ਕਾਜ਼ੀ! ਜੇ ਤੇਰੇ ਦਿਲ ਵਿਚ ਇਹ ਸੂਝ ਨਹੀਂ ਪਈ ਤਾਂ (ਮਜ਼ਹਬੀ ਕਿਤਾਬਾਂ ਨੂੰ ਨਿਰਾ) ਪੜ੍ਹਨ ਤੇ ਵਿਚਾਰਨ ਦਾ ਕੋਈ ਲਾਭ ਨਹੀਂ ।੨ ।
ਹੇ ਕਾਜ਼ੀ! ਕਬੀਰ ਉੱਚੀ ਕੂਕ ਕੇ ਆਖਦਾ ਹੈ (ਭਾਵ, ਪੂਰੇ ਯਕੀਨ ਨਾਲ ਆਖਦਾ ਹੈ), ਤੂੰ ਭੀ ਆਪਣੇ ਦਿਲ ਵਿਚ ਵਿਚਾਰ ਕਰ ਕੇ ਵੇਖ ਲੈ, ਰੱਬ ਸਾਰੇ ਸਰੀਰਾਂ ਵਿਚ ਲੁਕਿਆ ਬੈਠਾ ਹੈ, ਹਿੰਦੂ ਤੇ ਮੁਸਲਮਾਨ ਵਿਚ ਭੀ ਇੱਕ ਉਹੀ ਵੱਸਦਾ ਹੈ ।੩।੭।੨੯ ।
Follow us on Twitter Facebook Tumblr Reddit Instagram Youtube