ਮਃ ੧ ॥
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥

Sahib Singh
ਭੰਡੁ = ਇਸਤ੍ਰੀ ।
ਭੰਡਿ = ਇਸਤ੍ਰੀ ਤੋਂ ।
ਜੰਮੀਐ = ਜੰਮੀਦਾ ਹੈ, ਪੈਦਾ ਹੋਈਦਾ ਹੈ ।
ਨਿੰੰਮੀਐ = ੰਿਨੰਮੀਦਾ ਹੈ, ਪ੍ਰਾਣੀ ਦਾ ਸਰੀਰ ਬਣਦਾ ਹੈ ।
ਮੰਗਣੁ = ਕੁੜਮਾਈ ।
ਭੰਡਹੁ = ਇਸਤ੍ਰੀ ਦੀ ਰਾਹੀਂ ।
ਰਾਹੁ = (ਸੰਸਾਰ ਦੀ ਉਤਪੱਤੀ ਦਾ) ਰਸਤਾ ।
ਭਾਲੀਐ = ਲੱਭੀਦਾ ਹੈ, ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ ।
ਬੰਧਾਨੁ = ਰਿਸ਼ਤੇਦਾਰੀ ।
ਜਿਤੁ = ਜਿਸ ਇਸਤ੍ਰੀ ਤੋਂ ।
ਭੰਡਹੁ ਹੀ ਭੰਡੁ = ਇਸਤ੍ਰੀ ਤੋਂ ਇਸਤ੍ਰੀ ।
ਸਾਲਾਹੀਐ = ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੀਏ ।
ਭਾਗਾ ਰਤੀ ਚਾਰਿ = ਭਾਗਾਂ ਦੀਆਂ ਚਾਰ ਰੱਤੀਆਂ, ਭਾਗਾਂ ਦੀ ਮਣੀ, ਭਾਵ, ਚੰਗੇ ਭਾਗਾਂ ਦੇ ਕਾਰਣ ਉਹ ਮੁਖ ਸੋਹਣਾ ਲੱਗਦਾ ਹੈ ।੨ ।
    
Sahib Singh
ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ ।
ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ ।
ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰੰਬੰਧ ਬਣਦਾ ਹੈ ।
ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ ।
ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ ।
ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ ।
ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ।
ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ ।
(ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ ।
ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ।੨ ।

ਨੋਟ: ਲਫ਼ਜ਼ ‘ਭੰਡ’ ਵਿਆਕਰਣ ਅਨੁਸਾਰ ਪੁਲਿੰਗ ਹੈ ।
ਵੇਖੋ ‘ਗੁਰਬਾਣੀ ਵਿਆਕਰਣ’ ।
Follow us on Twitter Facebook Tumblr Reddit Instagram Youtube