ਆਸਾ ॥
ਪਹਿਲਾ ਪੂਤੁ ਪਿਛੈਰੀ ਮਾਈ ॥
ਗੁਰੁ ਲਾਗੋ ਚੇਲੇ ਕੀ ਪਾਈ ॥੧॥

ਏਕੁ ਅਚੰਭਉ ਸੁਨਹੁ ਤੁਮ੍ਹ ਭਾਈ ॥
ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥

ਜਲ ਕੀ ਮਛੁਲੀ ਤਰਵਰਿ ਬਿਆਈ ॥
ਦੇਖਤ ਕੁਤਰਾ ਲੈ ਗਈ ਬਿਲਾਈ ॥੨॥

ਤਲੈ ਰੇ ਬੈਸਾ ਊਪਰਿ ਸੂਲਾ ॥
ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥

ਘੋਰੈ ਚਰਿ ਭੈਸ ਚਰਾਵਨ ਜਾਈ ॥
ਬਾਹਰਿ ਬੈਲੁ ਗੋਨਿ ਘਰਿ ਆਈ ॥੪॥

ਕਹਤ ਕਬੀਰ ਜੁ ਇਸ ਪਦ ਬੂਝੈ ॥
ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥

Sahib Singh
ਪਹਿਲਾ = ਪਹਿਲਾਂ ।
ਪੂਤੁ = ਪਵਿੱਤਰ (ਪ੍ਰਭੂ ਦੀ ਅੰਸ) ਸੀ ।
ਮਾਈ = ਮਾਇਆ ਵੀ, ਮਾਇਆ ਦੇ ਅਸਰ ਵਾਲਾ ।
ਗੁਰੁ = ਜੀਵ (ਜੋ ਵੱਡੇ ਅਸਲੇ ਵਾਲਾ ਸੀ) ।
ਚੇਲੇ ਕੀ ਪਾਈ = ਮਨ = ਰੂਪ ਚੇਲੇ ਦੀ ਪੈਰੀਂ ।੧ ।
ਸਿੰਘੁ = ਸ਼ੇਰ, ਨਿਡਰ ਅਸਲੇ ਵਾਲਾ ਜੀਵ ।
ਗਾਈ = ਗਾਈਆਂ, ਇੰਦ੍ਰੀਆਂ ।
ਚਰਾਵਤ = ਚਾਰ ਰਿਹਾ ਹੈ, ਸੰਤੁਸ਼ਟ ਕਰ ਰਿਹਾ ਹੈ ।੧।ਰਹਾਉ ।
ਜਲ ਕੀ ਮਛੁਲੀ = ਪਾਣੀ ਦੇ ਆਸਰੇ ਜੀਊਣ ਵਾਲੀ ਮੱਛੀ, ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ।
ਤਰਵਰਿ = ਰੁੱਖ ਉੱਤੇ, ਇਸ ਸੰਸਾਰ ਵਿਚ ਜਿੱਥੇ ਵਸੇਬਾ ਇਉਂ ਹੀ ਹੈ ਜਿਵੇਂ ਪੰਛੀਆਂ ਦਾ ਰੁੱਖ ਉੱਤੇ ।
ਬਿਆਈ = ਸੂ ਪਈ, ਰੁੱਝ ਗਈ ।
ਕੁਤਰਾ = ਕਤੂਰੇ ਨੂੰ, ਸੰਤੋਖ ਨੂੰ {ਨੋਟ:- ਕੁੱਤੇ ਦਾ ਸੰਤੋਖ ਵਾਲਾ ਸੁਭਾਵ ਪ੍ਰਸਿੱਧ ਹੈ} ।
ਬਿਲਾਈ = ਬਿੱਲੀ, ਤ੍ਰਿਸ਼ਨਾ ।੨ ।
ਰੇ = ਹੇ ਭਾਈ !
ਤਲੈ = ਹੇਠਲੇ ਪਾਸੇ ।
ਬੈਸਾ = ਟਹਿਣੀਆਂ, ਸ਼ਾਖਾਂ (ਰਾਜਪੁਰੇ ਅੰਬਾਲੇ ਵਲ ਦੀ ਬੋਲੀ) ।
ਬੈਸਾ ਤਲੈ = ਟਹਿਣੀਆਂ (ਆਪਣੇ ਪੈਰਾਂ ਦੇ) ਹੇਠ ਕਰ ਲਈਆਂ, ਸੰਸਾਰਕ ਪਸਾਰੇ ਨੂੰ ਆਸਰਾ ਬਣਾ ਲਿਆ ।
ਸੂਲਾ = ਸੂਲ, ਮੁੱਢ, ਅਸਲੀ ਮੂਲ-ਪ੍ਰਭੂ ।
ਊਪਰਿ = ਉਤਾਂਹ, ਬਾਹਰ ਕੱਢ ਦਿੱਤਾ ।
ਪੇਡਿ = ਤਨ ਉੱਤੇ ।੩ ।
ਚਰਿ = ਚੜ੍ਹ ਕੇ ।
ਘੋਰੈ = ਮਨ = ਘੋੜੇ ਉੱਤੇ ।
ਭੈਸ = ਮੱਝਾਂ, ਵਾਸ਼ਨਾ ।
ਬੈਲੁ = ਬਲਦ (ਦਾ ਧੀਰਜ ਵਾਲਾ ਸੁਭਾਉ) ।
ਗੋਨਿ = (ਤ੍ਰਿਸ਼ਨਾ ਦੀ) ਛੱਟ ।
ਘਰਿ = ਹਿਰਦੇ = ਘਰ ਵਿਚ ।੪।ਪਦ—ਅਵਸਥਾ ।
ਬੂਝੈ = ਸਮਝ ਲਏ ।੪ ।
    
Sahib Singh
ਹੇ ਭਾਈ! ਸੁਣੋ ਇਕ ਅਚਰਜ ਖੇਡ (ਜੋ ਜਗਤ ਵਿਚ ਵਰਤ ਰਹੀ ਹੈ) ਸਾਡੇ ਵੇਖਦਿਆਂ ਇਹ ਨਿਡਰ ਅਸਲੇ ਵਾਲਾ ਜੀਵ ਇੰਦਿ੍ਰਆਂ ਨੂੰ ਪ੍ਰਸੰਨ ਕਰਦਾ ਫਿਰਦਾ ਹੈ, ਮਾਨੋ, ਸ਼ੇਰ ਗਾਈਆਂ ਚਾਰਦਾ ਫਿਰਦਾ ਹੈ ।੧।ਰਹਾਉ ।
ਇਹ ਜੀਵਾਤਮਾ ਤਾਂ ਪਵਿੱਤਰ (ਪਰਮਾਤਮਾ ਦੀ ਅੰਸ) ਸੀ, ਪਰ ਇਸ ਉੱਤੇ ਮਾਇਆ ਦਾ ਪ੍ਰਭਾਵ ਪੈ ਗਿਆ, ਤੇ ਵੱਡੇ ਅਸਲੇ ਵਾਲਾ ਜੀਵ (ਆਪਣੇ ਹੀ ਬਣਾਏ ਹੋਏ) ਮਨ ਚੇਲੇ ਦੀ ਪੈਰੀਂ ਲੱਗਣ ਲੱਗ ਪਿਆ (ਭਾਵ, ਮਨ ਦੇ ਪਿੱਛੇ ਤੁਰਨ ਲੱਗ ਪਿਆ) ।੧ ।
ਸਤਸੰਗ ਦੇ ਆਸਰੇ ਜੀਊਣ ਵਾਲੀ ਜਿੰਦ ਸੰਸਾਰਕ ਕੰਮਾਂ ਵਿਚ ਰੁੱਝ ਗਈ ਹੈ, ਤ੍ਰਿਸ਼ਨਾ-ਬਿੱਲੀ ਇਸ ਦੇ ਸੰਤੋਖ ਨੂੰ ਸਾਡੇ ਵੇਖਦਿਆਂ ਹੀ ਫੜ ਲੈ ਗਈ ਹੈ ।੨ ।
ਹੇ ਭਾਈ! ਇਸ ਜੀਵ ਨੇ ਸੰਸਾਰਕ ਪਸਾਰੇ ਨੂੰ ਆਪਣਾ ਬਣਾ ਲਿਆ ਹੈ ਤੇ ਅਸਲੀ ਮੂਲ-ਪ੍ਰਭੂ ਨੂੰ ਆਪਣੇ ਅੰਦਰੋਂ ਬਾਹਰ ਕੱਢ ਦਿੱਤਾ ਹੈ ।
ਹੁਣ ਇਹੋ ਜਿਹੇ (ਜੀਵ-ਰੁੱਖ) ਦੇ ਪੇੜ ਨੂੰ ਫੁੱਲ ਫਲ ਭੀ ਅਜਿਹੇ ਹੀ ਵਾਸਨਾ ਦੇ ਹੀ ਲੱਗ ਰਹੇ ਹਨ ।੩ ।
(ਜੀਵਾਤਮਾ ਦੇ ਕਮਜ਼ੋਰ ਪੈਣ ਕਰਕੇ) ਵਾਸ਼ਨਾ-ਭੈਂਸ ਮਨ-ਘੋੜੇ ਉੱਤੇ ਸਵਾਰ ਹੋ ਕੇ ਇਸ ਨੂੰ ਵਿਸ਼ੇ ਭੋਗਣ ਲਈ ਭਜਾਈ ਫਿਰਦੀ ਹੈ ।
(ਹੁਣ ਹਾਲਤ ਇਹ ਬਣ ਗਈ ਹੈ ਕਿ) ਧੀਰਜ-ਰੂਪ ਬਲਦ ਬਾਹਰ ਨਿਕਲ ਗਿਆ ਹੈ (ਭਾਵ, ਧੀਰਜ ਨਹੀਂ ਰਹਿ ਗਈ), ਤੇ ਤ੍ਰਿਸ਼ਨਾ ਦੀ ਛੱਟ ਜੀਵ ਉੱਤੇ ਆ ਪਈ ਹੈ ।੪ ।
ਕਬੀਰ ਆਖਦਾ ਹੈ—ਜੋ ਮਨੁੱਖ ਇਸ (ਵਾਪਰਨ ਵਾਲੀ) ਹਾਲਤ ਨੂੰ ਸਮਝ ਲੈਂਦਾ ਹੈ, ਪਰਮਾਤਮਾ ਦਾ ਸਿਮਰਨ ਕਰ ਕੇ ਉਸ ਨੂੰ ਜੀਵਨ ਦੇ ਸਹੀ ਰਸਤੇ ਦੀ ਸਾਰੀ ਸੂਝ ਪੈ ਜਾਂਦੀ ਹੈ (ਤੇ, ਉਹ ਇਸ ਤ੍ਰਿਸ਼ਨਾ-ਜਾਲ ਵਿਚ ਨਹੀਂ ਫਸਦਾ) ।੫।੯।੨੨ ।
Follow us on Twitter Facebook Tumblr Reddit Instagram Youtube