ਸਲੋਕੁ ਮਃ ੧ ॥
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥੧॥

Sahib Singh
ਫਿਕੈ ਬੋਲਿਐ = ਜੇ ਫਿੱਕੇ ਬਚਨ ਬੋਲੀਏ ।
ਫਿਕੋ = ਫਿੱਕਾ ਹੀ ।
ਫਿਕੋ ਫਿਕਾ ਸਦੀਐ = ਰੁੱਖੇ ਬਚਨ ਬੋਲਣ ਵਾਲੇ ਮਨੁੱਖ ਨੂੰ ਰੁੱਖਾ ਹੀ ਆਖਿਆ ਜਾਂਦਾ ਹੈ; ਭਾਵ, ਜੋ ਮਨੁੱਖ ਰੁੱਖੇ ਬਚਨ ਬੋਲੇ, ਉਸ ਦੀ ਬਾਬਤ ਇਹ ਆਖੀਦਾ ਹੈ ਕਿ ਉਹ ਰੁੱਖਾ ਹੈ ।
ਫਿਕੇ = ਰੁੱਖਾ ਬੋਲਣ ਵਾਲੇ ਮਨੁੱਖ ਦੀ ।
ਸੋਇ = ਸੋਭਾ, ਲੋਕਾਂ ਦੀ ਰਾਇ ।
ਪਾਣਾ = ਜੁੱਤੀਆਂ ।੧ ।
    
Sahib Singh
ਹੇ ਨਾਨਕ! ਜੇ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ (ਭਾਵ, ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ) ।
ਰੁੱਖਾ ਬੋਲਣ ਵਾਲਾ ਲੋਕਾਂ ਵਿਚ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ ਅਤੇ ਲੋਕ ਭੀ ਉਸ ਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ ।
ਰੁੱਖਾ (ਭਾਵ, ਪ੍ਰੇਮ ਤੋਂ ਸੱਖਣਾ) ਮਨੁੱਖ (ਪ੍ਰਭੂ ਦੀ) ਦਰਗਾਹ ਤੋਂ ਰੱਦਿਆ ਜਾਂਦਾ ਹੈ ਅਤੇ ਉਸ ਦੇ ਮੂੰਹ ਉੱਤੇ ਥੁੱਕਾਂ ਪੈਂਦੀਆਂ ਹਨ (ਭਾਵ, ਫਿਟਕਾਰਾਂ ਪੈਂਦੀਆਂ ਹਨ ।
(ਪ੍ਰੇਮ-ਹੀਣ) ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ, ਪ੍ਰੇਮ ਤੋਂ ਸੱਖਣੇ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ (ਭਾਵ, ਹਰ ਥਾਂ ਉਸ ਦੀ ਸਦਾ ਬੜੀ ਬੇਇੱਜ਼ਤੀ ਹੁੰਦੀ ਹੈ) ।੧ ।
Follow us on Twitter Facebook Tumblr Reddit Instagram Youtube