ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ ੯ ਦੁਤੁਕੇ ੫
ੴ ਸਤਿਗੁਰ ਪ੍ਰਸਾਦਿ ॥
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥੧॥

ਭੂਲੀ ਮਾਲਨੀ ਹੈ ਏਉ ॥
ਸਤਿਗੁਰੁ ਜਾਗਤਾ ਹੈ ਦੇਉ ॥੧॥ ਰਹਾਉ ॥

ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥੨॥

ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥

ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥੪॥

ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥
ਕਹੁ ਕਬੀਰ ਹਮ ਰਾਮ ਰਾਖੇ ਕ੍ਰਿਪਾ ਕਰਿ ਹਰਿ ਰਾਇ ॥੫॥੧॥੧੪॥

Sahib Singh
ਪਾਤੀ = ਪੱਤਰ ।
ਪਾਤੀ ਪਾਤੀ = ਹਰੇਕ ਪੱਤਰ ਵਿਚ ।
ਜੀਉ = ਜਿੰਦ ।
ਪਾਹਨ = ਪੱਥਰ ।
ਨਿਰਜੀਉ = ਨਿਰਜਿੰਦ ।੧ ।
ਏਉ = ਇਉਂ, ਇਸ ਤ੍ਰਹਾਂ ।੧।ਰਹਾਉ ।
ਬ੍ਰਹਮੁ = ਬ੍ਰਹਮਾ ।
ਡਾਰੀ = ਡਾਲੀ, ਟਹਿਣੀ ।
ਸੰਕਰ = ਸ਼ਿਵ ।
ਪ੍ਰਤਖਿ = ਸਾਹਮਣੇ ।
ਤੋਰਹਿ = ਤੋੜ ਰਹੀ ਹੈਂ ।
ਸੇਉ = ਸੇਵਾ ।੨ ।
ਪਾਖਾਨ = ਪੱਥਰ ।
ਗਢਿ ਕੈ = ਘੜ ਕੇ ।
ਪਾਉ = ਪਾਉਂ, ਪੈਰ ।੩।ਭਾਤੁ—ਭੱਤ, ਚੌਲ ।
ਪਹਿਤਿ = ਦਾਲ ।
ਲਾਪਸੀ = ਲੱਪੀ, ਪਤਲਾ ਕੜਾਹ ।
ਕਰਕਰਾ ਕਾਸਾਰੁ = ਖ਼ਸਤਾ ਪੰਜੀਰੀ ।
ਛਾਰੁ = ਸੁਆਹ ।
ਮੁਖਿ ਛਾਰੁ = ਮੂੰਹ ਵਿਚ ਸੁਆਹ; (ਭਾਵ,) ਕੁਝ ਨਾ ਮਿਲਿਆ ।੪ ।
ਕਿ੍ਰਪਾ ਕਰਿ = ਕਿਰਪਾ ਕਰ ਕੇ ।
ਰਾਖੇ = ਰੱਖ ਲਿਆ ਹੈ, ਭੁਲੇਖੇ ਤੋਂ ਬਚਾ ਲਿਆ ਹੈ ।੫ ।
    
Sahib Singh
(ਮੂਰਤੀ ਅੱਗੇ ਭੇਟ ਧਰਨ ਲਈ) ਮਾਲਣ ਪੱਤਰ ਤੋੜਦੀ ਹੈ, (ਪਰ ਇਹ ਨਹੀਂ ਜਾਣਦੀ ਕਿ) ਹਰੇਕ ਪੱਤਰ ਵਿਚ ਜਿੰਦ ਹੈ ।
ਜਿਸ ਪੱਥਰ (ਦੀ ਮੂਰਤੀ) ਦੇ ਖ਼ਾਤਰ (ਮਾਲਣ) ਪੱਤਰ ਤੋੜਦੀ ਹੈ, ਉਹ ਪੱਥਰ (ਦੀ ਮੂਰਤੀ) ਨਿਰਜਿੰਦ ਹੈ ।੧ ।
(ਇਕ ਨਿਰਜਿੰਦ ਮੂਰਤੀ ਦੀ ਸੇਵਾ ਕਰ ਕੇ) ਇਸ ਤ੍ਰਹਾਂ (ਇਹ) ਮਾਲਣ ਭੁੱਲ ਰਹੀ ਹੈ, (ਅਸਲੀ ਇਸ਼ਟ) ਸਤਿਗੁਰੂ ਤਾਂ (ਜੀਉਂਦਾ) ਜਾਗਦਾ ਦੇਵਤਾ ਹੈ ।੧।ਰਹਾਉ ।
(ਹੇ ਮਾਲਣ!) ਪੱਤਰ ਬ੍ਰਹਮਾ-ਰੂਪ ਹਨ, ਡਾਲੀ ਵਿਸ਼ਨੂ-ਰੂਪ ਅਤੇ ਫੁੱਲ ਸ਼ਿਵ-ਰੂਪ ।
ਇਹਨਾਂ ਤਿੰਨ ਦੇਵਤਿਆਂ ਨੂੰ ਤਾਂ ਤੂੰ ਆਪਣੇ ਸਾਹਮਣੇ ਨਾਸ ਕਰ ਰਹੀ ਹੈਂ, (ਫਿਰ) ਸੇਵਾ ਕਿਸ ਦੀ ਕਰਦੀ ਹੈਂ ?
।੨ ।
(ਮੂਰਤੀ ਘੜਨ ਵਾਲੇ ਨੇ) ਪੱਥਰ ਘੜ ਕੇ, ਤੇ (ਘੜਨ ਵੇਲੇ ਮੂਰਤੀ ਦੀ) ਛਾਤੀ ਉੱਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ ।
ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੈ ਤਾਂ (ਇਸ ਨਿਰਾਦਰੀ ਦੇ ਕਾਰਨ) ਘੜਨ ਵਾਲੇ ਨੂੰ ਹੀ ਖਾ ਜਾਂਦੀ ।੩ ।
ਭੱਤ, ਦਾਲ, ਲੱਪੀ ਅਤੇ ਮੁਰਕਣੀ ਪੰਜੀਰੀ ਤਾਂ ਛਕਣ ਵਾਲਾ (ਪੁਜਾਰੀ ਹੀ) ਛਕ ਜਾਂਦਾ ਹੈ, ਇਸ ਮੂਰਤੀ ਦੇ ਮੂੰਹ ਵਿਚ ਕੁਝ ਭੀ ਨਹੀਂ ਪੈਂਦਾ (ਕਿਉਂਕਿ ਇਹ ਤਾਂ ਨਿਰਜਿੰਦ ਹੈ, ਖਾਵੇ ਕਿਵੇਂ?) ।੪ ।
ਹੇ ਕਬੀਰ! ਆਖ—ਮਾਲਣ (ਮੂਰਤੀ ਪੂਜਣ ਦੇ) ਭੁਲੇਖੇ ਵਿਚ ਪਈ ਹੈ, ਜਗਤ ਭੀ ਇਹੀ ਟਪਲਾ ਖਾ ਰਿਹਾ ਹੈ, ਪਰ ਅਸਾਂ ਇਹ ਗ਼ਲਤੀ ਨਹੀਂ ਖਾਧੀ, ਕਿਉਂਕਿ ਪਰਮਾਤਮਾ ਨੇ ਆਪਣੀ ਮਿਹਰ ਕਰ ਕੇ ਸਾਨੂੰ ਇਸ ਭੁਲੇਖੇ ਤੋਂ ਬਚਾ ਲਿਆ ਹੈ ।੫।੧।੧੪ ।

ਨੋਟ: ਕੁਝ ਸੱਜਣ ਅੱਜ-ਕਲ੍ਹ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ, ਤੇ ਭੋਗ ਲਵਾਉਂਦੇ ਹਨ ।
ਕੀ ਇਸ ਤ੍ਰਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੂਰਤੀ ਦਾ ਦਰਜਾ ਦੇ ਕੇ ਨਿਰਾਦਰੀ ਨਹੀਂ ਕੀਤੀ ਜਾ ਰਹੀ ?
ਪੰਥ ਨੂੰ ਸੁਚੇਤ ਰਹਿਣ ਦੀ ਲੋੜ ਹੈ ।
Follow us on Twitter Facebook Tumblr Reddit Instagram Youtube