ਮਃ ੧ ॥
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

Sahib Singh
ਕੂੜੁ = ਝੂਠੁ (ਬੋਲਣਾ) ।
ਪਰ ਤਿ੍ਰਅ ਰੂਪੁ = ਪਰਾਈ ਇਸਤ੍ਰੀ ਦਾ ਰੂਪ ।
ਕੰਨਿ = ਕੰਨ ਨਾਲ ।
ਲਾਇਤਬਾਰੀ = ਚੁਗ਼ਲੀ ।
ਪੈ ਖਾਹਿ = ਪਏ ਖਾਹਿ, ਪਏ ਖਾਂਦੇ ਹਨ, ਬੇਪਰਵਾਹ ਹੋ ਕੇ (ਚੁਗ਼ਲੀ) ਸੁਣਦੇ ਹਨ ।
ਹੰਸਾ ਆਦਮੀ = (ਵੇਖਣ ਨੂੰ) ਹੰਸਾਂ ਵਰਗੇ ਮਨੁੱਖ, ਬਾਹਰੋਂ ਸਾਫ਼ ਸੁਥਰੇ ਮਨੁੱਖ ।
ਜਮਪੁਰਿ = ਜਮਰਾਜ ਦੀ ਪੁਰੀ ਵਿਚ, ਨਰਕ ਵਿਚ ।੨ ।
    
Sahib Singh
ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ); (ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ); (ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ; ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ।੨ ।
Follow us on Twitter Facebook Tumblr Reddit Instagram Youtube