ਆਸਾ ॥
ਜਉ ਮੈ ਰੂਪ ਕੀਏ ਬਹੁਤੇਰੇ ਅਬ ਫੁਨਿ ਰੂਪੁ ਨ ਹੋਈ ॥
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥੧॥

ਅਬ ਮੋਹਿ ਨਾਚਨੋ ਨ ਆਵੈ ॥
ਮੇਰਾ ਮਨੁ ਮੰਦਰੀਆ ਨ ਬਜਾਵੈ ॥੧॥ ਰਹਾਉ ॥

ਕਾਮੁ ਕ੍ਰੋਧੁ ਮਾਇਆ ਲੈ ਜਾਰੀ ਤ੍ਰਿਸਨਾ ਗਾਗਰਿ ਫੂਟੀ ॥
ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥੨॥

ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥
ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥੩॥੬॥੨੮॥

Sahib Singh
ਬਹੁਤੇਰੇ ਰੂਪ = ਕਈ ਜੂਨਾਂ ।
ਤਾਗਾ = (ਮੋਹ ਦਾ) ਧਾਗਾ ।
ਤੰਤੁ = (ਮੋਹ ਦੀ) ਤਾਰ ।
ਸਾਜੁ = (ਮੋਹ ਦਾ ਸਾਰਾ) ਅਡੰਬਰ ।
ਬਸਿ = ਵੱਸ ਵਿਚ ।੧ ।
ਮੋਹਿ = ਮੈਨੂੰ ।
ਨਾਚਨੋ = ਮਾਇਆ ਦੇ ਹੱਥਾਂ ਉੱਤੇ ਨੱਚਣਾ ।
ਮੰਦਰੀਆ = ਢੋਲਕੀ ।੧।ਰਹਾਉ ।
ਫੂਟੀ = ਟੁੱਟ ਗਈ ਹੈ ।੨ ।
ਸਰਬ ਭੂਤ = ਸਾਰੇ ਜੀਵਾਂ ਵਿਚ ।
ਬਾਦ ਬਿਬਾਦਾ = ਝਗੜੇ, ਵੈਰ-ਵਿਰੋਧ ।
ਪਰਸਾਦਾ = ਕਿਰਪਾ, ਦਇਆ ।੩ ।
    
Sahib Singh
(ਪਰਮਾਤਮਾ ਦੀ ਕਿਰਪਾ ਨਾਲ) ਹੁਣ ਮੈਂ (ਮਾਇਆ ਦੇ ਹੱਥਾਂ ਤੇ) ਨੱਚਣੋਂ ਹਟ ਗਿਆ ਹਾਂ, ਹੁਣ ਮੇਰਾ ਮਨ ਇਹ (ਮਾਇਆ ਦੇ ਮੋਹ ਦੀ) ਢੋਲਕੀ ਨਹੀਂ ਵਜਾਉਂਦਾ ।੧।ਰਹਾਉ ।
(ਮਾਇਆ ਦੇ ਮੋਹ ਵਿਚ ਫਸ ਕੇ) ਮੈਂ ਜਿਹੜੇ ਕਈ ਜਨਮਾਂ ਵਿਚ ਫਿਰਦਾ ਰਿਹਾ, ਹੁਣ ਉਹ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ, ਮੇਰੇ ਮਨ ਦਾ ਮੋਹ ਦਾ ਧਾਗਾ, ਮੋਹ ਦੀ ਤਾਰ ਅਤੇ ਮੋਹ ਦੇ ਸਾਰੇ ਅਡੰਬਰ ਸਭ ਮੁੱਕ ਗਏ ਹਨ; ਹੁਣ ਮੇਰਾ ਮਨ ਪਰਮਾਤਮਾ ਦੇ ਨਾਮ ਦੇ ਵੱਸ ਵਿਚ ਹੋ ਗਿਆ ਹੈ ।੧ ।
(ਪ੍ਰਭੂ ਦੀ ਕਿਰਪਾ ਨਾਲ) ਮੈਂ ਕਾਮ ਕ੍ਰੋਧ ਤੇ ਮਾਇਆ ਦੇ ਪ੍ਰਭਾਵ ਨੂੰ ਸਾੜ ਦਿੱਤਾ ਹੈ, (ਮੇਰੇ ਅੰਦਰੋਂ) ਤ੍ਰਿਸ਼ਨਾ ਦੀ ਮਟਕੀ ਟੁੱਟ ਗਈ ਹੈ, ਮੇਰਾ ਕਾਮ ਦਾ ਕੋਝਾ ਚੋਲਾ ਹੁਣ ਪੁਰਾਣਾ ਹੋ ਗਿਆ ਹੈ, ਭਟਕਣਾ ਮੁੱਕ ਗਈ ਹੈ ।
(ਮੁੱਕਦੀ ਗੱਲ), ਸਾਰੀ (ਮਾਇਆ ਦੀ ਖੇਡ ਹੀ) ਖ਼ਤਮ ਹੋ ਗਈ ਹੈ ।੨ ।
ਕਬੀਰ ਆਖਦਾ ਹੈ—ਮੇਰੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਗਈ ਹੈ, ਮੈਨੂੰ ਪੂਰਾ ਪ੍ਰਭੂ ਮਿਲ ਪਿਆ ਹੈ, ਮੈਂ ਸਾਰੇ ਜੀਵਾਂ ਵਿਚ ਹੁਣ ਇੱਕ ਪਰਮਾਤਮਾ ਨੂੰ ਵੱਸਦਾ ਸਮਝ ਲਿਆ ਹੈ, ਇਸ ਵਾਸਤੇ ਮੇਰੇ ਸਾਰੇ ਵੈਰ-ਵਿਰੋਧ ਮੁੱਕ ਗਏ ਹਨ ।੩।੬।੨੮ ।

ਨੋਟ: ਇਸ ਸ਼ਬਦ ਨੂੰ ਕਬੀਰ ਜੀ ਦੇ ਇਸੇ ਰਾਗ ਵਿਚ ਦਿੱਤੇ ਸ਼ਬਦ ਨੰ: ੧੮ ਨਾਲ ਰਲਾ ਕੇ ਪੜ੍ਹੋ ।
ਸ਼ਬਦ ਨੰ: ੧੮ ਨੂੰ ਸਮਝਣ ਵਿਚ ਬੜੀ ਸਹਾਇਤਾ ਦੇਵੇਗਾ ।
Follow us on Twitter Facebook Tumblr Reddit Instagram Youtube