ਆਸਾ ਇਕਤੁਕੇ ੪ ॥
ਸਰਪਨੀ ਤੇ ਊਪਰਿ ਨਹੀ ਬਲੀਆ ॥
ਜਿਨਿ ਬ੍ਰਹਮਾ ਬਿਸਨੁ ਮਹਾਦੇਉ ਛਲੀਆ ॥੧॥

ਮਾਰੁ ਮਾਰੁ ਸ੍ਰਪਨੀ ਨਿਰਮਲ ਜਲਿ ਪੈਠੀ ॥
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥੧॥ ਰਹਾਉ ॥

ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥
ਜਿਨਿ ਸਾਚੁ ਪਛਾਨਿਆ ਤਿਨਿ ਸ੍ਰਪਨੀ ਖਾਈ ॥੨॥

ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥
ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥੩॥

ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥
ਬਲੁ ਅਬਲੁ ਕਿਆ ਇਸ ਤੇ ਹੋਈ ॥੪॥

ਇਹ ਬਸਤੀ ਤਾ ਬਸਤ ਸਰੀਰਾ ॥
ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥

Sahib Singh
ਸਰਪਨੀ = ਸੱਪਣੀ, ਮੋਹ ਦਾ ਡੰਗ ਮਾਰਨ ਵਾਲੀ ਮਾਇਆ ।
ਤੇ ਉਪਰਿ = ਤੋਂ ਵਧੀਕ ।
ਜਿਨਿ = ਜਿਸ ਸੱਪਣੀ ਨੇ ।
ਮਹਾਦੇਉ = ਸ਼ਿਵ ।੧ ।
ਮਾਰੁ ਮਾਰੁ = ਮਾਰੋ = ਮਾਰ ਕਰਦੀ, ਬੜੇ ਜ਼ੋਰਾਂ ਵਿਚ ਆਈ ਹੋਈ ।
ਜਲਿ = ਜਲ ਵਿਚ ।
ਨਿਰਮਲ ਜਲਿ = ਪਵਿੱਤਰ ਜਲ ਵਿਚ, ਸ਼ਾਂਤ ਸਰ ਵਿਚ, ਸਤ-ਸੰਗ ਵਿਚ ।
ਪੈਠੀ = ਆ ਟਿਕਦੀ ਹੈ, ਸ਼ਾਂਤ ਹੋ ਜਾਂਦੀ ਹੈ ।
ਤਿ੍ਰਭਵਣੁ = ਸਾਰਾ ਸੰਸਾਰ ।
ਡੀਠੀ = ਦਿੱਸ ਪਈ ਹੈ ।੧।ਰਹਾਉ ।
ਸ੍ਰਪਨੀ...ਭਾਈ = ਹੇ ਭਾਈ !
    ਸੱਪਣੀ ਤੋਂ ਇਤਨਾ ਕਿਉਂ ਡਰਦੇ ਹੋ ?
ਤਿਨਿ = ਉਸ ਮਨੁੱਖ ਨੇ ।
ਖਾਈ = ਖਾ ਲਈ, ਵੱਸ ਵਿਚ ਕਰ ਲਈ ।੨ ।
ਆਨ ਅਵਰਾ = ਕੋਈ ਹੋਰ, ਸੱਚ ਪਛਾਨਣ ਵਾਲੇ ਤੋਂ ਬਿਨਾ ਕੋਈ ਹੋਰ ।
ਛੂਛ = ਖ਼ਾਲੀ, ਸੱਖਣਾ, ਬਚਿਆ ਹੋਇਆ ।
ਸ੍ਰਪਨੀ ਤੇ ਛੂਛ = ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ।
ਜਮਰਾ = ਵਿਚਾਰਾ ਜਮ ।
ਕਹਾ ਕਰੈ = ਕੁਝ ਵਿਗਾੜ ਨਹੀਂ ਸਕਦਾ ।੩ ।
ਤਾ ਕੀ = ਉਸ (ਪਰਮਾਤਮਾ) ਦੀ ।
ਬਲੁ = ਜ਼ੋਰ, ਜਿੱਤ ।
ਅਬਲੁ = ਕਮਜ਼ੋਰੀ, ਹਾਰ ।੪ ।
ਇਹ ਬਸਤੀ = (ਜਿਤਨਾ ਚਿਰ) ਇਹ (ਸੱਪਣੀ ਮਨੁੱਖ ਦੇ ਮਨ ਵਿਚ) ਵੱਸਦੀ ਹੈ ।
ਸਰੀਰਾ = ਸਰੀਰਾਂ ਵਿਚ ।
ਸਹਜਿ = ਸਹਿਜ ਵਿਚ, ਸੱਪਣੀ ਦੇ ਪ੍ਰਭਾਵ ਤੋਂ ਅਡੋਲ ਰਹਿ ਕੇ ।੫ ।
    
Sahib Singh
ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ, ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ ।੧ ।
ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ), ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ।੧।ਰਹਾਉ ।
ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ ।
ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ।੨ ।
(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ ।
ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ।੩ ।
ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ, (ਜਿਸ ਨੇ ਸਾਰਾ ਜਗਤ ਰਚਿਆ ਹੈ; ਸੋ ਪ੍ਰਭੂ ਦੇ ਹੁਕਮ ਤੋਂ ਬਿਨਾ) ਇਸ ਦੇ ਆਪਣੇ ਵੱਸ ਦੀ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ।੪ ।
ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿਚ ਵੱਸਦੀ ਹੈ, ਤਦ ਤਕ ਜੀਵ ਸਰੀਰਾਂ ਵਿਚ (ਭਾਵ, ਜਨਮ-ਮਰਨ ਦੇ ਚੱਕਰ ਵਿਚ) ਪਿਆ ਰਹਿੰਦਾ ਹੈ ।
ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ (ਜਨਮ-ਮਰਨ ਦੀ ਘੁੰਮਣ-ਘੇਰੀ ਵਿਚੋਂ) ਲੰਘ ਗਿਆ ਹੈ ।੫।੬।੧੯ ।
Follow us on Twitter Facebook Tumblr Reddit Instagram Youtube