ਮਃ ੧ ॥
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥
ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥
ਜਿਨ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥
ਤਿਨ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹੇ ਵੀਚਾਰਿ ॥
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥
ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੁ ॥
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥

Sahib Singh
ਪੈਜ = ਪਾਜ, ਵਿਖਾਵੇ ਦੀ ਇੱਜ਼ਤ ।
ਫੈਲੁ = ਫੈਲਸੂਫੀ, ਦਿਖਾਵਾ ।
ਤੇ = ਉਹ ਮਨੁੱਖ ।
ਸੇਤੀ = ਨਾਲ ।
ਦੇਖਨ@ੇ ਵੀਚਾਰਿ = ਰੱਬ ਨੂੰ ਵੇਖਣ ਦੇ ਧਿਆਨ ਵਿਚ (ਜੁੜੇ ਰਹਿੰਦੇ ਹਨ) ।
ਕਿਸੈ ਕੇਰੀ = ਕਿਸੇ ਦੀ ।
ਨਾਹ = ਖਸਮ (ਵੇਖੋ ਸਲੋਕੁ ੩, ਪਉੜੀ ੧) ।
ਵਾਟ ਉਪਰਿ = ਰਾਹ ਵਿਚ, ਜ਼ਿੰਦਗੀ-ਰੂਪ ਰਾਹੇ ਪਏ ਹੋਏ ।
ਖਰਚੁ ਮੰਗਾ = (ਨਾਮ = ਰੂਪ) ਖਾਣਾ ਹੀ ਮੰਗਦੇ ਹਨ ।
ਦੇਇ = (ਪ੍ਰਭੂ) ਦੇਂਦਾ ਹੈ ।
ਦੀਬਾਨੁ = ਅਦਾਲਤ ।
ਕਲਮ = ਭਾਵ, ਲੇਖਾ ਲਿਖਣ ਵਾਲਾ (ਹਰੀ ਆਪ ਹੀ ਫ਼ੈਸਲਾ ਕਰਨ ਵਾਲਾ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ) ।
ਹਮਾ ਤੁਮ@ਾ ਮੇਲੁ = ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ (ਪ੍ਰਭੂ ਦੇ ਦਰ ਤੇ ਹੋਵੇਗਾ) ।
ਜਿਉ ਤੇਲੁ = ਜਿਵੇਂ ਤੇਲ ਪੀੜੀਦਾ ਹੈ, ਜਿਵੇਂ ਪੀੜ ਕੇ ਤੇਲ ਕੱਢੀਦਾ ਹੈ ।੨ ।
    
Sahib Singh
ਜੋ ਮਨੁੱਖ ਮਨੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਅਤੇ ਜਗਤ ਵਿਚਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ (ਜਾ ਕੇ) ਇਸ਼ਨਾਨ ਕਰਨ, ਉਹਨਾਂ ਦੇ ਮਨ ਦੀ ਕਪਟ ਦੀ ਮੈਲ ਕਦੇ ਨਹੀਂ ਉਤਰਦੀ ।
ਜਿਨ੍ਹਾਂ ਮਨੁੱਖਾਂ ਦੇ ਅੰਦਰ (ਕੋਮਲਤਾ ਤੇ ਪ੍ਰੇਮ ਰੂਪ) ਪੱਟ ਹੈ, ਪਰ ਬਾਹਰ (ਰੁੱਖਾ-ਪਨ ਰੂਪ) ਗੁੱਦੜ ਹੈ, ਜਗਤ ਵਿਚ ਉਹ ਬੰਦੇ ਨੇਕ ਹਨ; ਉਹਨਾਂ ਦਾ ਰੱਬ ਨਾਲ ਨੇਹੁ ਲੱਗਾ ਹੋਇਆ ਹੈ ਤੇ ਉਹ ਰੱਬ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਹੀ (ਸਦਾ ਜੁੜੇ ਰਹਿੰਦੇ ਹਨ) ।
ਉਹ ਮਨੁੱਖ ਪ੍ਰਭੂ ਦੇ ਪਿਆਰ ਵਿਚ (ਰੱਤੇ ਹੋਏ ਕਦੇ) ਹੱਸਦੇ ਹਨ, ਪ੍ਰੇਮ ਵਿਚ ਹੀ (ਕਦੇ) ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ (ਕਦੇ) ਚੁੱਪ ਭੀ ਕਰ ਜਾਂਦੇ ਹਨ (ਭਾਵ, ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ); ਉਹਨਾਂ ਨੂੰ ਸੱਚੇ ਖਸਮ (ਪ੍ਰਭੂ) ਤੋਂ ਬਿਨਾ ਕਿਸੇ ਹੋਰ ਦੀ ਮੁਥਾਜੀ ਨਹੀਂ ਹੁੰਦੀ ।
ਜ਼ਿੰਦਗੀ-ਰੂਪ ਰਾਹੇ ਪਏ ਹੋਏ ਉਹ ਮਨੁੱਖ ਰੱਬ ਦੇ ਦਰ ਤੋਂ ਹੀ ਨਾਮ-ਰੂਪ ਖ਼ੁਰਾਕ ਮੰਗਦੇ ਹਨ, ਜਦੋਂ ਰੱਬ ਦੇਂਦਾ ਹੈ ਤਦੋਂ ਖਾਂਦੇ ਹਨ ।
ਹੇ ਨਾਨਕ! (ਉਹਨਾਂ ਨੂੰ ਇਹ ਨਿਸ਼ਚਾ ਹੈ) ਕਿ ਪ੍ਰਭੂ ਆਪ ਹੀ ਫ਼ੈਸਲਾ ਕਰਨ ਵਾਲਾ ਹੈ ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸੇ ਦੇ ਦਰ ਤੇ ਹੁੰਦਾ ਹੈ; ਪ੍ਰਭੂ ਸਭ ਤੋਂ (ਕੀਤੇ ਕਰਮਾਂ ਦਾ) ਲੇਖਾ ਮੰਗਦਾ ਹੈ ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ ਜਿਵੇਂ ਤੇਲ (ਭਾਵ, ਉਹਨਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਹਨਾਂ ਨੂੰ ਦੁੱਖਾਂ ਰੂਪ ਕੋਹਲੂ ਵਿਚ ਪਾ ਕੇ ਪੀੜਦਾ ਹੈ) ।੨ ।
Follow us on Twitter Facebook Tumblr Reddit Instagram Youtube