ਮਃ ੧ ॥
ਮਾਣਸ ਖਾਣੇ ਕਰਹਿ ਨਿਵਾਜ ॥
ਛੁਰੀ ਵਗਾਇਨਿ ਤਿਨ ਗਲਿ ਤਾਗ ॥
ਤਿਨ ਘਰਿ ਬ੍ਰਹਮਣ ਪੂਰਹਿ ਨਾਦ ॥
ਉਨ੍ਹਾ ਭਿ ਆਵਹਿ ਓਈ ਸਾਦ ॥
ਕੂੜੀ ਰਾਸਿ ਕੂੜਾ ਵਾਪਾਰੁ ॥
ਕੂੜੁ ਬੋਲਿ ਕਰਹਿ ਆਹਾਰੁ ॥
ਸਰਮ ਧਰਮ ਕਾ ਡੇਰਾ ਦੂਰਿ ॥
ਨਾਨਕ ਕੂੜੁ ਰਹਿਆ ਭਰਪੂਰਿ ॥
ਮਥੈ ਟਿਕਾ ਤੇੜਿ ਧੋਤੀ ਕਖਾਈ ॥
ਹਥਿ ਛੁਰੀ ਜਗਤ ਕਾਸਾਈ ॥
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
ਅਭਾਖਿਆ ਕਾ ਕੁਠਾ ਬਕਰਾ ਖਾਣਾ ॥
ਚਉਕੇ ਉਪਰਿ ਕਿਸੈ ਨ ਜਾਣਾ ॥
ਦੇ ਕੈ ਚਉਕਾ ਕਢੀ ਕਾਰ ॥
ਉਪਰਿ ਆਇ ਬੈਠੇ ਕੂੜਿਆਰ ॥
ਮਤੁ ਭਿਟੈ ਵੇ ਮਤੁ ਭਿਟੈ ॥
ਇਹੁ ਅੰਨੁ ਅਸਾਡਾ ਫਿਟੈ ॥
ਤਨਿ ਫਿਟੈ ਫੇੜ ਕਰੇਨਿ ॥
ਮਨਿ ਜੂਠੈ ਚੁਲੀ ਭਰੇਨਿ ॥
ਕਹੁ ਨਾਨਕ ਸਚੁ ਧਿਆਈਐ ॥
ਸੁਚਿ ਹੋਵੈ ਤਾ ਸਚੁ ਪਾਈਐ ॥੨॥

Sahib Singh
ਮਾਣਸ ਖਾਣੇ = ਮਨੁੱਖਾਂ ਨੂੰ ਖਾਣ ਵਾਲੇ, ਵੱਢੀਖ਼ੋਰ ।
ਕਰਹਿ ਨਿਵਾਜ = ਨਮਾਜ਼ ਪੜ੍ਹਦੇ ਹਨ ।
ਛੁਰੀ ਵਗਾਇਨਿ = (ਜੋ ਲੋਕ) ਛੁਰੀ ਚਲਾਂਦੇ ਹਨ, ਭਾਵ, ਜ਼ੁਲਮ ਕਰਦੇ ਹਨ ।
ਤਾਗ = ਜੰਞੂ, ਜਨੇਊ ।
ਤਿਨ ਘਰਿ = ਉਹਨਾਂ (ਖੱਤ੍ਰੀਆਂ) ਦੇ ਘਰਾਂ ਵਿਚ ।
ਪੂਰਹਿ ਨਾਦ = ਨਾਦ ਪੂਰਦੇ ਹਨ, ਸੰਖ ਵਜਾਂਦੇ ਹਨ ।
ਉਨ@ਾ ਭਿ = ਉਹਨਾਂ ਬ੍ਰਾਹਮਣਾਂ ਨੂੰ ਭੀ ।
ਆਵਹਿ ਓਈ ਸਾਦ = ਉਹੀ ਸੁਆਦ ਆਉਂਦੇ ਹਨ, (ਭਾਵ, ਜੋ ਕੁਝ ਉਹ ਖੱਤ੍ਰੀ ਮੁਨਸ਼ੀ ਖਾਂਦੇ ਹਨ, ਉਹਨਾਂ ਪਦਾਰਥਾਂ ਦਾ ਹੀ ਸੁਆਦ ਉਹਨਾਂ ਬ੍ਰਾਹਮਣਾਂ ਨੂੰ ਆਉਂਦਾ ਹੈ) ।
ਕਰਹਿ ਆਹਾਰੁ = ਆਹਾਰ ਕਰਦੇ ਹਨ, ਖਾਣਾ ਖਾਂਦੇ ਹਨ, ਰੋਜ਼ੀ ਕਮਾਂਦੇ ਹਨ ।
ਸਰਮ = ਲੱਜਾ, ਹਯਾ ।
ਕਖਾਈ = ਗੇਰੀ ਰੰਗ ਵਾਲੀ ।
ਜਗਤ ਕਾਸਾਈ = ਜਗਤ ਦਾ ਕਸਾਈ, ਜਗਤ ਦੇ ਹਰੇਕ ਜੀਵ ਉੱਤੇ ਵੱਸ ਲੱਗਿਆਂ ਜ਼ੁਲਮ ਕਰਨ ਵਾਲਾ ।
ਹੋਵਹਿ ਪਰਵਾਣੁ = ਕਬੂਲ ਹੁੰਦੇ ਹਨ, ਭਾਵ, ਮੁਲਾਜ਼ਮਤ ਵੇਲੇ ਨੀਲੇ ਕੱਪੜੇ ਪਾ ਕੇ ਜਾਂਦੇ ਹਨ, (ਤਾਂ ਹੀ ਹਾਕਮਾਂ ਦੇ ਸਾਹਮਣੇ ਜਾਣ ਦੀ ਆਗਿਆ ਮਿਲਦੀ ਹੈ) ।
ਲੈ = ਲੈ ਕੇ (ਭਾਵ, ਰੋਜ਼ੀ ਉਹਨਾਂ ਪਾਸੋਂ ਲੈਂਦੇ ਹਨ ਜਿਨ੍ਹਾਂ ਨੂੰ ਮਲੇਛ ਆਖਦੇ ਹਨ) ।
ਪੂਜਹਿ ਪੁਰਾਣੁ = ਪੁਰਾਣ ਨੂੰ ਪੂਜਦੇ ਹਨ, ਪੜ੍ਹਦੇ ਹਨ ।
ਅਭਾਖਿਆ = ਕਿਸੇ ਦੂਜੀ ਬੋਲੀ ਦਾ, ਕਿਸੇ ਓਪਰੀ ਬੋਲੀ ਦਾ ਭਾਵ, ਕਲਮਾ ਪੜ੍ਹ ਕੇ ।
ਕੁਠਾ = ਹਲਾਲ ਕੀਤਾ ਹੋਇਆ ।
ਖਾਣਾ = ਖ਼ੁਰਾਕ ।
ਮਤੁ ਭਿਟੈ = ਮਤਾਂ ਭਿੱਟਿਆ ਜਾਏ ।
ਫਿਟੈ = ਖ਼ਰਾਬ ਹੋ ਜਾਏ ।
ਤਨਿ ਫਿਟੈ = ਫਿਟੇ ਹੋਏ ਸਰੀਰ ਨਾਲ, ਗੰਦੇ ਸਰੀਰ ਨਾਲ ।
ਸੁਚਿ = ਪਵਿੱਤਰਤਾ ।
ਹੋਵੈ ਤਾ = ਤਦੋਂ ਹੁੰਦੀ ਹੈ ।੨ ।
    
Sahib Singh
(ਕਾਜ਼ੀ ਤੇ ਮੁਸਲਮਾਨ ਹਾਕਮ) ਹਨ ਤਾਂ ਵੱਢੀ-ਖ਼ੋਰੇ, ਪਰ ਪੜ੍ਹਦੇ ਹਨ ਨਮਾਜ਼ਾਂ ।
(ਇਹਨਾਂ ਹਾਕਮਾਂ ਦੇ ਅੱਗੇ ਮੁਨਸ਼ੀ ਉਹ ਖੱਤ੍ਰੀ ਹਨ ਜੋ) ਛੁਰੀ ਚਲਾਂਦੇ ਹਨ (ਭਾਵ, ਗ਼ਰੀਬਾਂ ਉੱਤੇ ਜ਼ੁਲਮ ਕਰਦੇ ਹਨ), ਪਰ ਉਹਨਾਂ ਦੇ ਗਲ ਵਿਚ ਜਨੇਊ ਹਨ ।
ਇਹਨਾਂ (ਜ਼ਾਲਮ ਖੱਤ੍ਰੀਆਂ) ਦੇ ਘਰ ਵਿਚ ਬ੍ਰਾਹਮਣ ਜਾ ਕੇ ਸੰਖ ਵਜਾਂਦੇ ਹਨ; ਤਾਂ ਤੇ ਉਨ੍ਹਾਂ ਬ੍ਰਾਹਮਣਾਂ ਨੂੰ ਭੀ ਉਹਨਾਂ ਹੀ ਪਦਾਰਥਾਂ ਦੇ ਸੁਆਦ ਆਉਂਦੇ ਹਨ (ਭਾਵ, ਉਹ ਬ੍ਰਾਹਮਣ ਭੀ ਜ਼ੁਲਮ ਦੇ ਕਮਾਏ ਹੋਏ ਪਦਾਰਥ ਖਾਂਦੇ ਹਨ) ।
(ਇਹਨਾਂ ਲੋਕਾਂ ਦੀ) ਇਹ ਝੂਠੀ ਪੂੰਜੀ ਹੈ ਤੇ ਝੂਠਾ ਹੀ ਇਹਨਾਂ ਦਾ (ਇਹ) ਵਪਾਰ ਹੈ ।
ਝੂਠ ਬੋਲ ਬੋਲ ਕੇ (ਹੀ) ਇਹ ਰੋਜ਼ੀ ਕਮਾਂਦੇ ਹਨ ।
ਹੁਣ ਸ਼ਰਮ ਤੇ ਧਰਮ ਦੀ ਸਭਾ ਉਠ ਗਈ ਹੈ(ਭਾਵ, ਇਹ ਲੋਕ ਨਾ ਆਪਣੀ ਸ਼ਰਮ ਹਯਾ ਦਾ ਖਿ਼ਆਲ ਕਰਦੇ ਹਨ ਅਤੇ ਨਾ ਹੀ ਧਰਮ ਦੇ ਕੰਮ ਕਰਦੇ ਹਨ) ।
ਹੇ ਨਾਨਕ! ਸਭ ਥਾਈਂ ਝੂਠ ਹੀ ਪਰਧਾਨ ਹੋ ਰਿਹਾ ਹੈ ।
(ਇਹ ਖੱਤ੍ਰੀ) ਮੱਥੇ ਉੱਤੇ ਟਿੱਕਾ ਲਾਂਦੇ ਹਨ, ਲੱਕ ਦੁਆਲੇ ਗੇਰੂਏ ਰੰਗ ਦੀ ਧੋਤੀ (ਬੰਨ੍ਹਦੇ ਹਨ) ਪਰ ਹੱਥ ਵਿਚ, (ਮਾਨੋ) ਛੁਰੀ ਫੜੀ ਹੋਈ ਹੈ ਤੇ (ਵੱਸ ਲਗਦਿਆਂ) ਹਰੇਕ ਜੀਵ ਉੱਤੇ ਜ਼ੁਲਮ ਕਰਦੇ ਹਨ ।
ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ ।
(ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ) ।
(ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ, ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ ।
ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ, (ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ ।
(ਹੋਰਨਾਂ ਨੂੰ ਆਖਦੇ ਹਨ—ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ; (ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ ।
ਹੇ ਨਾਨਕ! ਆਖ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ ।
ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ ।੨ ।
Follow us on Twitter Facebook Tumblr Reddit Instagram Youtube