ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧
ੴ ਸਤਿਗੁਰ ਪ੍ਰਸਾਦਿ ॥
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥

ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥

ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥
ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥

Sahib Singh
ਬਿੰਦੁ ਤੇ = ਬਿੰਦ ਤੋਂ, ਇਕ ਬੂੰਦ ਤੋਂ ।
ਜਿਨਿ = ਜਿਸ (ਪ੍ਰਭੂ) ਨੇ ।
ਪਿੰਡੁ = ਸਰੀਰ ।
ਅਗਨਿ ਕੁੰਡ = ਅੱਗ ਦੇ ਕੁੰਡ ਵਿਚ ।
ਰਹਾਇਆ = ਰੱਖਿਆ; ਬਚਾ ਰੱਖਿਆ ।
ਮਾਸ = ਮਹੀਨੇ ।
ਮਾਤਾ ਉਦਰਿ = ਮਾਂ ਦੇ ਪੇਟ ਵਿਚ ।
ਬਹੁਰਿ = ਮੁੜ, ਉਸ ਤੋਂ ਪਿੱਛੋਂ (ਭਾਵ, ਜਨਮ ਲੈਣ ਤੇ) ।
ਲਾਗੀ = ਆ ਦਬਾਇਆ ।੧ ।
ਕਾਹੇ ਕਉ = ਕਿਸ ਵਾਸਤੇ, ਕਿਉਂ ?
ਲੋਭਿ = ਲੋਭ ਵਿਚ ।
ਖੋਇਆ = ਗਵਾ ਲਿਆ ਹੈ ।
ਪੂਰਬ = ਪਿਛਲਾ ।
ਭੂਮਿ = ਧਰਤੀ (ਸਰੀਰ = ਰੂਪ) ।
ਜਨਮਿ = ਜਨਮ ਵਿਚ ।੧।ਰਹਾਉ ।
ਬਿਰਧਿ = ਬੁੱਢਾ ।
ਹੋਨਾ ਸੋ ਹੋਇਆ = ਬੀਤਿਆ ਸਮਾ ਮੁੜ ਹੱਥ ਨਹੀਂ ਆਉਂਦਾ ।
ਝੋਟ = ਜੂੜਾ, ਕੇਸ ।ਤਬਹਿ—ਤਦੋਂ ।੨ ।
ਨਿਹਾਰੈ = ਤੱਕਦਾ ਹੈ ।
ਸਾਸਾ = ਸਾਹ ।
ਬਾਜੀਗਰੀ = ਨਟ ਦੀ ਖੇਡ ।
ਚੇਤਿ = ਯਾਦ ਕਰ, ਪ੍ਰਭੂ ਦੀ ਬੰਦਗੀ ਕਰ ।
ਢਾਲਿ ਪਾਸਾ = ਪਾਸਾ ਸੁੱਟ ।੩ ।
    
Sahib Singh
ਜਿਸ ਪ੍ਰਭੂ ਨੇ (ਪਿਤਾ ਦੀ) ਇਕ ਬੂੰਦ ਤੋਂ (ਤੇਰਾ) ਸਰੀਰ ਬਣਾ ਦਿੱਤਾ, ਤੇ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਤੈਨੂੰ ਬਚਾਈ ਰੱਖਿਆ, ਦਸ ਮਹੀਨੇ ਮਾਂ ਦੇ ਪੇਟ ਵਿਚ ਤੇਰੀ ਰਾਖੀ ਕੀਤੀ, (ਉਸ ਨੂੰ ਵਿਸਾਰਨ ਕਰ ਕੇ) ਜਗਤ ਵਿਚ ਜਨਮ ਲੈਣ ਤੇ ਤੈਨੂੰ ਮਾਇਆ ਨੇ ਆ ਦਬਾਇਆ ਹੈ ।੧ ।
ਹੇ ਬੰਦੇ! ਕਿਉਂ ਲੋਭ ਵਿਚ ਫਸ ਰਿਹਾ ਹੈਂ ਤੇ ਹੀਰਾ-ਜਨਮ ਗਵਾ ਰਿਹਾ ਹੈਂ ?
ਪਿਛਲੇ ਜਨਮ ਵਿਚ (ਕੀਤੇ) ਕਰਮਾਂ-ਅਨੁਸਾਰ (ਮਿਲੇ ਇਸ ਮਨੁੱਖਾ-) ਸਰੀਰ ਵਿਚ ਕਿਉਂ ਤੂੰ ਪ੍ਰਭੂ ਦਾ ਨਾਮ-ਰੂਪ ਬੀਜ ਨਹੀਂ ਬੀਜਦਾ ?
।੧।ਰਹਾਉ ।
ਹੁਣ ਤੂੰ ਬਾਲਕ ਤੋਂ ਬੁੱਢਾ ਹੋ ਗਿਆ ਹੈਂ, ਪਿਛਲਾ ਬੀਤਿਆ ਸਮਾ ਹੱਥ ਨਹੀਂ ਆਉਣਾ ।
ਜਿਸ ਵੇਲੇ ਜਮ ਸਿਰੋਂ ਆ ਫੜੇਗਾ, ਤਦੋਂ ਰੋਣ ਦਾ ਕੀਹ ਲਾਭ ਹੋਵੇਗਾ ?
।੨ ।
(ਬੁੱਢਾ ਹੋ ਕੇ ਅਜੇ ਭੀ) ਤੂੰ (ਹੋਰ) ਜੀਊਣ ਦੀਆਂ ਆਸਾਂ ਬਣਾ ਰਿਹਾ ਹੈਂ, (ਤੇ ਉਧਰ) ਜਮ ਤੇਰੇ ਸਾਹ ਤੱਕ ਰਿਹਾ ਹੈ (ਭਾਵ, ਗਿਣ) ਰਿਹਾ ਹੈ ਕਿ ਕਦੋਂ ਮੁੱਕਣ ਤੇ ਆਉਂਦੇ ਹਨ ।
ਹੇ ਕਬੀਰ! ਜਗਤ ਨਟ ਦੀ ਖੇਡ ਹੀ ਹੈ, (ਇਸ ਖੇਡ ਵਿਚ ਜਿੱਤਣ ਲਈ) ਪ੍ਰਭੂ ਦੀ ਯਾਦ ਦਾ ਪਾਸਾ ਸੁੱਟ (ਪ੍ਰਭੂ ਦੀ ਯਾਦ ਦੀ ਖੇਡ ਖੇਡੋ) ।੩।੧।੨੩ ।
Follow us on Twitter Facebook Tumblr Reddit Instagram Youtube