ਆਸਾ ॥
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥
ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥

ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥
ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥

ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥
ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥

ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥
ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥

Sahib Singh
ਸਾਸੁ = ਸੱਸ, ਅਵਿੱਦਿਆ, ਮਾਇਆ ।
ਸਸੁਰ = ਸਹੁਰਾ, ਦੇਹ = ਅੱਧਿਆਸ, ਸਰੀਰ ਦਾ ਮੋਹ ।
ਜੇਠ = (ਭਾਵ,) ਮੌਤ ।
ਜੇਠ ਕੇ ਨਾਮਿ = ਮੌਤ ਦੇ ਨਾਮ ਤੋਂ, ਮੌਤ ਦਾ ਨਾਮ ਸੁਣ ਕੇ ਹੀ ।
ਰੇ = ਹੇ ਵੀਰ !
ਡਰਉ = ਮੈਂ ਡਰਦੀ ਹਾਂ ।
ਨਨਦ = ਨਿਨਾਣਾਂ ਨੇ, ਇੰਦ੍ਰੀਆਂ ਨੇ ।
ਗਹੇਲੀ = ਗਹਿ ਲਈ ਹਾਂ, ਮੈਨੂੰ ਫੜ ਲਿਆ ਹੈ ।
ਬਿਰਹਿ = ਵਿਛੋੜੇ ਵਿਚ ।
ਜਰਉ = ਜਰਉਂ, ਮੈਂ ਸੜ ਰਹੀ ਹਾਂ ।੧ ।
ਬਉਰੀ = ਕਮਲੀ ।
ਰਹਨਿ ਰਹਉ = ਜ਼ਿੰਦਗੀ ਗੁਜ਼ਾਰਾਂ ।
ਰਮਤੁ = ਖੇਡਦਾ ਹੈ, ਵੱਸਦਾ ਹੈ ।
ਨੈਨ = ਅੱਖਾਂ ਨਾਲ ।
ਨਹੀ ਪੇਖਉ = ਮੈਂ ਨਹੀਂ ਵੇਖ ਸਕਦੀ ।
ਕਾ ਸਿਉ = ਕਿਸ ਨੂੰ ?
    ।੧।ਰਹਾਉ ।
ਬਾਪੁ = {ਸ਼ਕਟ. ਵਪੁਸੱ—ਬੋਦੇ} ਸਰੀਰ ।
ਸਾਵਕਾ = {ਸ਼ਕਟ. ਸ—ਟੋ ਬੲ ਬੋਰਨ} ਨਾਲ ਜੰਮਿਆ ਹੋਇਆ ।
ਮਤਵਾਰੀ = ਮਤਵਾਲੀ, ਝੱਲੀ ।
ਸਦ = ਸਦਾ ।
ਸੰਗਿ = ਨਾਲ ।
ਬਡੇ ਭਾਈ ਕੈ ਸੰਗਿ = ਵੱਡੇ ਭਰਾ (ਗਿਆਨ) ਨਾਲ ।
ਜਬ ਹੋਤੀ = ਜਦੋਂ ਮੈਂ ਹੁੰਦੀ ਸਾਂ, ਮਾਂ ਦੇ ਪੇਟ ਵਿਚ ਜਦੋਂ ਵੱਡੇ ਭਰਾ ਨਾਲ ਸਾਂ ।
ਤਬ = ਤਦੋਂ ।
ਹਉ = ਮੈਂ ।
ਨਾਹ = ਖਸਮ ।੨ ।
ਪੰਚ ਕੋ = ਪੰਜ ਕਾਮਾਦਿਕਾਂ ਦਾ ।
ਬਾਧਿਆ = ਬੱਝਾ ਹੋਇਆ ।੩ ।
    
Sahib Singh
ਮੇਰੀ ਅਕਲ ਮਾਰੀ ਗਈ ਹੈ, ਮੈਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ ।
ਹੇ ਵੀਰ! ਹੁਣ (ਇਸ ਹਾਲਤ ਵਿਚ) ਕਿਵੇਂ ਉਮਰ ਗੁਜ਼ਾਰਾਂ ?
ਹੇ ਵੀਰ! ਇਹ ਦੁੱਖ ਮੈਂ ਕਿਸ ਨੂੰ ਸੁਣਾਵਾਂ ਕਿ ਉਹ ਪ੍ਰਭੂ ਮੇਰੀ ਹਿਰਦੇ-ਸੇਜ ਉੱਤੇ ਵੱਸਦਾ ਹੈ, ਪਰ ਮੈਨੂੰ ਅੱਖੀਂ ਨਹੀਂ ਦਿੱਸਦਾ ।੧।ਰਹਾਉ।ਹੇ ਵੀਰ! ਮੈਂ ਮਾਇਆ ਦੇ ਹੱਥੋਂ ਦੁੱਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ (ਦੇਹ-ਅੱਧਿਆਸ) ਹੋਣ ਕਰਕੇ, ਮੈਨੂੰ ਜੇਠ ਦੇ ਨਾਮ ਤੋਂ ਹੀ ਡਰ ਲੱਗਦਾ ਹੈ (ਭਾਵ, ਮੇਰਾ ਮਰਨ ਨੂੰ ਚਿੱਤ ਨਹੀਂ ਕਰਦਾ) ।
ਹੇ ਸਖੀ ਸਹੇਲੀਓ! ਮੈਨੂੰ ਇੰਦ੍ਰੀਆਂ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੈ, ਮੈਂ ਦਿਉਰ ਦੇ ਵਿਛੋੜੇ ਵਿਚ (ਭਾਵ, ਵਿਚਾਰ ਤੋਂ ਸੱਖਣੀ ਹੋਣ ਕਰਕੇ ਅੰਦਰੇ-ਅੰਦਰ) ਸੜ ਰਹੀ ਹਾਂ ।੧ ।
ਮੇਰੇ ਨਾਲ ਜੰਮਿਆ ਇਹ ਸਰੀਰ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਭਾਵ, ਸਦਾ ਖਾਣ ਨੂੰ ਮੰਗਦਾ ਹੈ), ਮਾਇਆ ਨੇ ਮੈਨੂੰ ਝੱਲੀ ਕਰ ਰੱਖਿਆ ਹੈ ।
ਜਦੋਂ (ਮਾਂ ਦੇ ਪੇਟ ਵਿਚ) ਮੈਂ ਵੱਡੇ ਵੀਰ (ਗਿਆਨ) ਦੇ ਨਾਲ ਸਾਂ ਤਦੋਂ (ਸਿਮਰਨ ਕਰਦੀ ਸਾਂ ਤੇ) ਪਤੀ ਨੂੰ ਪਿਆਰੀ ਸਾਂ ।੨ ।
ਕਬੀਰ ਆਖਦਾ ਹੈ—(ਬੱਸ! ਇਸੇ ਤ੍ਰਹਾਂ) ਸਭ ਜੀਵਾਂ ਨੂੰ ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਹੋਇਆ ਹੈ ।
ਸਾਰਾ ਜਗਤ ਇਹਨਾਂ ਨਾਲ ਖਹਿੰਦਿਆਂ ਹੀ ਉਮਰ ਅਜਾਈਂ ਗਵਾ ਰਿਹਾ ਹੈ; ਠਗਣੀ ਮਾਇਆ ਨਾਲ ਬੱਝਾ ਪਿਆ ਹੈ ।
ਪਰ ਮੈਂ ਪ੍ਰਭੂ ਨੂੰ ਸਿਮਰ ਕੇ ਸੁਖ ਪਾ ਲਿਆ ਹੈ ।੩ ।

ਨੋਟ: ਕਵਿਤਾ ਦੇ ਦਿ੍ਰਸ਼ਟੀਕੋਣ ਤੋਂ, ਇਹ ਸ਼ਬਦ ਪੜ੍ਹਨ ਵਾਲੇ ਦੇ ਦਿਲ ਨੂੰ ਡੂੰਘੀ ਧ੍ਰ¨ਰ ਪਾਂਦਾ ਹੈ ।
ਮਾਇਆ-ਵੇੜ੍ਹੀ ਜਿੰਦ ਦੀ ਇਹ ਇਕ ਬੜੀ ਦਰਦਨਾਕ ਕਹਾਣੀ ਹੈ ।
ਦਰਦਾਂ ਦੇ ਮਹਿਰਮ ਸਤਿਗੁਰੂ ਨਾਨਕ ਦੇਵ ਜੀ ਦੀਆਂ ਅੱਖਾਂ ਤੋਂ ਇਹ ਸ਼ਬਦ ਭਲਾ ਕਿਵੇਂ ਖੁੰਝ ਸਕਦਾ ਸੀ ?
ਸਾਰੀ ਦਰਦਨਾਕ ਕਹਾਣੀ ਦੇ ਅਖ਼ੀਰ ਤੇ ਅੱਪੜ ਕੇ ਹੀ ਅੱਧੀ ਤੁਕ ਵਿਚ “ਸੁਖ” ਦਾ ਸਾਹ ਆਉਂਦਾ ਹੈ ।
ਇਤਨੀ ਵੱਡੀ ਦਰਦਨਾਕ ਕਹਾਣੀ ਦਾ ਇਲਾਜ ਕਬੀਰ ਜੀ ਨੇ ਤਾਂ ਇਕ ਰਮਜ਼ ਜਿਹੀ ਵਿਚ ਹੀ ਦੱਸ ਕੇ (‘ਰਾਮ ਰਮਤ’ ਆਖ ਕੇ) ਬੱਸ ਕਰ ਦਿੱਤੀ; ਪਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਇਲਾਜ ਨੂੰ ਪਰਹੇਜ਼ ਸਮੇਤ ਵਿਸਥਾਰ ਨਾਲ ਇਉਂ ਬਿਆਨ ਕਰ ਦਿੱਤਾ ਹੈ: ਆਸਾ ਮਹਲਾ ੧ ॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ ॥ ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ਰਹਾਉ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ ॥੩॥ ਆਸਾ ਮਨਸਾ ਦੋਊ ਬਿਨਾਸਤ, ਤਿ੍ਰਹੁ ਗੁਣ ਆਸ ਨਿਰਾਸ ਭਈ ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ ਓਟ ਲਹੀ ॥੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ, ਜਿਸੁ ਹਰਿ ਹਿਰਦੈ ਅਲਖ ਅਭੇਦਾ ॥ ਨਾਨਕ ਰਾਮ ਨਾਮਿ ਮਨੁ ਰਾਤਾ, ਗੁਰਮਤਿ ਪਾਏ ਸਹਜ ਸੇਵਾ ॥੫॥੨੨॥ ਕਬੀਰ ਜੀ ਦੇ ਸ਼ਬਦ ਵਿਚ ‘ਸਖੀ ਸਹੇਲੀ’ ਕਿਸ ਨੂੰ ਆਖਿਆ ਹੈ ?
ਇਸ ਦਾ ਹੱਲ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਦੂਜੇ ਬੰਦ ਵਿਚ ਹੈ: ‘ਸਖੀ ਸਾਜਨੀ ਕੇ ਹਉ ਚਰਨ ਸਰੇਵਉ’ (ਭਾਵ, ਸਤਸੰਗੀ) ।
ਕਬੀਰ ਜੀ ਨੇ ਤਾਂ ‘ਸਾਸੁ’ ਦੇ ਸਾਰੇ ਹੀ ਪਰਵਾਰ ਦਾ ਹਾਲ ਦੱਸ ਕੇ ਦੁੱਖਾਂ ਦੀ ਲੰਮੀ ਕਹਾਣੀ ਬਿਆਨ ਕੀਤੀ ਹੈ, ਪਰ ਸਤਿਗੁਰੂ ਜੀ ਨੇ ਉਸ ‘ਸਾਸੁ ਬੁਰੀ’ ਦਾ ਥੋੜਾ ਜਿਹਾ ਜ਼ਿਕਰ ਕਰ ਕੇ ਉਸ ਦੇ ਤੇ ਉਸ ਦੇ ਪਰਵਾਰ ਦੇ ਪੰਜੇ ਵਿਚੋਂ ਨਿਕਲਣ ਦਾ ਰਸਤਾ ਵਿਖਾਣ ਤੇ ਜ਼ੋਰ ਦਿੱਤਾ ਹੈ ।
Follow us on Twitter Facebook Tumblr Reddit Instagram Youtube