ਆਸਾ ॥
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥੧॥

ਕਾਜੀ ਤੈ ਕਵਨ ਕਤੇਬ ਬਖਾਨੀ ॥
ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ ॥੧॥ ਰਹਾਉ ॥

ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥
ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥੨॥

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥
ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥੩॥

ਛਾਡਿ ਕਤੇਬ ਰਾਮੁ ਭਜੁ ਬਉਰੇ ਜੁਲਮ ਕਰਤ ਹੈ ਭਾਰੀ ॥
ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥੪॥੮॥

Sahib Singh
ਨੋਟ: = ਕਈ ਵਿਦਵਾਨ ਸੱਜਣ ਇਸ ਸ਼ਬਦ ਦੀ ਉਥਾਨਕਾ ਵਿਚ ਕਬੀਰ ਜੀ ਨੂੰ ਹਿੰਦੂ ਲਿਖਦੇ ਹਨ; ਪਰ ਜਿੱਥੇ ਸ਼ੁਰੂ ਵਿਚ ਸਾਰੇ ਭਗਤਾਂ ਦਾ ਵੇਰਵਾ ਲਿਖਦੇ ਹਨ, ਉੱਥੇ ਕਬੀਰ ਜੀ ਨੂੰ ਮੁਸਲਮਾਨ ਕਹਿ ਰਹੇ ਹਨ ।
    ਇਹ ਭੁਲੇਖਾ ਉਹਨਾਂ ਨੂੰ ਰਵਿਦਾਸ ਜੀ ਦੇ ਰਾਗ ਮਲਾਰ ਵਿਚ ਲਿਖੇ ਦੂਜੇ ਸ਼ਬਦ ਤੋਂ ਪੈ ਰਿਹਾ ਜਾਪਦਾ ਹੈ ।
    ਇਸ ਭਰਮ ਨੂੰ ਸਾਫ਼ ਕਰਨ ਲਈ ਪੜ੍ਹੋ ਮੇਰਾ ਲਿਖਿਆ ਨੋਟ ਭਗਤ ਰਵਿਦਾਸ ਜੀ ਦੇ ਉਸ ਸ਼ਬਦ ਨਾਲ ।
ਕਹਾ ਤੇ = ਕਿਥੋਂ ?
ਕਿਨਿ = ਕਿਸ ਨੇ ?
ਏਹ ਰਾਹ = ਹਿੰਦੂ ਤੇ ਮੁਸਲਮਾਨ ਦੀ ਮਰਯਾਦਾ ਦੇ ਇਹ ਰਸਤੇ ।
ਕਵਾਦੇ = ਹੇ ਕੋਝੇ ਝਗੜਾਲੂ !
    ।੧ ।
ਤੈ = ਤੂੰ ।
ਬਖਾਨੀ = ਦੱਸ ਰਿਹਾ ਹੈਂ ।
ਗੁਨਤ = ਵਿਚਾਰਦੇ ।੧।ਰਹਾਉ ।
ਸਕਤਿ = ਇਸਤ੍ਰੀ ।
ਸਨੇਹੁ = ਪਿਆਰ ।
ਸੁੰਨਤਿ = ਮੁਸਲਮਾਨਾਂ ਦੀ ਮਜ਼ਹਬੀ ਰਸਮ; ਛੋਟੀ ਉਮਰੇ ਮੁੰਡੇ ਦੀ ਇੰਦ੍ਰੀ ਦਾ ਸਿਰੇ ਦਾ ਮਾਸ ਕੱਟ ਦੇਂਦੇ ਹਨ ।
ਬਦਉਗਾ = ਮੰਨਾਂਗਾ ।
ਭਾਈ = ਹੇ ਭਾਈ !
ਜਉ = ਜੇ ।
ਰੇ = ਹੇ ਭਾਈ !
ਮੋਹਿ = ਮੈਨੂੰ ।੨ ।
ਕੀਏ = ਕੀਤਿਆਂ ।
ਕਿਆ ਕਰੀਐ = ਕੀਹ ਕੀਤਾ ਜਾਏ ?
ਅਰਧਸਰੀਰੀ = ਅੱਧੇ ਸਰੀਰ ਵਾਲੀ, ਅੱਧੇ ਸਰੀਰ ਦੀ ਮਾਲਕ, ਮਨੁੱਖ ਦੇ ਅੱਧ ਦੀ ਮਾਲਕ, ਸਦਾ ਦੀ ਸਾਥਣ ।
ਨਾਰਿ = ਵਹੁਟੀ ।
ਤਾ ਤੇ = ਇਸ ਵਾਸਤੇ ।੩ ।
ਬਉਰੇ = ਹੇ ਕਮਲੇ !
ਪਚਿ ਹਾਰੀ = ਖਪਦੇ ਰਹੇ, ਖ਼ੁਆਰ ਹੋਏ ।੪ ।
    
Sahib Singh
ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ ?
ਸਿਰਫ਼ ਮੁਸਲਮਾਨ ਜਾਂ ਹਿੰਦੂ ਹੋਣ ਕਰਕੇ ਹੀ) ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ ?
(ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ।੧ ।
ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ) ?
(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ ।
ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ।੧।ਰਹਾਉ ।
(ਇਹ) ਸੁੰਨਤ (ਤਾਂ) ਅੌਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ ।
ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ) ।
ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ।੨।ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਅੌਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ ।
ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ ।
ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ।੩ ।
ਹੇ ਭਾਈ! ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ ।
ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ।੪।੮ ।
Follow us on Twitter Facebook Tumblr Reddit Instagram Youtube