ਸਲੋਕੁ ਮਹਲਾ ੨ ॥
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥

Sahib Singh
ਨਾਲੇ = ਚਾਕਰੀ ਦੇ ਨਾਲ, ਭਾਵ, ਚਾਕਰੀ ਭੀ ਕਰੇ ਤੇ ਨਾਲੇ ।
ਗਾਰਬੁ = (ਸ਼ਬਦ ‘ਗਰਬੁ’ ਤੋਂ ਵਿਸ਼ੇਸ਼ਣ ਹੈ) ਗਰਬ ਵਾਲਾ, ਅਹੰਕਾਰ ਵਾਲਾ, ਅਹੰਕਾਰ-ਭਰਿਆ ।
ਵਾਦੁ = ਝਗੜਾ ।
ਸਾਦੁ = ਪ੍ਰਸੰਨਤਾ, ਖ਼ੁਸ਼ੀ ।
ਆਪੁ = ਆਪਣੇ ਆਪ ਨੂੰ, ਅਪਣੱਤ, ਹਉਮੈ, ਅਹੰਕਾਰ ।
ਤਾ = ਤਦੋਂ ।
ਜਿਸ ਨੋ ਲਗਾ = ਜਿਸ ਮਾਲਕ ਦੀ ਸੇਵਾ ਕਰਦਾ ਹੈ ।
ਤਿਸੁ = ਉਸ ਮਾਲਕ ਨੂੰ ।
ਲਗਾ ਸੋ = ਸੋ (ਮਨੁੱਖ) ਲੱਗਾ ਹੋਇਆ, ਸੋ ਲੱਗਾ ਹੋਇਆ ਮਨੁੱਖ, ਮਾਲਕ ਦੀ ਸੇਵਾ ਕਰਦਾ ਉਹ ਮਨੁੱਖ ।੧ ।
    
Sahib Singh
ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ ।
ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ, ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ ।
(ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ ।੧ ।
Follow us on Twitter Facebook Tumblr Reddit Instagram Youtube