ਆਸਾ ॥
ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥
ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥

ਮੇਰੀ ਮੇਰੀ ਕਰਤੇ ਜਨਮੁ ਗਇਓ ॥
ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥

ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥
ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥

ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥

ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥
ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥

ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥

Sahib Singh
ਬਾਲਪਨ = ਅੰਞਾਣ = ਪੁਣਾ ।੧।ਮੇਰੀ ਮੇਰੀ ਕਰਤੇ—ਇਹਨਾਂ ਖਿ਼ਆਲਾਂ ਵਿਚ ਹੀ ਕਿ ਇਹ ਚੀਜ਼ ਮੇਰੀ ਹੈ ਇਹ ਧਨ ਮੇਰਾ ਹੈ, ਮਮਤਾ ਵਿਚ ਹੀ ।
ਸਾਇਰੁ = ਸਮੁੰਦਰ, ਸਾਗਰ ।
ਸੋਖਿ = ਸੁੱਕ ਕੇ, ਸੁੱਕ ਜਾਣ ਤੇ ।
ਭੁਜੰ ਬਲਇਓ = ਭੁਜਾਂ ਦਾ ਬਲ, ਬਾਹਾਂ ਦੀ ਤਾਕਤ ।੧।ਰਹਾਉ ।
ਸਰਵਰਿ = ਤਲਾ ਵਿਚ ।
ਪਾਲਿ = ਕੰਧ ।
ਲੂਣੈ ਖੇਤਿ = ਕੱਟੇ ਹੋਏ ਖੇਤ ਵਿਚ ।
ਹਥ = ਹੱਥਾਂ ਨਾਲ ।
ਵਾਰਿ = ਵਾੜ ।
ਮੁਗਧੁ = ਮੂਰਖ ।੨ ।
ਕਰ = ਹੱਥ ।
ਕੰਪਨ = ਕੰਬਣ ।
ਅਸਾਰ = ਆਪ = ਮੁਹਾਰਾ, ਬਿਨਾ ਰੁਕਣ ਦੇ ।
ਰੇ = ਹੇ ਭਾਈ !
    ।੩ ।
ਲਾਹਾ = ਲਾਭ ।
ਪਰਸਾਦੀ = ਕਿਰਪਾ ਨਾਲ ।੪ ।
ਤਲਬ = ਸੱਦਾ ।
ਮੰਦਰ = ਘਰ ।
ਅਨੁ ਧਨੁ = ਕੋਈ ਹੋਰ ਧਨ ।੫ ।
    
Sahib Singh
(ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਤੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ; ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ ।੧ ।
‘ਮਮਤਾ’ ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ, ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ) ।੧।ਰਹਾਉ ।
(ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ ।
ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ ।੨ ।
ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ, ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ ।
ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ ?
।੩ ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ ।
ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ ।੪ ।
ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ, ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ ।੫।੨।੧੫ ।
Follow us on Twitter Facebook Tumblr Reddit Instagram Youtube