ਆਸਾ ॥
ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥
ਤੁਮ੍ਹ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥

ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥
ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥

ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥
ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥

ਤੂੰ ਬਾਮ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥
ਤੁਮ੍ਹ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥

Sahib Singh
ਹਮ ਘਰਿ = ਅਸਾਡੇ ਘਰ ਵਿਚ ।
ਤਨਹਿ = ਅਸੀ ਤਣਦੇ ਹਾਂ ।
ਕੰਠਿ = ਗਲ ਵਿਚ ।
ਤਉ = ਤਾਂ ।
ਪੜਹੁ = (ਜੀਭ ਨਾਲ ਹੀ) ਉਚਾਰਦੇ ਹੋ ।
ਰਿਦੈ = ਹਿਰਦੇ ਵਿਚ ।੧ ।
    ਬਿਸਨੁ ਨਾਰਾਇਨ, ਗੋਬਿੰਦਾ—ਪਰਮਾਤਮਾ ।
ਬਸਹਿ = ਵੱਸ ਰਹੇ ਹਨ ।
ਜਮ ਦੁਆਰ = ਜਮਾਂ ਦੇ ਦਰ ਤੇ, ਧਰਮਰਾਜ ਦੇ ਬੂਹੇ ਤੇ, ਪ੍ਰਭੂ ਦੀ ਹਜ਼ੂਰੀ ਵਿਚ ।
ਮੁਕੰਦਾ ਪੂਛਸਿ = ਜਦੋਂ ਮੁਕੰਦ ਪੁੱਛਸੀ, ਜਦੋਂ ਪ੍ਰਭੂ ਪੁੱਛੇਗਾ ।
ਬਵਰੇ = ਹੇ ਕਮਲੇ !
ਕਹਸਿ = ਕਹਿਸੇਂ ਉੱਤਰ ਦੇਵੇਂਗਾ ।੧।ਰਹਾਉ ।
ਗੋਰੂ = ਗਾਈਆਂ ।
ਗੁਆਰ = ਗੁਪਾਲ, ਗੁਆਲੇ, ਗਾਈਆਂ ਦੇ ਰਾਖੇ ।
ਜਨਮ ਜਨਮ = ਕਈ ਜਨਮਾਂ ਤੋਂ ।
ਪਾਰਿ ਉਤਾਰਿ = ਪਾਰ ਲੰਘਾ ਕੇ ।
ਚਰਾਇਹੁ = ਤੁਸਾਂ ਸਾਨੂੰ ਚਾਰਿਆ, ਤੁਸਾਂ ਸਾਨੂੰ (ਆਤਮਕ) ਖ਼ੁਰਾਕ ਦਿੱਤੀ ।
ਕੈਸੇ = ਕਿਹੋ ਜਿਹੇ ?
ਨਕਾਰੇ ਹੀ ।੨।ਨੋਟ: = ਜੇ ਕਬੀਰ ਜੀ ਮੁਸਲਮਾਨ ਹੁੰਦੇ, ਤਾਂ ਬ੍ਰਾਹਮਣਾਂ ਨੂੰ ਇਹ ਨਾਹ ਆਖਦੇ ਕਿ ਤੁਸੀ ਸਾਡੇ ਰਾਖੇ ਬਣੇ ਆ ਰਹੇ ਹੋ ।
    ਮੁਸਲਮਾਨ ਦਾ ਕਿਸੇ ਬ੍ਰਾਹਮਣ ਨਾਲ ਕੋਈ ਧਾਰਮਿਕ ਸੰਬੰਧ ਨਹੀਂ ਸੀ ਹੋ ਸਕਦਾ ।
    ਪੱਕੀ ਗੱਲ ਇਹੀ ਹੈ ਕਿ ਕਬੀਰ ਜੀ ਹਿੰਦੂ ਜੁਲਾਹੇ ਦੇ ਘਰ ਵਿਚ ਜੰਮੇ-ਪਲੇ ਸਨ ।
ਕਾਸੀਕ = ਕਾਂਸ਼ੀ ਦਾ ।
ਜੁਲਹਾ = ਜੁਲਾਹ ।
ਮੋਰ = ਮੇਰੀ ।
ਗਿਆਨਾ = ਵਿਚਾਰ ਦੀ ਗੱਲ ।
ਜਾਚੇ = ਮੰਗਦੇ ਹੋ ।
ਭੂਪਤਿ = ਰਾਜੇ ।੩ ।
    
Sahib Singh
(ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਹੈ ਕਿ) ਤੇਰੇ ਗਲ ਵਿਚ ਜਨੇਊ ਹੈ (ਜੋ ਸਾਡੇ ਗਲ ਨਹੀਂ ਹੈ, ਤਾਂ ਵੇਖ, ਉਹੋ ਜਿਹਾ ਹੀ) ਸਾਡੇ ਘਰ (ਬਥੇਰਾ) ਸੂਤਰ ਹੈ (ਜਿਸ ਨਾਲ) ਅਸੀ ਨਿੱਤ ਤਾਣਾ ਤਣਦੇ ਹਾਂ ।
(ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਭੀ ਕੂੜਾ, ਕਿਉਂਕਿ) ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤ੍ਰ ਨਿਰੇ ਜੀਭ ਨਾਲ ਹੀ ਉਚਾਰਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ।੧ ।
ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਮੇਰੀ ਤਾਂ ਜੀਭ ਉੱਤੇ, ਮੇਰੀਆਂ ਅੱਖਾਂ ਵਿਚ ਤੇ ਮੇਰੇ ਦਿਲ ਵਿਚ ਵੱਸਦੇ ਹਨ ।
ਪਰ ਤੈਨੂੰ ਜਦੋਂ ਧਰਮਰਾਜ ਦੀ ਹਜ਼ੂਰੀ ਵਿਚ ਪ੍ਰਭੂ ਵਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ (ਕਿ ਕੀਹ ਕਰਦਾ ਰਿਹਾ ਇੱਥੇ ਸਾਰੀ ਉਮਰ) ?
।੧।ਰਹਾਉ ।
ਕਈ ਜਨਮਾਂ ਤੋਂ ਤੁਸੀ ਲੋਕ ਸਾਡੇ ਰਾਖੇ ਬਣੇ ਆ ਰਹੇ ਹੋ, ਅਸੀ ਤੁਹਾਡੀਆਂ ਗਾਈਆਂ ਬਣੇ ਰਹੇ, ਤੁਸੀ ਸਾਡੇ ਖਸਮ ਗੁਆਲੇ ਬਣੇ ਰਹੇ ।
ਪਰ ਤੁਸੀ ਹੁਣ ਤਕ ਨਕਾਰੇ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ (ਭਾਵ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾਹ ਦਿੱਤੀ) ।੨ ।
(ਇਹ ਠੀਕ ਹੈ ਕਿ) ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ (ਭਾਵ, ਤੈਨੂੰ ਮਾਣ ਹੈ ਆਪਣੀ ਵਿੱਦਿਆ ਦਾ, ਜੋ ਤੂੰ ਕਾਂਸ਼ੀ ਵਿਚ ਹਾਸਲ ਕੀਤੀ), ਤੇ ਮੈਂ (ਜਾਤ ਦਾ) ਜੁਲਾਹ ਹਾਂ (ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ) ।ਪਰ, ਮੇਰੀ ਵਿਚਾਰ ਦੀ ਇਕ ਗੱਲ ਸੋਚ (ਕਿ ਵਿੱਦਿਆ ਪੜ੍ਹ ਕੇ ਤੁਸੀ ਆਖ਼ਰ ਕਰਦੇ ਕੀਹ ਹੋ), ਤੁਸੀ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋ, ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ ।੩।੪।੨੬ ।
Follow us on Twitter Facebook Tumblr Reddit Instagram Youtube