ਆਸਾ ॥
ਬਾਤੀ ਸੂਕੀ ਤੇਲੁ ਨਿਖੂਟਾ ॥
ਮੰਦਲੁ ਨ ਬਾਜੈ ਨਟੁ ਪੈ ਸੂਤਾ ॥੧॥

ਬੁਝਿ ਗਈ ਅਗਨਿ ਨ ਨਿਕਸਿਓ ਧੂੰਆ ॥
ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥੧॥ ਰਹਾਉ ॥

ਟੂਟੀ ਤੰਤੁ ਨ ਬਜੈ ਰਬਾਬੁ ॥
ਭੂਲਿ ਬਿਗਾਰਿਓ ਅਪਨਾ ਕਾਜੁ ॥੨॥

ਕਥਨੀ ਬਦਨੀ ਕਹਨੁ ਕਹਾਵਨੁ ॥
ਸਮਝਿ ਪਰੀ ਤਉ ਬਿਸਰਿਓ ਗਾਵਨੁ ॥੩॥

ਕਹਤ ਕਬੀਰ ਪੰਚ ਜੋ ਚੂਰੇ ॥
ਤਿਨ ਤੇ ਨਾਹਿ ਪਰਮ ਪਦੁ ਦੂਰੇ ॥੪॥੨॥੧੧॥

Sahib Singh
ਨੋਟ: = ਇਸ ਸ਼ਬਦ ਦੀ ‘ਰਹਾਉ’ ਦੀ ਤੁਕ ਅਤੇ ਅਖ਼ੀਰਲੇ ਬੰਦ ਨੂੰ ਰਤਾ ਗਹੁ ਨਾਲ ਪੜਿ੍ਹਆਂ ਸਾਫ਼ ਦਿੱਸ ਪੈਂਦਾ ਹੈ ਕਿ ਇਸ ਸਾਰੇ ਸ਼ਬਦ ਵਿਚ ਉਸ ਅਵਸਥਾ ਦਾ ਜ਼ਿਕਰ ਹੈ ਜਦੋਂ ਜੀਵ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਵਿਆਪਕ ਦਿੱਸਦਾ ਹੈ ।
    ਉਸ ਹਾਲਤ ਵਿਚ ਅੱਪੜੇ ਹੋਏ ਜੀਵ ਉੱਤੇ ਕਾਮਾਦਿਕ ਬਲੀਆਂ ਦਾ ਜ਼ੋਰ ਨਹੀਂ ਪੈ ਸਕਦਾ, ਉਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ।
    ਤ੍ਰਿਸ਼ਨਾ ਦੀ ਅੱਗ ਬੁੱਝਣ ਤੋਂ ਪਹਿਲਾਂ ਜੀਵ-ਨਟ ਮਾਇਆ ਦੀ ਰਾਸ ਪਾ ਰਿਹਾ ਸੀ, ਮਾਇਆ ਦਾ ਨਚਾਇਆ ਨੱਚ ਰਿਹਾ ਸੀ ।
    ਪਰ ਜਦੋਂ ਮਾਇਆ ਦੇ ਮੋਹ ਦੀਆਂ ਤਾਰਾਂ ਟੁੱਟ ਗਈਆਂ, ਰਬਾਬ ਵੱਜਣੀ ਬੰਦ ਹੋ ਗਈ, ਸਰੀਰ ਦੀਆਂ ਨਿੱਤ ਦੀਆਂ ਵਾਸ਼ਨਾਂ ਦਾ ਰਾਗ ਹੋਣਾ ਮੁੱਕ ਗਿਆ ।
ਅਗਨਿ = ਤ੍ਰਿਸ਼ਨਾ ਦੀ ਅੱਗ ।
ਨ...ਧੂੰਆ = ਉਸ ਅੱਗ ਦਾ ਧੂੰ ਭੀ ਮੁੱਕ ਗਿਆ, ਉਸ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾਂ ਖ਼ਤਮ ਹੋ ਗਈਆਂ ।
ਰਵਿ ਰਹਿਆ ਏਕੁ = ਹਰ ਥਾਂ ਇੱਕ ਪ੍ਰਭੂ ਹੀ ਦਿੱਸ ਰਿਹਾ ਹੈ ।੧।ਰਹਾਉ ।
ਨਟੁ = ਜੀਵ = ਨਟ ਜੋ ਮਾਇਆ ਦਾ ਨਚਾਇਆ ਨੱਚ ਰਿਹਾ ਸੀ ।
ਪੈ = ਬੇਪਰਵਾਹ ਹੋ ਕੇ, ਮਾਇਆ ਵਲੋਂ ਬੇਫ਼ਿਕਰ ਹੋ ਕੇ ।
ਸੂਤਾ = ਸੌਂ ਗਿਆ ਹੈ, ਸ਼ਾਂਤ-ਚਿੱਤ ਹੋ ਗਿਆ ਹੈ, ਡੋਲਣੋਂ ਹਟ ਗਿਆ ਹੈ ।
ਮੰਦਲੁ = ਢੋਲ, ਮਾਇਆ ਦਾ ਪ੍ਰਭਾਵ-ਰੂਪ ਢੋਲ ।
ਤੇਲੁ = ਮਾਇਆ ਦਾ ਮੋਹ = ਰੂਪ ਤੇਲ ।
ਬਾਤੀ = ਵੱਟੀ ਜਿਸ ਦੇ ਆਸਰੇ ਤੇਲ ਬਲਦਾ ਹੈ ਤੇ ਦੀਵਾ ਜਗਦਾ ਰਹਿੰਦਾ ਹੈ; ਮਨ ਦੀ ਸੁਰਤਿ ਜੋ ਮੋਹ ਵਿਚ ਫਸਾਈ ਰੱਖਦੀ ਹੈ ।੧ ।
ਨ ਬਜੈ ਰਬਾਬੁ = ਰਬਾਬ ਵੱਜਣੋਂ ਹਟ ਗਿਆ ਹੈ, ਸਰੀਰ ਨਾਲ ਪਿਆਰ ਮੁੱਕ ਗਿਆ ਹੈ ਦੇਹ-ਅਧਿਆਸ ਖ਼ਤਮ ਹੋ ਗਿਆ ਹੈ ।
ਤੰਤੁ = ਤਾਰ ਜਿਸ ਨਾਲ ਰਬਾਬ ਵੱਜਦਾ ਹੈ, ਮਾਇਆ ਦੀ ਲਗਨ ।
ਚੂਰੇ = ਨਾਸ ਕਰੇ ।
ਪਰਮ ਪਦੁ = ਸਭ ਤੋਂ ਉੱਚੀ ਆਤਮਕ ਅਵਸਥਾ ।੪ ।
    
Sahib Singh
ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ ਤੇ ਤ੍ਰਿਸ਼ਨਾ ਵਿਚੋਂ ਉੱਠਣ ਵਾਲੀਆਂ ਵਾਸ਼ਨਾ ਮੁੱਕ ਜਾਂਦੀਆ ਹਨ, ਉਸ ਨੂੰ ਹਰ ਥਾਂ ਇੱਕ ਪ੍ਰਭੂ ਹੀ ਵਿਆਪਕ ਦਿੱਸਦਾ ਹੈ, ਪ੍ਰਭੂ ਤੋਂ ਬਿਨਾ ਕੋਈ ਹੋਰ ਨਹੀਂਜਾਪਦਾ ।੧।ਰਹਾਉ ।
ਉਹ ਜੀਵ-ਨਟ (ਜੋ ਪਹਿਲਾਂ ਮਾਇਆ ਦਾ ਨਚਾਇਆ ਨੱਚ ਰਿਹਾ ਸੀ) ਹੁਣ (ਮਾਇਆ ਵਲੋਂ) ਬੇ-ਪਰਵਾਹ ਹੋ ਕੇ ਭਟਕਣੋਂ ਰਹਿ ਜਾਂਦਾ ਹੈ, ਉਸ ਦੇ ਅੰਦਰ ਮਾਇਆ ਦਾ ਸ਼ੋਰ-ਰੂਪ ਢੋਲ ਨਹੀਂ ਵੱਜਦਾ ।
ਮਾਇਆ ਦੇ ਮੋਹ ਦਾ ਤੇਲ (ਉਸ ਦੇ ਅੰਦਰੋਂ) ਮੁੱਕ ਜਾਂਦਾ ਹੈ, ਉਸ ਦੀ ਸੁਰਤ (ਮਾਇਆ ਵਾਲੇ ਪਾਸੇ ਤੋਂ) ਹਟ ਜਾਂਦੀ ਹੈ ।੧ ।
(ਜਿਸ ਸਰੀਰਕ ਮੋਹ ਵਿਚ) ਫਸ ਕੇ ਪਹਿਲਾਂ ਮਨੁੱਖ ਆਪਣਾ (ਅਸਲ ਕਰਨ ਵਾਲਾ) ਕੰਮ ਖ਼ਰਾਬ ਕਰੀ ਜਾ ਰਿਹਾ ਸੀ, ਹੁਣ ਉਹ ਸਰੀਰਕ ਮੋਹ-ਰੂਪ ਰਬਾਬ ਵੱਜਦਾ ਹੀ ਨਹੀਂ ਕਿਉਂਕਿ (ਤ੍ਰਿਸ਼ਨਾ ਮੁੱਕਣ ਤੇ) ਮੋਹ ਦੀ ਤਾਰ ਟੁੱਟ ਜਾਂਦੀ ਹੈ ।੨ ।
ਹੁਣ ਜਦੋਂ (ਜੀਵਨ ਦੀ) ਸਹੀ ਸਮਝ ਆ ਗਈ ਤਾਂ ਸਰੀਰ ਦੀ ਖ਼ਾਤਰ ਹੀ ਉਹ ਪਹਿਲੀਆਂ ਗੱਲਾਂ, ਉਹ ਤਰਲੇ, ਉਹ ਕੀਰਨੇ, ਸਭ ਭੁੱਲ ਗਏ ।੩ ।
ਕਬੀਰ ਆਖਦਾ ਹੈ—ਜੋ ਮਨੁੱਖ ਪੰਜੇ ਕਾਮਾਦਿਕਾਂ ਨੂੰ ਮਾਰ ਲੈਂਦੇ ਹਨ, ਉਹਨਾਂ ਮਨੁੱਖਾਂ ਤੋਂ ਉੱਚੀ ਆਤਮਕ ਅਵਸਥਾ ਦੂਰ ਨਹੀਂ ਰਹਿ ਜਾਂਦੀ ।੪।੨।੧੧ ।
Follow us on Twitter Facebook Tumblr Reddit Instagram Youtube