ਪਉੜੀ ॥
ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥
ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥
ਜਰੁ ਆਈ ਜੋਬਨਿ ਹਾਰਿਆ ॥੧੭॥

Sahib Singh
ਤੁਰੇ = ਘੋੜੇ ।
ਪਲਾਣੇ = ਕਾਠੀਆਂ (ਸਮੇਤ) ।
ਵੇਗ = ਤਿ੍ਰਖੀ ਚਾਲ ।
ਹਰ ਰੰਗੀ = ਹਰੇਕ ਰੰਗ ਦੇ ।
ਹਰਮ = ਮਹਲ ।
ਸਵਾਰਿਆ = ਸਜਾਏ ਹੋਏ ਹੋਣ ।
ਮੰਡਪ = ਮਹਲ, ਸ਼ਾਮੀਆਨੇ ।
ਲਾਇ......ਪਾਸਾਰਿਆ = ਲਾਇ ਕਰਿ ਪਾਸਾਰਿਆ ਬੈਠੇ, ਪਸਾਰੇ ਲਾ ਕੇ ਬੈਠੇ ਹੋਣ, ਸਜਾਵਟਾਂ ਸਜਾ ਕੇ ਬੈਠੇ ਹੋਣ ।
ਚੀਜ = ਚੋਜ, ਕੌਤਕ, ਤਮਾਸ਼ੇ ।
ਮਨਿ ਭਾਵਦੇ ਚੀਜ = ਮਨ = ਭਾਉਂਦੇ ਕੌਤਕ, ਮਨ-ਮੰਨੀਆਂ ਰੰਗ-ਰਲੀਆਂ ।
ਹਾਰਿਆ = (ਉਹ ਮਨੁੱਖ ਆਪਣਾ ਜਨਮ) ਹਾਰ ਜਾਂਦੇ ਹਨ ।
ਫੁਰਮਾਇਸਿ = ਹੁਕਮ ।
ਜਰੁ = ਬੁਢੇਪਾ ।
ਜੋਬਨਿ ਹਾਰਿਆ = ਜੋਬਨ ਦੇ ਠੱਗੇ ਹੋਇਆਂ ਨੂੰ ।੧ ।
    
Sahib Singh
ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ, ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ, ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ ।
ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ, ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ।੧੭ ।
Follow us on Twitter Facebook Tumblr Reddit Instagram Youtube