ਸਲੋਕੁ ਮਃ ੧ ॥
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

Sahib Singh
ਮੋਹਾਕਾ = ਠੱਗ, ਚੋਰ ।
    ਜਿਵੇਂ ਸੰਸਕ੍ਰਿਤ ਸ਼ਬਦ ‘ਕਟਕ’ ਦਾ ਅਖ਼ੀਰਲਾ ‘ਕ’ ਪ੍ਰਾਕਿ੍ਰਤ ਵਿਚ ‘ਅ’ ਬਣ ਕੇ ਪੰਜਾਬੀ ਵਿਚ ਰੂਪ ‘ਕੜਾ’ ਬਣ ਗਿਆ ਹੈ, ਤਿਵੇਂ ‘ਮੋਸ਼ਕ’ (ਮੋ—ਕ) ਤੋਂ (—) ਦਾ ‘ਹ’ ਹੋ ਕੇ ‘ਮੋਹਾ’ ਬਣ ਗਿਆ ।
    ਸ਼ਬਦ ‘ਮੋਹਕਾ’ ਦਾ ਅਰਥ ਹੈ “ਭੈੜਾ ਜਿਹਾ ਚੋਰ, ਚੰਦਰਾ ਚੋਰ” ।
ਘਰੁ ਮੁਹੈ = (ਕਿਸੇ ਦਾ) ਘਰ ਠੱਗੇ ।
ਘਰੁ ਮੁਹਿ = (ਪਰਾਇਆ) ਘਰ ਠੱਗ ਕੇ ।
ਪਿਤਰ = ਪਿਉ ਦਾਦਾ ਆਦਿਕ ਵੱਡੇ ਜੋ ਮਰ ਚੁਕੇ ਹੋਣ ।
ਵਸਤੁ = ਚੀਜ਼ ।
ਪਿਤਰੀ ਚੋਰ ਕਰੇਇ = (ਇਸ ਤ੍ਰਹਾਂ ਉਹ ਮਨੁੱਖ ਆਪਣੇ) ਪਿਤਰਾਂ ਨੂੰ ਚੋਰ ਬਣਾਂਦਾ ਹੈ ।
ਵਢੀਅਹਿ = ਵੱਢੇ ਜਾਂਦੇ ਹਨ ।
ਹਥ ਦਲਾਲ ਕੇ = ਉਸ ਬ੍ਰਾਹਮਣ ਦੇ ਹੱਥ ਜੋ ਲੋਕਾਂ ਦੇ ਪਿਤਰਾਂ ਨੂੰ ਪਦਾਰਥ ਅਪੜਾਣ ਲਈ ਦਲਾਲ (ਵਿਚੋਲਾ) ਬਣਦਾ ਹੈ ।
ਮੁਸਫੀ ਏਹ ਕਰੇਇ = (ਪ੍ਰਭੂ) ਇਹ ਨਿਆਉਂ ਕਰਦਾ ਹੈ ।
ਖਟੇ ਘਾਲੇ ਦੇਇ = (ਮਨੁੱਖ) ਖੱਟਦਾ ਹੈ, ਕਮਾਂਦਾ ਹੈ ਤੇ ਹੱਥੋਂ ਦੇਂਦਾ ਹੈ ।੧ ।
    
Sahib Singh
ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ ।
ਇਸ ਤ੍ਰਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ) ।
(ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ ।
ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ।੧ ।
Follow us on Twitter Facebook Tumblr Reddit Instagram Youtube