ਸਲੋਕੁ ਮਃ ੧ ॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥

Sahib Singh
ਸਭ ਤੈ = ਸਭ ਥਾਈਂ ।
ਜੀਆ ਬਾਝੁ = ਜੀਆਂ ਤੋਂ ਬਿਨਾ ।
ਪਹਿਲਾ ਪਾਣੀ = ਸਭ ਤੋਂ ਪਹਿਲਾਂ ਪਾਣੀ, ਪਾਣੀ ਆਪ ਭੀ ।
ਜਿਤੁ = ਜਿਸ ਨਾਲ ।
ਸਭੁ ਕੋਇ = ਹਰੇਕ ਜੀਵ ।
ਹਰਿਆ = ਹਰਾ, ਜਿੰਦ ਵਾਲਾ ।
ਏਵ = ਇਸ ਤ੍ਰਹਾਂ ।
ਉਤਾਰੈ ਧੋਇ = ਧੋ ਕੇ ਲਾਹ ਦੇਂਦਾ ਹੈ ।੧ ।
    
Sahib Singh
ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤ੍ਰਹਾਂ) ਸੂਤਕ ਸਭ ਥਾਈਂ ਹੁੰਦਾ ਹੈ; ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ); ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ ।
ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ ।
ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ ?
(ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤ੍ਰਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ ।
ਹੇ ਨਾਨਕ! ਇਸ ਤ੍ਰਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ।੧ ।
Follow us on Twitter Facebook Tumblr Reddit Instagram Youtube