ਆਸਾ ॥
ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥
ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥

ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥

ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥
ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥

ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥
ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥

Sahib Singh
ਰੈਨੀ = ਕੱਪੜੇ ਰੰਗਣ ਵਾਲੀ ਮੱਟੀ ।
ਪੁਨ = ਭਲੇ ਗੁਣਾਂ ਨਾਲ, ਪੁੰਨਾਂ ਨਾਲ {ਨੋਟ:- ਲਫ਼ਜ਼ ‘ਪੁਨਰਪਿ’ ਇਕੱਠਾ ਇਕ ਲਫ਼ਜ਼ ਦੀ ਸ਼ਕਲ ਵਿਚ ਕਈ ਵਾਰੀ ਆਇਆ ਹੈ, ਇਹ ਸੰਸਕ੍ਰਿਤ ਦੇ ਦੋ ਲਫ਼ਜ਼ਾਂ ਦਾ ਜੋੜ ਹੈ—“ਪੁਨ:+ਅਪਿ” ।
ਪੁਨ: (ਪੁਨਹ) = ਮੁੜ, ਫਿਰ ।
ਅਪਿ = ਭੀ ।
    ਪਰ ਇੱਥੇ ਇਸ ਸ਼ਬਦ ਵਿਚ ਇਹ ਇੱਕੋ ਲਫ਼ਜ਼ ਨਹੀਂ ਹੈ ।
    ਇੱਥੇ ਮਨ ਨੂੰ ਰੰਗਣ ਦਾ ਜ਼ਿਕਰ ਹੈ, ਅਤੇ ਰੰਗਣ ਵਾਸਤੇ ਲਫ਼ਜ਼ ਹੈ “ਰਪਿ” ।
    ‘ਪੁਨ’ ਦਾ ਅਰਥ ‘ਫਿਰ’ ਮੁੜ’ ਨਹੀਂ ਹੋ ਸਕਦਾ ।
    ਇਸ ਅਰਥ ਵਿਚ ਲਫ਼ਜ਼ ਦਾ ਜੋੜ ‘ਪੁਨਿ’ ਹੀ ਸਦਾ ਆਵੇਗਾ, ਵੇਖੋ ‘ਰਾਗ ਮਾਲਾ’ ।
    ਗੁਰਬਾਣੀ ਵਿਚ ਲਫ਼ਜ਼ ‘ਪੁਨਹ’ ਹੈ ਜਾਂ ‘ਫੁਨਿ’ ।
    ਸੋ, ਲਫ਼ਜ਼ ‘ਪੁਨ’ ਇਹਨਾਂ ਤੋਂ ਵੱਖਰਾ ਲਫ਼ਜ਼ ਹੈ—“ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ”; ਇਥੇ ਲਫ਼ਜ਼ ‘ਪੁਨੁ’ ਇਕ-ਵਚਨ ਹੈ, ਇਸ ਦਾ ਬਹੁ-ਵਚਨ ਹੈ ‘ਪੁਨ’} ।
ਰਪਿ ਕਰਿ ਹਉ = ਮੈਂ ਰੰਗ ਲਵਾਂਗੀ ।
ਪਾਚਉ ਤਤ = ਪੰਜਾਂ ਤੱਤਾਂ ਦੇ ਦੈਵੀ ਗੁਣ (“ਜਿਤੁ ਕਾਰਜਿ ਸਤੁ ਸੰਤੋਖ ਦਇਆ ਧਰਮੁ ਹੈ”—ਆਸਾ ਮਹਲਾ ੧), ਦਇਆ ਧਰਮ ਆਦਿਕ ਗੁਣ ।
ਬਰਾਤੀ = ਮੇਲੀ ।
ਸਿਉ = ਨਾਲ ।
ਭਾਵਰਿ = ਫੇਰੇ, ਲਾਵਾਂ ।
ਲੈ ਹਉ = ਮੈਂ ਲਵਾਂਗੀ ।
ਤਿਹ ਰੰਗਿ ਰਾਤੀ = ਉਸ ਪਤੀ ਦੇ ਪਿਆਰ ਨਾਲ ਰੰਗੀ ਹੋਈ ।੧ ।
ਦੁਲਹਨੀ = ਹੇ ਨਵੀਓਂ ਵਹੁਟੀਓ !
ਮੰਗਲਚਾਰਾ = ਸ਼ਗਨਾਂ ਦੇ ਗੀਤ, ਸੁਹਾਗ ।
ਰੀ = ਹੇ !
ਲਫ਼ਜ਼ ‘ਦੁਲਹਨੀ’ਇਸਤ੍ਰੀ = ਲਿੰਗ ਹੈ, ਇਸ ਵਾਸਤੇ ‘ਰੀ’ ਵਰਤਿਆ ਹੈ, ਵੇਖੋ ਸ਼ਬਦ “ਕਰਵਤੁ ਭਲਾ......” ਵਿਚ ‘ਰੇ ਲੋਈ!’ ।੧।ਰਹਾਉ ।
ਨਾਭਿ = ਧੁੰਨੀ, ਜਿਥੋਂ ਤਕ ਸਾਹ ਲੈਣ ਲੱਗਿਆਂ ਪ੍ਰਾਣ (ਹਵਾ) ਅੱਪੜਦੇ ਮੰਨੇ ਗਏ ਹਨ ।
ਬੇਦੀ = ਵੇਦੀ, ਚਾਰ ਡੰਡੇ ਚੌਰਸ ਥਾਂ ਦੀਆਂ ਨੁੱਕਰਾਂ ਵਿਚ ਗੱਡ ਕੇ ਇਸ ਵਿਚ ਦੋ ਟੋਕਰੇ (ਖਾਰੇ) ਮੂਧੇ ਰੱਖ ਕੇ ਉਹਨਾਂ ਉੱਤੇ ਵਿਆਹ ਵੇਲੇ ਕੁੜੀ ਮੁੰਡੇ ਨੂੰ ਬਿਠਾਉਂਦੇ ਹਨ ।
ਨਾਭਿ...ਲੇ = ਮੈਂ ਆਪਣੀ ਧੁੰਨੀ-ਰੂਪ ਕੌਲ ਫੁੱਲ ਵਿਚ ਵੇਦੀ ਗੱਡ ਲਈ ਹੈ; ਮੈਂ ਸੁਆਸ ਸੁਆਸ ਦੀ ਰਾਹੀਂ ਆਪਣੀ ਸੁਰਤਿ ਪ੍ਰਭੂ-ਚਰਨਾਂ ਵਿਚ ਜੋੜ ਲਈ ਹੈ—ਇਹ ਮੇਰੇ ਵਿਆਹ ਦੀ ਵੇਦੀ ਬਣੀ ਹੈ ।
ਬ੍ਰਹਮ ਗਿਆਨ = ਪਰਮਾਤਮਾ ਦੀ ਜਾਣ-ਪਛਾਣ ਗੁਰੂ ਦਾ ਸ਼ਬਦ ਜੋ ਪਰਮਾਤਮਾ ਦੀ ਜਾਣ-ਪਛਾਣ ਕਰਾਉਂਦਾ ਹੈ ।
ਉਚਾਰਾ = (ਇਹ ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ ।
ਸੋ = ਵਰਗਾ ।
ਦੂਲਹੁ = ਲਾੜਾ ।
ਅਸ ਬਡ = ਅਜਿਹੇ ਵੱਡੇ ।
ਭਾਗ = ਕਿਸਮਤ ।੨ ।
ਕੋਟਿ ਤੇਤੀਸ = ਤੇਤੀ ਕ੍ਰੋੜ ।
ਉਜਾਨਾਂ = {ਸ਼ਕਟ. ਉਦ+ਯਾਨ} ਬਿਬਾਣ ।
ਸੁਰਿ ਨਰ = ਦੈਵੀ ਗੁਣਾਂ ਵਾਲੇ ਬੰਦੇ ।
ਆਏ ਉਜਾਨਾਂ = ਬਿਬਾਣਾਂ ਵਿਚ ਚੜ੍ਹ ਕੇ ਆਏ ਹਨ, ਉੱਚੀਆਂ ਉਡਾਰੀਆਂ ਲਾਉਣ ਵਾਲੇ ਆਏ ਹਨ, ਪ੍ਰਭੂ ਚਰਨਾਂ ਵਿਚ ਜੁੜਨ ਵਾਲੇ ਆਏ ਹਨ ।
    ਸੁਰਿ ਨਰ, ਮੁਨਿ ਜਨ, ਕੋਟਿ ਤੇਤੀਸ—ਸਤਸੰਗੀ ।
ਪੁਰਖ = ਖਸਮ ।
ਕਉਤਕ = ਕਾਰਜ, ਵਿਆਹ ਦੀ ਰਸਮ ।੩ ।
    
Sahib Singh
ਹੇ ਨਵੀਓਂ ਵਹੁਟੀਓ! (ਪ੍ਰਭੂ-ਪ੍ਰੀਤ ਵਿਚ ਰੰਗੇ ਹੋਏ ਗਿਆਨ-ਇੰਦਿ੍ਰਓ!) ਤੁਸੀ ਮੁੜ ਮੁੜ ਸੁਹਾਗ ਦੇ ਗੀਤ ਗਾਓ, (ਕਿਉਂਕਿ) ਮੇਰੇ (ਹਿਰਦੇ-) ਘਰ ਵਿਚ ਮੇਰਾ ਪਤੀ (ਜਗਤ ਦਾ) ਮਾਲਕ-ਪਰਮਾਤਮਾ ਆਇਆ ਹੈ ।੧।ਰਹਾਉ ।
ਮੈਂ ਆਪਣੇ ਸਰੀਰ ਨੂੰ (ਆਪਣਾ ਮਨ ਰੰਗਣ ਲਈ) ਰੰਗਣ ਵਾਲਾ ਭਾਂਡਾ ਬਣਾਇਆ ਹੈ, (ਭਾਵ, ਮੈਂ ਆਪਣੇ ਮਨ ਨੂੰ ਬਾਹਰ ਭਟਕਣ ਤੋਂ ਵਰਜ ਕੇ ਸਰੀਰ ਦੇ ਅੰਦਰ ਹੀ ਰੱਖ ਰਹੀ ਹਾਂ) ।
ਮਨ ਨੂੰ ਮੈਂ ਭਲੇ ਗੁਣਾਂ (ਦੇ ਰੰਗ) ਨਾਲ ਰੰਗਿਆ ਹੈ, (ਇਸ ਕੰਮ ਵਿਚ ਸਹਾਇਤਾ ਕਰਨ ਲਈ) ਦਇਆ ਧਰਮ ਆਦਿਕ ਦੈਵੀ ਗੁਣਾਂ ਨੂੰ ਮੈਂ ਮੇਲੀ (ਜਾਂਞੀ) ਬਣਾਇਆ ਹੈ ।
ਹੁਣ ਮੈਂ ਜਗਤ-ਪਤੀ ਪਰਮਾਤਮਾ ਨਾਲ ਲਾਵਾਂ ਲੈ ਰਹੀ ਹਾਂ, ਤੇ ਮੇਰਾ ਆਤਮਾ ਉਸ ਪਤੀ ਦੇ ਪਿਆਰ ਵਿਚ ਰੰਗਿਆ ਗਿਆ ਹੈ ।੧ ।
ਸੁਆਸ ਸੁਆਸ ਉਸ ਦੀ ਯਾਦ ਵਿਚ ਗੁਜ਼ਾਰਨ ਨੂੰ ਮੈਂ (ਵਿਆਹ ਲਈ) ਵੇਦੀ ਬਣਾ ਲਿਆ ਹੈ, ਸਤਿਗੁਰੂ ਦਾ ਸ਼ਬਦ ਜੋ ਪ੍ਰਭੂ-ਪਤੀ ਨਾਲ ਜਾਣ-ਪਛਾਣ ਕਰਾਉਂਦਾ ਹੈ (ਵਿਆਹ ਦਾ ਮੰਤ੍ਰ) ਉਚਾਰਿਆ ਜਾ ਰਿਹਾ ਹੈ ।
ਮੇਰੇ ਅਜੇਹੇ ਭਾਗ ਜਾਗੇ ਹਨ ਕਿ ਮੈਨੂੰ ਜਗਤ ਦੇ ਮਾਲਕ-ਪਰਮਾਤਮਾ ਵਰਗਾ ਲਾੜਾ ਮਿਲ ਗਿਆ ਹੈ ।੨ ।
ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਣ ਵਾਲੇ ਮੇਰੇ ਸਤਸੰਗੀ ਮੇਰੇ ਵਿਆਹ ਦੀ ਮਰਯਾਦਾ ਕਰਨ ਆਏ ਹਨ ।
ਕਬੀਰ ਆਖਦਾ ਹੈ—ਮੈਨੂੰ ਹੁਣ ਇਕ ਪਰਮਾਤਮਾ ਪਤੀ ਵਿਆਹ ਕੇ ਲੈ ਚੱਲਿਆ ਹੈ ।੩।੨।੨੪ ।

ਨੋਟ: ਇਸ ਸ਼ਬਦ ਵਿਚ ਕਬੀਰ ਜੀ ਨੇ ਕਈ ਗੱਲਾਂ ਇਸ਼ਾਰੇ-ਮਾਤ੍ਰ ਆਖੀਆਂ ਹਨ; ਜਿਵੇਂ, ਪ੍ਰਭੂ-ਪਤੀ ਦੀ ਮਿਹਰ, ਤੇ ਸਤਿਗੁਰੂ ਦੇ ਸ਼ਬਦ ਦੀ ਬਰਕਤਿ ।
ਸਤਿਗੁਰੂ ਨਾਨਕ ਦੇਵ ਜੀ ਨੇ ਇਹਨਾਂ ਗੂੜ ਖਿ਼ਆਲਾਂ ਨੂੰ ਸਪੱਸ਼ਟ ਲਫ਼ਜ਼ਾਂ ਵਿਚ ਦੱਸ ਦਿੱਤਾ ਹੈ ।
“ਪਾਚਉ ਤਤ ਬਰਾਤੀ” ਵਿਚ ਭੀ ਸਿਰਫ਼ ਰਮਜ਼ ਹੀ ਦਿੱਤੀ ਹੈ ।
ਗੁਰੂ ਨਾਨਕ ਸਾਹਿਬ ਨੇ ਸਾਫ਼ ਕਹਿ ਦਿੱਤਾ ਹੈ—“ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ” ਇਸ ਵਿਆਹ-ਕਾਜ ਲਈ ਸਤ ਸੰਤੋਖ ਦਇਆ ਧਰਮ ਦੀ ਲੋੜ ਪੈਂਦੀ ਹੈ) ।
ਉਹ ਸ਼ਬਦ ਇਸੇ ਹੀ ਰਾਗ ਵਿਚ ਇਉਂ ਹੈ: ਆਸਾ ਮਹਲਾ ੧ ॥ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥ ਖੇਲੁ ਦੇਖਿ ਮਨਿ ਅਨਦੁ ਭਇਆ, ਸਹੁ ਵੀਆਹਣ ਆਇਆ ॥੧॥ ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥ ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥੧॥ਰਹਾਉ॥ ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ, ਜਾਂ ਸਹੁ ਮਿਲਿਆ ਤਾਂ ਜਾਨਿਆ ॥ ਤਿਹੁ ਲੋਕਾ ਮਹਿ ਸਬਦੁ ਰਵਿਆ ਹੈ, ਆਪੁ ਗਇਆ ਮਨੁ ਮਾਨਿਆ ॥੨॥ ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ ॥ ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ, ਗੁਰਮੁਖਿ ਬੂਝੈ ਕੋਈ ॥੩॥ ਭਨਤਿ ਨਾਨਕੁ, ਸਭਨਾ ਕਾ ਪਿਰੁ ਏਕੋ ਸੋਇ ॥ ਜਿਸ ਨੋ ਨਦਰਿ ਕਰੇ, ਸਾ ਸੋਹਾਗਣਿ ਹੋਇ ॥੪॥੧੦॥ ਦੋਹਾਂ ਸ਼ਬਦਾਂ ਦੀਆਂ ‘ਰਹਾਉ’ ਦੀਆਂ ਤੁਕਾਂ ਪੜ੍ਹ ਕੇ ਵੇਖੋ ।
ਸਾਫ਼ ਜਾਪਦਾ ਹੈ ਕਿ ਇਹ ਸ਼ਬਦ ਉਚਾਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪਾਸ ਭਗਤ ਕਬੀਰ ਜੀ ਦਾ ਇਹ ਸ਼ਬਦ ਮੌਜੂਦ ਹੈ ।
ਤੇ, ਜੋ ਜੋ ਰੱਬੀ ਰਾਹ ਦੀਆਂ ਗੱਲਾਂ ਉਹਨਾਂ ਇਸ਼ਾਰੇ ਨਾਲ ਆਖੀਆਂ ਹਨ, ਸਤਿਗੁਰੂ ਜੀ ਨੇ ਵਿਸਥਾਰ ਨਾਲ ਦੱਸ ਦਿੱਤੀਆਂ ਹਨ ।
ਦੋਵੇਂ ਸ਼ਬਦ ਇਕੋ ਹੀ ਰਾਗ ਵਿਚ ਹਨ ।
ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸਤਿਗੁਰੂ ਜੀ ਕਬੀਰ ਜੀ ਦੇ ਇਸ ਸ਼ਬਦ ਨੂੰ ਆਪਣੀ ਬਾਣੀ ਦੇ ਨਾਲ ਸਾਂਭ ਕੇ ਰੱਖਣਾ ਚਾਹੁੰਦੇ ਸਨ ।
Follow us on Twitter Facebook Tumblr Reddit Instagram Youtube