ਆਸਾ ॥
ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥
ਤਿਹ ਰਾਵਨ ਘਰ ਖਬਰਿ ਨ ਪਾਈ ॥੧॥

ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥
ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥

ਇਕੁ ਲਖੁ ਪੂਤ ਸਵਾ ਲਖੁ ਨਾਤੀ ॥
ਤਿਹ ਰਾਵਨ ਘਰ ਦੀਆ ਨ ਬਾਤੀ ॥੨॥

ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥
ਬੈਸੰਤਰੁ ਜਾ ਕੇ ਕਪਰੇ ਧੋਈ ॥੩॥

ਗੁਰਮਤਿ ਰਾਮੈ ਨਾਮਿ ਬਸਾਈ ॥
ਅਸਥਿਰੁ ਰਹੈ ਨ ਕਤਹੂੰ ਜਾਈ ॥੪॥

ਕਹਤ ਕਬੀਰ ਸੁਨਹੁ ਰੇ ਲੋਈ ॥
ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥

Sahib Singh
ਸਾ = ਵਰਗਾ ।
ਸੀ = ਵਰਗੀ ।
ਕੋਟੁ = ਕਿਲ੍ਹਾ ।
ਖਾਈ = ਖ਼ਾਲੀ ਜੋ ਚੌੜੀ ਤੇ ਡੂੰਘੀ ਪੁੱਟ ਕੇ ਕਿਲਿ੍ਹਆਂ ਦੇ ਦੁਆਲੇ ਬਣਾਈ ਜਾਂਦੀ ਹੈ ਤੇ ਕਿਲ੍ਹੇ ਦੀ ਹਿਫ਼ਾਜ਼ਤ ਲਈ ਪਾਣੀ ਨਾਲ ਭਰੀ ਰੱਖੀਦੀ ਹੈ ।
ਘਰ ਖਬਰਿ = ਘਰ ਦੀ ਖ਼ਬਰ, ਘਰ ਦਾ ਨਾਮ-ਨਿਸ਼ਾਨ ।
ਨ ਪਾਈ = ਨਹੀਂ ਲੱਭਦਾ ।੧ ।
ਮਾਗਉ = ਮੈਂ ਮੰਗਾਂ ।
ਦੇਖਤ ਨੈਨ = ਅੱਖੀ ਵੇਖਦਿਆਂ, ਸਾਡੇ ਸਾਹਮਣੇ ।
ਜਾਈ = ਜਾ ਰਿਹਾ ਹੈ, ਨਾਸ ਹੋ ਰਿਹਾ ਹੈ ।੧।ਰਹਾਉ ।
ਨਾਤੀ = ਪੋਤਰੇ ।
ਦੀਆ = ਦੀਵਾ ।
ਬਾਤੀ = ਵੱਟੀ ।੨ ।
ਜਾ ਕੇ = ਜਿਸ ਦੇ ਘਰ ।
ਤਪਤ ਰਸੋਈ = ਰਸੋਈ ਤਪਾਉਂਦੇ ਹਨ, ਰੋਟੀ ਤਿਆਰ ਕਰਦੇ ਹਨ ।
ਬੈਸੰਤਰੁ = ਅੱਗ ।
ਧੋਈ = ਧੋਂਦਾ ਹੈ ।੩ ।
ਨਾਮਿ = ਨਾਮ ਵਿਚ ।
ਨ ਕਤਹੂੰ = ਕਿਤੇ ਹੋਰਥੈ ਨਹੀਂ ।੪ ।
ਰੇ ਲੋਈ = ਹੇ ਲੋਕ !
    ਹੇ ਜਗਤ !
{ਨੋਟ = ਲਫ਼ਜ਼ ‘ਰੇ’ ਪੁਲਿੰਗ ਹੈ, ਇਸ ਵਾਸਤੇ ਲਫ਼ਜ਼ ‘ਲੋਈ’ ਭੀ ਪੁਲਿੰਗ ਹੀ ਹੈ ।
    ਵੇਖੋ ਇਸੇ ਹੀ ਰਾਗ ਵਿਚ ਕਬੀਰ ਜੀ ਦਾ ਸ਼ਬਦ ਨੰ: ੩੫} ।
ਮੁਕਤਿ = ਜਗਤ ਦੀ ਮਾਇਆ ਦੇ ਮੋਹ ਤੋਂ ਖ਼ਲਾਸੀ ।੫ ।
    
Sahib Singh
ਮੈਂ (ਪਰਮਾਤਮਾ ਪਾਸੋਂ ਦੁਨੀਆ ਦੀ) ਕਿਹੜੀ ਸ਼ੈ ਮੰਗਾਂ ?
ਕੋਈ ਸ਼ੈ ਸਦਾ ਰਹਿਣ ਵਾਲੀ ਨਹੀਂ ਹੈ; ਮੇਰੇ ਅੱਖੀਂ ਵੇਂਹਦਿਆਂ ਸਾਰਾ ਜਗਤ ਤੁਰਿਆ ਜਾ ਰਿਹਾ ਹੈ ।੧।ਰਹਾਉ ।
ਜਿਸ ਰਾਵਣ ਦਾ ਲੰਕਾ ਵਰਗਾ ਕਿਲ੍ਹਾ ਸੀ, ਤੇ ਸਮੁੰਦਰ ਵਰਗੀ (ਉਸ ਕਿਲ੍ਹੇ ਦੀ ਰਾਖੀ ਲਈ) ਖਾਈ ਸੀ, ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ।੧ ।
ਜਿਸ ਰਾਵਣ ਦੇ ਇੱਕ ਲੱਖ ਪੁੱਤਰ ਤੇ ਸਵਾ ਲੱਖ ਪੋਤਰੇ (ਦੱਸੇ ਜਾਂਦੇ ਹਨ), ਉਸ ਦੇ ਮਹਿਲਾਂ ਵਿਚ ਕਿਤੇ ਦੀਵਾ-ਵੱਟੀ ਜਗਦਾ ਨਾਹ ਰਿਹਾ ।੨ ।
(ਇਹ ਉਸ ਰਾਵਣ ਦਾ ਜ਼ਿਕਰ ਹੈ) ਜਿਸ ਦੀ ਰਸੋਈ ਚੰਦ੍ਰਮਾ ਤੇ ਸੂਰਜ ਤਿਆਰ ਕਰਦੇ ਸਨ, ਜਿਸ ਦੇ ਕੱਪੜੇਬੈਸੰਤਰ ਦੇਵਤਾ ਧੋਂਦਾ ਸੀ (ਭਾਵ, ਜਿਸ ਰਾਵਣ ਦੇ ਪੁੱਤਰ ਪੋਤਰਿਆਂ ਦੀ ਰੋਟੀ ਤਿਆਰ ਕਰਨ ਲਈ ਦਿਨੇ ਰਾਤ ਰਸੋਈ ਤਪਦੀ ਰਹਿੰਦੀ ਸੀ ਤੇ ਉਹਨਾਂ ਦੇ ਕੱਪੜੇ ਸਾਫ਼ ਕਰਨ ਲਈ ਹਰ ਵੇਲੇ ਅੱਗ ਦੀਆਂ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ) ।੩ ।
(ਸੋ) ਜੋ ਮਨੁੱਖ (ਇਸ ਨਾਸਵੰਤ ਜਗਤ ਵਲੋਂ ਹਟਾ ਕੇ ਆਪਣੇ ਮਨ ਨੂੰ) ਸਤਿਗੁਰੂ ਦੀ ਮੱਤ ਲੈ ਕੇ ਪ੍ਰਭੂ ਦੇ ਨਾਮ ਵਿਚ ਟਿਕਾਉਂਦਾ ਹੈ, ਉਹ ਸਦਾ ਅਡੋਲ ਰਹਿੰਦਾ ਹੈ, ਇਸ ਜਗਤ-ਮਾਇਆ ਦੀ ਖ਼ਾਤਰ) ਭਟਕਦਾ ਨਹੀਂ ਹੈ ।੪ ।
ਕਬੀਰ ਆਖਦਾ ਹੈ—ਸੁਣੋ, ਹੇ ਜਗਤ ਦੇ ਲੋਕੋ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਦੇ ਇਸ ਮੋਹ ਤੋਂ ਖ਼ਲਾਸੀ ਨਹੀਂ ਹੋ ਸਕਦੀ) ।੫।੮।੨੧ ।

ਨੋਟ: ਲੋਕਾਂ ਦੇ ਜੋ ਆਮ ਖਿ਼ਆਲ ਰਾਵਣ ਦੇ ਵਡੱਪਣ ਬਾਬਤ ਬਣੇ ਹੋਏ ਸਨ, ਉਹਨਾਂ ਦਾ ਹਵਾਲਾ ਦੇ ਕੇ ਕਬੀਰ ਜੀ ਆਖਦੇ ਹਨ ਕਿ ਜੋ ਰਾਵਣ ਤੁਹਾਡੇ ਖਿ਼ਆਲ ਅਨੁਸਾਰ ਇਤਨਾ ਬਲੀ, ਧਨੀ ਤੇ ਪਰਵਾਰ ਵਾਲਾ ਸੀ, ਉਸ ਦਾ ਭੀ ਹੁਣ ਕਿਤੇ ਨਾਮ-ਨਿਸ਼ਾਨ ਨਹੀਂ ਰਹਿ ਗਿਆ ।
ਰਾਵਣ ਦੇ ਇਕ ਲੱਖ ਪੁੱਤਰ ਅਤੇ ਸਵਾ ਲੱਖ ਪੋਤਰੇ ਸਚਮੁਚ ਹੈਸਨ ਜਾਂ ਨਹੀਂ, ਕਬੀਰ ਜੀ ਨੂੰ ਇਸ ਨਾਲ ਕੋਈ ਗ਼ਰਜ਼ ਨਹੀਂ ਹੈ ।
Follow us on Twitter Facebook Tumblr Reddit Instagram Youtube