ਪਉੜੀ ॥
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤੁ ਗਾਰਬਿ ਹੰਢੀਐ ॥
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥
ਮੂਰਖੈ ਨਾਲਿ ਨ ਲੁਝੀਐ ॥੧੯॥

Sahib Singh
ਆਖੈ ਆਪਣਾ = (ਹਰੇਕ ਜੀਵ) ਆਖਦਾ ਹੈ, ‘ਇਹ ਮੇਰੀ ਆਪਣੀ ਚੀਜ਼ ਹੈ,’ ਭਾਵ, ਹਰੇਕ ਜੀਵ ਨੂੰ ਮਮਤਾ ਹੈ ।
ਜਿਸੁ ਨਾਹੀ = ਜਿਸ ਨੂੰ ਮਮਤਾ ਨਹੀਂ ਹੈ ।
ਸੰਢੀਐ = ਭਰੀਦਾ ਹੈ !
ਐਤੁ ਜਗਿ = ਇਸ ਜਗਤ ਵਿਚ ।
ਕਾਇਤੁ = ਕਿਉ ।
ਗਾਰਬਿ = ਅਹੰਕਾਰ ਵਿਚ ।
ਹੰਢੀਐ = ਖਪੀਏ ।
ਲੁਝੀਐ = ਝਗੜੀਏ ।੧੯ ।
    
Sahib Singh
ਜਗਤ ਵਿਚ ਹਰੇਕ ਜੀਵ ਨੂੰ ਮਮਤਾ ਲੱਗੀ ਹੋਈ ਹੈ; ਜਿਸ ਨੂੰ ਮਮਤਾ ਨਹੀਂ ਉਹ ਚੁਣ ਕੇ ਵੱਖਰਾ ਕਰ ਵਿਖਾਓ, ਭਾਵ, ਕੋਈ ਵਿਰਲਾ ਹੈ ਜਿਸ ਨੂੰ ਮਮਤਾ ਨਹੀਂ ਹੈ ।
ਆਪੋ ਆਪਣੇ ਕੀਤੇ ਕਰਮਾਂ ਦਾ ਲੇਖਾ ਆਪ ਹੀ ਭਰਨਾ ਪੈਂਦਾ ਹੈ ।
ਜਦੋਂ ਇਸ ਜਗਤ ਵਿਚ ਸਦਾ ਰਹਿਣਾ ਹੀ ਨਹੀਂ ਹੈ, ਤਾਂ ਕਿਉਂ ਅਹੰਕਾਰ ਵਿਚ (ਪੈ ਕੇ) ਖਪੀਏ ?
ਕੇਵਲ ਇਹ ਅੱਖਰ (ਭਾਵ, ਉਪਦੇਸ਼) ਪੜ੍ਹ ਕੇ ਸਮਝ ਲਈਏ ਕਿ ਕਿਸੇ ਨੂੰ ਮੰਦਾ ਨਹੀਂ ਆਖਣਾ ਚਾਹੀਦਾ ਅਤੇ ਮੂਰਖ ਨਾਲ ਨਹੀਂ ਝਗੜਣਾ ਚਾਹੀਦਾ ।੧੯ ।
Follow us on Twitter Facebook Tumblr Reddit Instagram Youtube