ਮਹਲਾ ੨ ॥
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥

Sahib Singh
ਜੇਹਾ ਜਾਣੈ = ਜਿਹੋ ਜਿਹੀ ਉਸ ਅੰਞਾਣ ਦੀ ਸਮਝ ਹੁੰਦੀ ਹੈ ।
ਤੇਹੋ ਵਰਤੈ = ਉਹੋ ਜਿਹਾ ਉਹ ਕੰਮ ਕਰਦਾ ਹੈ ।
ਕੋ = ਕੋਈ ਮਨੁੱਖ ।
ਨਿਰਜਾਸਿ = ਨਿਰਣਾ ਕਰ ਕੇ, ਪਰਖ ਕਰ ਕੇ ।
ਸਮਾਵੈ = ਪੈ ਸਕਦੀ ਹੈ,ਸਮਾ ਸਕਦੀ ਹੈ ।
ਪਾਸਿ = ਲਾਂਭੇ, ਪਾਸੇ, ਵੱਖਰੀ ।
ਸਾਹਿਬ ਸੇਤੀ = ਮਾਲਕ ਦੇ ਨਾਲ ।
ਬਣੈ = ਫਬਦੀ ਹੈ ।
ਕੂੜਿ ਕਮਾਣੈ = ਛਲ ਕੀਤਿਆਂ, ਠੱਗੀ ਦੀ ਕਮਾਈ ਕੀਤਿਆਂ, ਧੋਖੇ ਦਾ ਕੰਮ ਕੀਤਿਆਂ ।
ਵਿਗਾਸਿ = ਵਿਗਸੀਦਾ ਹੈ, ਅੰਦਰ ਉਮਾਹ ਪੈਦਾ ਹੁੰਦਾ ਹੈ, ਅੰਦਰ ਖਿੜ ਆਉਂਦਾ ਹੈ ।੩ ।
    
Sahib Singh
ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ, ਕਿਉਂਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤ੍ਰਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ) ।
ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤ੍ਰਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ) ।
ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ ।
ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ ।੩ ।
Follow us on Twitter Facebook Tumblr Reddit Instagram Youtube