ਆਸਾ ॥
ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥
ਗਲੀ ਜਿਨ੍ਹਾ ਜਪਮਾਲੀਆ ਲੋਟੇ ਹਥਿ ਨਿਬਗ ॥
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥੧॥

ਐਸੇ ਸੰਤ ਨ ਮੋ ਕਉ ਭਾਵਹਿ ॥
ਡਾਲਾ ਸਿਉ ਪੇਡਾ ਗਟਕਾਵਹਿ ॥੧॥ ਰਹਾਉ ॥

ਬਾਸਨ ਮਾਂਜਿ ਚਰਾਵਹਿ ਊਪਰਿ ਕਾਠੀ ਧੋਇ ਜਲਾਵਹਿ ॥
ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ ਸਾਰੇ ਮਾਣਸ ਖਾਵਹਿ ॥੨॥

ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥੩॥

ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥
ਕਹੁ ਕਬੀਰ ਜਿਸੁ ਸਤਿਗੁਰੁ ਭੇਟੈ ਪੁਨਰਪਿ ਜਨਮਿ ਨ ਆਵੈ ॥੪॥੨॥

Sahib Singh
ਸਾਢੇ ਤੈ ਤੈ = ਸਾਢੇ ਤਿੰਨ ਤਿੰਨ ।
ਤਗ = ਧਾਗੇ, ਜਨੇਊ ।
ਜਪਮਾਲੀਆ = ਮਾਲਾ ।
ਹਥਿ = ਹੱਥ ਵਿਚ ।
ਨਿਬਗ = ਬਹੁਤ ਹੀ ਚਿੱਟੇ, ਲਿਸ਼ਕਾਏ ਹੋਏ ।
ਓਇ = ਉਹ ਮਨੁੱਖ (ਬਹੁ = ਵਚਨ, ਫਲੁਰੳਲ) ।
ਆਖੀਅਹਿ = ਕਹੇ ਜਾਂਦੇ ਹਨ ।੧ ।
ਮੋ ਕਉ = ਮੈਨੂੰ ।
ਡਾਲਾ = ਟਾਹਣੀਆਂ ।
ਪੇਡਾ = ਪੇੜ, ਬੂਟਾ ।
ਸਿਉ = ਸਮੇਤ, ਸਣੇ ।
ਗਟਕਾਵਹਿ = ਖਾ ਜਾਂਦੇ ਹਨ ।੧।ਰਹਾਉ ।
ਬਾਸਨ = ਭਾਂਡੇ ।
ਕਾਠੀ = ਲੱਕੜੀਆਂ, ਬਾਲਣ ।
ਬਸੁਧਾ = ਧਰਤੀ ।
ਖੋਦਿ = ਪੁੱਟ ਕੇ ।੨ ।
ਮੁਖਹੁ = ਮੂੰਹੋਂ ।
ਅਪਰਸ = ਅ = ਪਰਸ, ਨਾਹ ਛੋਹਣ ਵਾਲੇ, ਉਹ ਸਾਧ ਜੋ ਕਿਸੇ ਮਾਇਕ ਪਦਾਰਥ ਨੂੰ ਛੋਂਹਦੇ ਨਹੀਂ ਹਨ, ਵਿਰੱਕਤ ।
ਕੁਟੰਬ = ਪਰਵਾਰ ।੩ ।
ਜਿਤੁ = ਜਿਸ ਪਾਸੇ ।
ਕੋ = ਕੋਈ ਮਨੁੱਖ ।
ਤਿਤ ਹੀ = ਉਸੇ ਹੀ ਪਾਸੇ ।
ਭੇਟੈ = ਮਿਲੇ ।
ਪੁਨਰਪਿ = ਪੁਨਹ ਅਪਿ, ਫਿਰ ਵੀ, ਫਿਰ ਕਦੇ ।
ਜਨਮਿ = ਜਨਮ ਵਿਚ, ਜਨਮ = ਮਰਨ ਦੇ ਗੇੜ ਵਿਚ ।੪ ।
    
Sahib Singh
(ਜੋ ਮਨੁੱਖ) ਸਾਢੇ ਤਿੰਨ ਤਿੰਨ ਗਜ਼ (ਲੰਮੀਆਂ) ਧੋਤੀਆਂ (ਪਹਿਨਦੇ, ਅਤੇ) ਤਿਹਰੀਆਂ ਤੰਦਾਂ ਵਾਲੇ ਜਨੇਊ ਪਾਂਦੇ ਹਨ, ਜਿਨ੍ਹਾਂ ਦੇ ਗਲਾਂ ਵਿਚ ਮਾਲਾਂ ਹਨ ਤੇ ਹੱਥ ਵਿੱਚ ਲਿਸ਼ਕਾਏ ਹੋਏ ਲੋਟੇ ਹਨ, (ਨਿਰੇ ਇਹਨਾਂ ਲੱਛਣਾਂ ਕਰਕੇ) ਉਹ ਮਨੁੱਖ ਪਰਮਾਤਮਾ ਦੇ ਭਗਤ ਨਹੀਂ ਆਖੇ ਜਾਣੇ ਚਾਹੀਦੇ, ਉਹ ਤਾਂ (ਅਸਲ ਵਿਚ) ਬਨਾਰਸੀ ਠੱਗ ਹਨ ।੧ ।
ਮੈਨੂੰ ਅਜਿਹੇ ਸੰਤ ਚੰਗੇ ਨਹੀਂ ਲੱਗਦੇ, ਜੋ ਮੂਲ ਨੂੰ ਭੀ ਟਹਿਣੀਆਂ ਸਮੇਤ ਖਾ ਜਾਣ (ਭਾਵ, ਜੋ ਮਾਇਆ ਦੀ ਖ਼ਾਤਰ ਮਨੁੱਖਾਂ ਨੂੰ ਜਾਨੋਂ ਮਾਰਨੋਂ ਭੀ ਸੰਕੋਚ ਨਾ ਕਰਨ) ।੧।ਰਹਾਉ।(ਇਹ ਲੋਕ) ਧਰਤੀ ਪੁੱਟ ਕੇ ਦੋ ਚੁੱਲ੍ਹੇ ਬਣਾਂਦੇ ਹਨ, ਭਾਂਡੇ ਮਾਂਜ ਕੇ (ਚੁੱਲਿ੍ਹਆਂ) ਉੱਤੇ ਰੱਖਦੇ ਹਨ, (ਹੇਠਾਂ) ਲੱਕੜੀਆਂ ਧੋ ਕੇ ਬਾਲਦੇ ਹਨ (ਸੁੱਚ ਤਾਂ ਇਹੋ ਜਿਹੀ, ਪਰ ਕਰਤੂਤ ਇਹ ਹੈ ਕਿ) ਸਮੂਲਚੇ ਮਨੁੱਖ ਖਾ ਜਾਂਦੇ ਹਨ ।੨ ।
ਇਹੋ ਜਿਹੇ ਮੰਦ-ਕਰਮੀ ਮਨੁੱਖ ਸਦਾ ਵਿਕਾਰਾਂ ਵਿਚ ਹੀ ਖਚਿਤ ਫਿਰਦੇ ਹਨ, ਉਂਞ ਮੂੰਹੋਂ ਅਖਵਾਂਦੇ ਹਨ ਕਿ ਅਸੀ ਮਾਇਆ ਦੇ ਨੇੜੇ ਨਹੀਂ ਛੋਂਹਦੇ ।
ਸਦਾ ਅਹੰਕਾਰ ਵਿਚ ਮੱਤੇ ਫਿਰਦੇ ਹਨ, (ਇਹ ਆਪ ਤਾਂ ਡੁੱਬੇ ਹੀ ਸਨ) ਸਾਰੇ ਸਾਥੀਆਂ ਨੂੰ ਭੀ (ਇਹਨਾਂ ਮੰਦ-ਕਰਮਾਂ ਵਿਚ) ਡੋਬਦੇ ਹਨ ।੩ ।
(ਪਰ ਜੀਵਾਂ ਦੇ ਕੀਹ ਵੱਸ?) ਜਿਸ ਪਾਸੇ ਪਰਮਾਤਮਾ ਨੇ ਕਿਸੇ ਮਨੁੱਖ ਨੂੰ ਲਾਇਆ ਹੈ ਉਸੇ ਹੀ ਪਾਸੇ ਉਹ ਲੱਗਾ ਹੋਇਆ ਹੈ, ਤੇ ਉਹੋ ਜਿਹੇ ਹੀ ਉਹ ਕੰਮ ਕਰ ਰਿਹਾ ਹੈ ।
ਹੇ ਕਬੀਰ! ਸੱਚ ਤਾਂ ਇਹ ਹੈ ਕਿ ਜਿਸ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਫਿਰ ਕਦੇ ਜਨਮ (ਮਰਨ ਦੇ ਗੇੜ) ਵਿਚ ਨਹੀਂ ਆਉਂਦਾ ।੪।੨ ।
Follow us on Twitter Facebook Tumblr Reddit Instagram Youtube