ਆਸਾ ॥
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥੧॥

ਨਕਟੀ ਕੋ ਠਨਗਨੁ ਬਾਡਾ ਡੂੰ ॥
ਕਿਨਹਿ ਬਿਬੇਕੀ ਕਾਟੀ ਤੂੰ ॥੧॥ ਰਹਾਉ ॥

ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥੨॥

ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥
ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ ॥੩॥

ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ ॥
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥੪॥੪॥

Sahib Singh
ਨੋਟ: = ਆਮ ਤੌਰ ਤੇ ਇਸ ਸ਼ਬਦ ਦੇ ਅਰਥ ਕਰਨ ਵੇਲੇ ਸ਼ਬਦ ਦੇ ਪਹਿਲੇ ਬੰਦ ਵਿਚ ਵਾਮ ਮਾਰਗੀਆਂ ਵਲ ਇਸ਼ਾਰਾ ਦੱਸਿਆ ਜਾਂਦਾ ਹੈ, ਤੇ ਲਫ਼ਜ਼ “ਨਕਟ ਦੇ ਰਾਨੀ” ਦਾ ਅਰਥ “ਇਸਤ੍ਰੀ” ਕੀਤਾ ਜਾਂਦਾ ਹੈ ।
    ਪਰ ਜਦੋਂ ਇਸ ਨੂੰ ਗਹੁ ਨਾਲ ਵਿਚਾਰੀਏ ਤਾਂ ਇਹ ਖਿ਼ਆਲ ਸਾਰੇ ਸ਼ਬਦ ਵਿਚ ਨਿਭਦਾ ਨਹੀਂ ਜਾਪਦਾ ।
    ਹਰੇਕ ਸ਼ਬਦ ਦੀ ‘ਰਹਾਉ’ ਵਾਲੀ ਤੁਕ ਵਿਚ ਆਮ ਤੌਰ ਤੇ ਸ਼ਬਦ ਦਾ ਮੁੱਖ-ਭਾਵ ਹੁੰਦਾ ਹੈ ।
    ਇੱਥੇ ‘ਰਹਾਉ’ ਦੀ ਤੁਕ ਵਿਚ ਜ਼ਿਕਰ ਹੈ “ਨਕਟੀ ਕੋ ਠਨਗਨੁ ਬਾਡਾ ਡੂੰ” ।
    ਜੇ ਪਹਿਲੇ ਬੰਦ ਦੀ ਦੂਜੀ ਤੁਕ ਵਿਚ ਦੇ ਲਫ਼ਜ਼ “ਨਕਟ ਦੇ ਰਾਨੀ” ਦਾ ਅਰਥ “ਇਸਤ੍ਰੀ” ਹੈ, ਤਾਂ ਫ਼ੌਰਨ ਹੀ ‘ਰਹਾਉ’ ਵਿਚ ਇਸ ਦਾ ਅਰਥ ਕਿਉਂ ਬਦਲਾਇਆ ਗਿਆ ਹੈ ?
    ਜੇ ‘ਰਹਾਉ’ ਵਾਲੇ ਲਫ਼ਜ਼ ‘ਨਕਟੀ’ ਵਾਲੇ ਅਰਥ ਭੀ “ਇਸਤ੍ਰੀ” ਹੀ ਕਰੀਏ, ਤਾਂਇਹ ਉੱਕਾ ਹੀ ਗ਼ਲਤ ਹੋ ਜਾਂਦਾ ਹੈ; ਫਿਰ ਇਹ ਅਰਥ ਬੰਦ ਨੰ: ੨ ਵਿਚ ਭੀ ਨਹੀਂ ਨਿਭ ਸਕਦਾ ।
    ਅਸਲ ਗੱਲ ਇਹ ਹੈ ਕਿ ਸਾਰੇ ਸ਼ਬਦ ਵਿਚ “ਮਾਇਆ” ਦੇ ਪ੍ਰਭਾਵ ਦਾ ਜ਼ਿਕਰ ਹੈ, ਅਤੇ ‘ਮਾਇਆ’ ਵਾਸਤੇ ਲਫ਼ਜ਼ “ਨਕਟੀ” ਜਾਂ “ਨਕਟ ਦੇ ਰਾਨੀ” ਵਰਤਿਆ ਹੈ; ਇਸ ਨੂੰ ‘ਨਿਲੱਜ’ ਆਖਿਆ ਹੈ, ਕਿਉਂਕਿ ਇਹ ਕਿਸੇ ਨਾਲ ਭੀ ਸਾਥ ਨਹੀਂ ਨਿਭਾਉਂਦੀ ।
ਇਕਤੁ ਪਤਰਿ = ਇੱਕ ਭਾਂਡੇ ਵਿਚ ।
    ਉਰਕਟ {ਸੰ: ਅਰੰਕਿ੍ਰਤ} ਤਿਆਰ ਕੀਤਾ ਹੋਇਆ, ਰਿੰਨਿ੍ਹਆ ਹੋਇਆ ।
ਕੁਰਕਟ = ਕੁੱਕੜ (ਦਾ ਮਾਸ) ।
ਭਰਿ = ਭਰ ਕੇ, ਪਾ ਕੇ ।
(ਪਾਨੀ = ਭਾਵ,) ਸ਼ਰਾਬ ।
ਆਸਿ ਪਾਸਿ = (ਇਸ ਮਾਸ ਅਤੇ ਸ਼ਰਾਬ ਦੇ) ਦੁਆਲੇ, ਆਸੇ ਪਾਸੇ ।
ਪੰਚ = ਕਾਮਾਦਿਕ ਵਿਕਾਰ ।
ਪੰਚ ਜੋਗੀਆ = ਪੰਜ ਕਾਮਾਦਿਕਾਂ ਨਾਲ ਮੇਲ ਜੋਲ ਰੱਖਣ ਵਾਲੇ {ਜੋਗ—ਮੇਲ ਮਿਲਾਪ, ਜੋੜ} ।
ਬੀਚਿ = (ਇਹਨਾਂ ਵਿਸ਼ਈ ਬੰਦਿਆਂ ਦੇ) ਅੰਦਰ, ਇਹਨਾਂ ਵਿਸ਼ਈ ਬੰਦਿਆਂ ਦੇ ਮਨ ਵਿਚ ।
ਨਕਟ = ਨਕ = ਕੱਟੀ, ਨਿਲੱਜ ।
ਦੇ ਰਾਨੀ = ਦੇਵ ਰਾਨੀ, ਮਾਇਆ ।੧ ।
ਨਕਟੀ = ਨਿਲੱਜ ਮਾਇਆ ।
ਕੋ = ਦਾ ।
ਬਾਡਾ = ਵਾਜਾ ।
ਡੂੰ = ਡਹੂੰ = ਡਹੂੰ ਕਰਦਾ ਹੈ, ਵੱਜਦਾ ਹੈ ।
ਠਨਗਨੁ = ਠਨ = ਠਨ ਦੀ ਆਵਾਜ਼ ਕਰ ਕੇ ।
ਕਿਨਹਿ = ਕਿਸੇ ਵਿਰਲੇ ਨੇ ।
ਕਿਨਹਿ ਬਿਬੇਕੀ = ਕਿਸੇ ਵਿਰਲੇ ਵਿਚਾਰਵਾਨ ਨੇ ।
ਤੂੰ = ਤੈਨੂੰ ।
ਕਾਟੀ = ਕੱਟਿਆ ਹੈ, ਦਬਾਉ ਦੂਰ ਕੀਤਾ ਹੈ ।੧।ਰਹਾਉ ।
ਸਗਲ ਮਾਹਿ = ਸਭ ਜੀਵਾਂ ਵਿਚ ।
ਨਕਟੀ ਕਾ ਵਾਸਾ = ਨਿਲੱਜ ਮਾਇਆ ਦਾ ਪ੍ਰਭਾਵ ।
ਮਾਰਿ = ਮਾਰ ਕੇ ।
ਅਉਹੇਰੀ = ਤੱਕਦੀ ਹੈ, ਨੀਝ ਲਾ ਕੇ ਵੇਖਦੀ ਹੈ (ਕਿ ਕੋਈ ਮੇਰੀ ਮਾਰ ਤੋਂ ਬਚ ਤਾਂ ਨਹੀਂ ਗਿਆ) ।
ਹਉ = ਮੈਂ ।
ਬਹਿਨ = ਭੈਣ ।
ਭਾਨਜੀ = ਭਣੇਵੀਂ ।
ਬਰੀ = ਵਿਆਹ ਲਿਆ, ਵਰਤਿਆ ।
ਚੇਰੀ = ਦਾਸੀ ।੨ ।
ਹਮਰੋ = ਮੇਰਾ ।
ਬਿਬੇਕੀ = ਵਿਚਾਰਵਾਨ ਪੁਰਖ ।
ਮਾਥੈ = ਮੱਥੇ ਉਤੇ ।
ਕਾਇਮੁ = ਟਿਕਿਆ ਹੋਇਆ ।
ਮਾਥੈ ਕਾਇਮੁ = ਮੇਰੇ ਮੱਥੇ ਉੱਤੇ ਟਿਕਿਆ ਹੋਇਆ, ਮੇਰੇ ਉੱਤੇ ਕਾਬੂ ਰੱਖਣ ਵਾਲਾ ।
ਅਉਰੁ = ਕੋਈ ਹੋਰ ।
ਨਿਕਟਿ = ਨੇੜੇ ।੩ ।
ਨਾਕਹੁ = ਨੱਕ ਤੋਂ ।
ਕਾਟੀ = ਵੱਢ ਦਿੱਤਾ ।
ਕਾਨਹੁ = ਕੰਨ ਤੋਂ ।
ਕਾਟਿ ਕੂਟ ਕਰਿ = ਚੰਗੀ ਤ੍ਰਹਾਂ ਕੱਟ ਕੇ ।
ਡਾਰੀ = ਪਰੇ ਸੁੱਟ ਦਿੱਤਾ ਹੈ ।
ਬੈਰਨਿ = ਵੈਰ ਕਰਨ ਵਾਲੀ ।
ਤੀਨਿ ਲੋਕ = ਸਾਰਾ ਜਗਤ ।੪ ।
    
Sahib Singh
ਨਿਲੱਜ ਮਾਇਆ ਦਾ ਵਾਜਾ (ਸਾਰੇ ਜਗਤ ਵਿਚ) ਠਨ-ਠਨ ਕਰ ਕੇ ਵੱਜ ਰਿਹਾ ਹੈ ।
ਹੇ ਮਾਇਆ! ਕਿਸੇ ਵਿਰਲੇ ਵਿਚਾਰਵਾਨ ਨੇ ਤੇਰਾ ਬਲ ਪੈਣ ਨਹੀਂ ਦਿੱਤਾ ।੧।ਰਹਾਉ ।
(ਮਾਇਆ ਦੇ ਬਲਵਾਨ) ਪੰਜ ਕਾਮਦਿਕਾਂ ਨਾਲ ਮੇਲ-ਜੋਲ ਰੱਖਣ ਵਾਲੇ ਮਨੁੱਖ ਇੱਕ ਭਾਂਡੇ ਵਿਚ ਕੁੱਕੜ (ਆਦਿਕ) ਦਾ ਰਿੰਨਿ੍ਹਆ ਹੋਇਆ ਮਾਸ ਪਾ ਲੈਂਦੇ ਹਨ, ਦੂਜੇ ਭਾਂਡੇ ਵਿਚ ਸ਼ਰਾਬ ਪਾ ਲੈਂਦੇ ਹਨ ।
(ਇਸ ਮਾਸ-ਸ਼ਰਾਬ ਦੇ) ਆਲੇ-ਦੁਆਲੇ ਬੈਠ ਜਾਂਦੇ ਹਨ, ਇਹਨਾਂ (ਵਿਸ਼ਈ ਬੰਦਿਆਂ) ਦੇ ਅੰਦਰ ਨਿਲੱਜ ਮਾਇਆ (ਦਾ ਪ੍ਰਭਾਵ) ਹੁੰਦਾ ਹੈ ।੧ ।
(ਜਿੱਧਰ ਤੱਕੋ) ਸਭ ਜੀਵਾਂ ਦੇ ਮਨਾਂ ਵਿਚ ਨਿਲੱਜ ਮਾਇਆ ਦਾ ਜ਼ੋਰ ਪੈ ਰਿਹਾ ਹੈ, ਮਾਇਆ ਸਭਨਾਂ (ਦੇ ਆਤਮਕ ਜੀਵਨ) ਨੂੰ ਮਾਰ ਕੇ ਗਹੁ ਨਾਲ ਵੇਖਦੀ ਹੈ (ਕਿ ਕੋਈ ਬਚ ਤਾਂ ਨਹੀਂ ਰਿਹਾ) ।(ਮਾਇਆ, ਮਾਨੋ, ਆਖਦੀ ਹੈ—) ਮੈਂ ਸਭ ਜੀਵਾਂ ਦੀ ਭੈਣ ਭਣੇਵੀਂ ਹਾਂ (ਭਾਵ, ਸਾਰੇ ਜੀਵ ਮੈਨੂੰ ਤਰਲੇ ਲੈ ਲੈ ਕੇ ਇਕੱਠੀ ਕਰਦੇ ਹਨ), ਪਰ ਜਿਸ ਮਨੁੱਖ ਨੇ ਮੈਨੂੰ ਵਿਆਹ ਲਿਆ ਹੈ (ਭਾਵ, ਜਿਸ ਨੇ ਆਪਣੇ ਉੱਤੇ ਮੇਰਾ ਜ਼ੋਰ ਨਹੀਂ ਪੈਣ ਦਿੱਤਾ) ਮੈਂ ਉਸ ਦੀ ਦਾਸੀ ਹੋ ਜਾਂਦੀ ਹਾਂ ।੨।ਕੋਈ ਵੱਡਾ ਗਿਆਨਵਾਨ ਮਨੁੱਖ ਹੀ, ਜਿਸ ਨੂੰ ਜਗਤ ਸੰਤ ਆਖਦਾ ਹੈ, ਮੇਰਾ (ਮਾਇਆ ਦਾ) ਖਸਮ ਬਣ ਸਕਦਾ ਹੈ ।
ਉਹੀ ਮੇਰੇ ਉੱਤੇ ਕਾਬੂ ਪਾ ਰੱਖਣ ਦੇ ਸਮਰਥ ਹੁੰਦਾ ਹੈ ।
ਹੋਰ ਕੋਈ ਤਾਂ ਮੇਰੇ ਨੇੜੇ ਭੀ ਨਹੀਂ ਢੁਕ ਸਕਦਾ (ਭਾਵ, ਕਿਸੇ ਹੋਰ ਦੀ ਮੇਰੇ ਅੱਗੇ ਪੇਸ਼ ਨਹੀਂ ਜਾ ਸਕਦੀ) ।੩ ।
ਹੇ ਕਬੀਰ! ਆਖ—ਸੰਤ ਜਨਾਂ ਨੇ ਮਾਇਆ ਨੂੰ ਨੱਕ ਤੋਂ ਕੱਟ ਦਿੱਤਾ ਹੈ, ਚੰਗੀ ਤ੍ਰਹਾਂ ਕੱਟ ਕੇ ਪਰੇ ਸੁੱਟ ਦਿੱਤਾ ਹੈ ।
ਮਾਇਆ ਸੰਤਾਂ ਨਾਲ ਸਦਾ ਵੈਰ ਕਰਦੀ ਹੈ (ਕਿਉਂਕਿ ਉਹਨਾਂ ਦੇ ਆਤਮਕ ਜੀਵਨ ਉੱਤੇ ਚੋਟ ਕਰਨ ਦਾ ਸਦਾ ਜਤਨ ਕਰਦੀ ਹੈ), ਪਰ ਸਾਰੇ ਜਗਤ ਦੇ ਜੀਵ ਇਸ ਨਾਲ ਪਿਆਰ ਕਰਦੇ ਹਨ ।੪।੪ ।

ਨੋਟ: ਜਗਤ ਆਮ ਤੌਰ ਤੇ ਨੱਕ ਅਤੇ ਕੰਨ ਦੇ ਆਸਰੇ ਜੀਊਂਦਾ ਹੈ ।
ਇਸ ਦਾ ਭਾਵ ਇਹ ਹੈ ਕਿ ਹਰੇਕ ਕੰਮ ਜੋ ਆਮ ਤੌਰ ਤੇ ਜੀਵ ਕਰਦੇ ਹਨ, ਇਸ ਖਿ਼ਆਲ ਨਾਲ ਕਰਦੇ ਹਨ ਕਿ ਸਾਡਾ ਨੱਕ ਰਹਿ ਜਾਏ, ਸਾਡੀ ਇੱਜ਼ਤ ਬਣੀ ਰਹੇ ।
ਫਿਰ ਕੰਨ ਲਾ ਕੇ ਸੁਣਦੇ ਹਨ ਕਿ ਸਾਡੀ ਫਲਾਣੀ ਕਰਤੂਤ ਬਾਰੇ ਲੋਕ ਕੀਹ ਆਖਦੇ ਹਨ ।
ਪਰ ਬਿਬੇਕੀ ਪੁਰਸ਼ ਨਾਹ ਲੋਕ-ਲਾਜ ਦੀ ਖ਼ਾਤਰ ਕੋਈ ਕੰਮ ਕਰਦੇ ਹਨ ਤੇ ਨਾਹ ਹੀ ਇਸ ਗੱਲ ਦੀ ਪਰਵਾਹ ਕਰਦੇ ਹਨ ਕਿ ਲੋਕ ਸਾਡੇ ਬਾਰੇ ਕੀਹ ਆਖਦੇ ਹਨ ।
ਸੋ, ਉਹਨਾਂ ਨੇ ਮਾਇਆ ਦਾ ਨੱਕ ਤੇ ਕੰਨ ਦੋਵੇਂ ਕੱਟ ਦਿੱਤੇ ਹਨ।੪ ।
Follow us on Twitter Facebook Tumblr Reddit Instagram Youtube