ਆਸਾ ॥
ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥
ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥

ਰਾਮ ਰਾਮ ਰਾਮ ਰਮੇ ਰਮਿ ਰਹੀਐ ॥
ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥

ਕਊਆ ਕਹਾ ਕਪੂਰ ਚਰਾਏ ॥
ਕਹ ਬਿਸੀਅਰ ਕਉ ਦੂਧੁ ਪੀਆਏ ॥੨॥

ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥
ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥

ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥

ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥
ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥

Sahib Singh
ਕਹਾ = ਕੀਹ ਲਾਭ ?
    ਕੋਈ ਲਾਭ ਨਹੀਂ ਹੁੰਦਾ ।
ਸੁਆਨ = ਕੁੱਤਾ ।
ਸਾਕਤ = ਰੱਬ ਤੋਂ ਟੁੱਟਾ ਹੋਇਆ ਜੀਵ ।
ਪਹਿ = ਪਾਸ, ਕੋਲ ।੧ ।
ਰਮੇ ਰਮਿ ਰਹੀਐ = ਸਦਾ ਸਿਮਰਦੇ ਰਹੀਏ ।
ਭੂਲਿ = ਭੁੱਲ ਕੇ, ਕਦੇ ਭੀ ।
ਕਹੀਐ = ਸਿਮਰਨ ਦਾ ਉਪਦੇਸ਼ ਕਰੀਏ ।੧।ਰਹਾਉ ।
ਕਪੂਰ = ਮੁਸ਼ਕ = ਕਾਫ਼ੂਰ ।
ਚਰਾਏ = ਖੁਆਇਆਂ ।
ਕਹ = ਕੀਹ ਲਾਭ ?
ਬਿਸੀਅਰ = ਸੱਪ ।੨ ।
ਬਿਬੇਕ ਬੁਧਿ = ਚੰਗਾ = ਮੰਦਾ ਪਰਖਣ ਦੀ ਅਕਲ ।
ਪਰਸਿ = ਛੋਹ ਕੇ ।
ਕੰਚਨੁ = ਸੋਨਾ ।
ਸੋਈ = ਉਹੀ ਲੋਹਾ ।੩ ।
ਧੁਰਿ = ਧੁਰ ਤੋਂ, ਮੁੱਢ ਤੋਂ, ਜੀਵ ਦੇ ਕੀਤੇ ਕਰਮਾਂ ਅਨੁਸਾਰ ।੪ ।
ਨੀਮੁ = ਨਿੰਮ ਦਾ ਬੂਟਾ ।
ਸਿੰਚਾਈ = ਪਾਣੀ ਦੇਈਏ ।
ਉਆ ਕੋ = ਉਸ ਨਿੰਮ ਦੇ ਬੂਟੇ ਦਾ ।
ਸਹਜੁ = ਜਮਾਂਦਰੂ ਸੁਭਾਉ ।੫ ।
    
Sahib Singh
(ਜਿਵੇਂ) ਕੁੱਤੇ ਨੂੰ ਸਿੰਮਿ੍ਰਤੀਆਂ ਸੁਣਾਉਣ ਦਾ ਕੋਈ ਲਾਭ ਨਹੀਂ ਹੁੰਦਾ, ਤਿਵੇਂ ਸਾਕਤ ਦੇ ਕੋਲ ਪਰਮਾਤਮਾ ਦੇ ਗੁਣ ਗਾਵਿਆਂ ਸਾਕਤ ਉੱਤੇ ਅਸਰ ਨਹੀਂ ਪੈਂਦਾ ।੧ ।
(ਹੇ ਭਾਈ! ਆਪ ਹੀ) ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਕਦੇ ਭੀ ਕਿਸੇ ਸਾਕਤ ਨੂੰ ਸਿਮਰਨ ਕਰਨ ਦੀ ਸਿੱਖਿਆ ਨਹੀਂ ਦੇਣੀ ਚਾਹੀਦੀ ।੧।ਰਹਾਉ ।
ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੋਈ ਗੁਣ ਨਹੀਂ ਨਿਕਲਦਾ (ਕਿਉਂਕਿ ਕਾਂ ਦੀ ਗੰਦ ਖਾਣ ਦੀ ਆਦਤ ਨਹੀਂ ਜਾ ਸਕਦੀ, ਇਸੇ ਤ੍ਰਹਾਂ) ਸੱਪ ਨੂੰ ਦੁੱਧ ਪਿਲਾਉਣ ਨਾਲ ਭੀ ਕੋਈ ਫ਼ਾਇਦਾ ਨਹੀਂ ਹੋ ਸਕਦਾ (ਉਹ ਡੰਗ ਮਾਰਨੋਂ ਫਿਰ ਭੀ ਨਹੀਂ ਟਲੇਗਾ) ।੨ ।
ਇਹ ਚੰਗੇ-ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਸਾਧ-ਸੰਗਤ ਵਿਚ ਬੈਠਿਆਂ ਹੀ ਆਉਂਦੀ ਹੈ, ਜਿਵੇਂ ਪਾਰਸ ਨੂੰ ਛੋਹ ਕੇ ਉਹ ਲੋਹਾ ਭੀ ਸੋਨਾ ਹੋ ਜਾਂਦਾ ਹੈ ।੩ ।
ਕੁੱਤਾ ਤੇ ਸਾਕਤ ਜੋ ਕੁਝ ਕਰਦਾ ਹੈ, ਪ੍ਰੇਰਿਆ ਹੋਇਆ ਹੀ ਕਰਦਾ ਹੈ, ਪਿਛਲੇ ਕੀਤੇ ਕਰਮਾਂ-ਅਨੁਸਾਰ ਜੋ ਕੁਝ ਮੁੱਢ ਤੋਂ ਇਸ ਦੇ ਮੱਥੇ ਉੱਤੇ ਲਿਖਿਆ ਹੈ (ਭਾਵ, ਜੋ ਸੰਸਕਾਰ ਇਸ ਦੇ ਮਨ ਵਿਚ ਬਣ ਚੁਕੇ ਹਨ) ਉਸੇ ਤ੍ਰਹਾਂ ਹੀ ਹੁਣ ਕਰੀ ਜਾਂਦਾ ਹੈ ।੪।ਕਬੀਰ ਆਖਦਾ ਹੈ—ਜੇ ਅੰਮਿ੍ਰਤ (ਭਾਵ, ਮਿਠਾਸ ਵਾਲਾ ਜਲ) ਲੈ ਕੇ ਨਿੰਮ ਦੇ ਬੂਟੇ ਨੂੰ ਮੁੜ ਮੁੜ ਸਿੰਜਦੇ ਰਹੀਏ, ਤਾਂ ਭੀ ਉਸ ਬੂਟੇ ਦਾ ਜਮਾਂਦਰੂ (ਕੁੜਿੱਤਣ ਵਾਲਾ) ਸੁਭਾਉ ਦੂਰ ਨਹੀਂ ਹੋ ਸਕਦਾ ।੫।੭।੨੦ ।
ਸ਼ਬਦ ਦਾ ਭਾਵ—ਹਰੇਕ ਮਨੁੱਖ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਪ੍ਰੇਰਿਆ ਹੋਇਆ ਪੁਰਾਣੀਆਂ ਲੀਹਾਂ ਵਿਚ ਤੁਰਿਆ ਜਾ ਰਿਹਾ ਹੈ ।
ਸੋ, ਕਿਸੇ ਨੂੰ ਦਿੱਤੀ ਹੋਈ ਸਿੱਖਿਆ ਕੋਈ ਕਾਟ ਨਹੀਂ ਕਰਦੀ ।
ਪਰ, ਜੇ ਵਿਕਾਰੀ ਬੰਦਾ ਕਿਸੇ ਸਬੱਬ ਸਾਧ-ਸੰਗਤ ਵਿਚ ਆ ਜਾਏ, ਉੱਥੇ ਸਹਿਜੇ ਸਹਿਜੇ ਨਵੀਂ ਘਸਰ ਲੱਗਣ ਨਾਲ ਪੁਰਾਣੇ ਮੰਦੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਹਨ, ਤੇ ਆਖ਼ਰ ਮਨੁੱਖ ਸੁੱਧ ਸੋਨਾ ਬਣ ਜਾਂਦਾ ਹੈ ।੨੦ ।
Follow us on Twitter Facebook Tumblr Reddit Instagram Youtube