ਸਲੋਕ ਮਃ ੧ ॥
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥
ਛੋਡੀਲੇ ਪਾਖੰਡਾ ॥
ਨਾਮਿ ਲਇਐ ਜਾਹਿ ਤਰੰਦਾ ॥੧॥

Sahib Singh
ਕਰੁ = ਮਸੂਲ ।
ਲਾਵਹੁ = ਤੁਸੀ ਲਾਂਦੇ ਹਉ ।
ਗੋਬਰਿ = ਗੋਬਰ ਨਾਲ, ਗੋਹੇ ਨਾਲ ਪੋਚਾ ਫੇਰਿਆਂ ।
ਤੈ = ਅਤੇ ।
ਜਪਮਾਲੀ = ਮਾਲੀ ।
ਧਾਨੁ = ਪਦਾਰਥ, ਭੋਜਨ ਮਲੇਛਾਂ ਦਾ, ਮੁਸਲਮਾਨਾਂ ਦਾ ।
ਖਾਈ = ਖਾਂਦਾ ਹੈ ।
ਅੰਤਰਿ = ਅੰਦਰ, ਲੁਕ ਕੇ ।
ਸੰਜਮੁ = ਰਹਿਤ, ਰਹਿਣੀ ।
ਤੁਰਕਾ = ਤੁਰਕਾਂ ਵਾਲੀ, ਮੁਸਲਮਾਨਾਂ ਵਾਲੀ ।
ਭਾਈ = ਹੇ ਭਾਈ !
ਛੋਡੀਲੇ = ਛੱਡ ਦੇਹ ।
ਨਾਮਿ ਲਇਐ = ਜੇ ਨਾਮ ਲਏਂਗਾ ।
ਜਾਹਿ ਤਰੰਦਾ = ਤਰ ਜਾਹਿˆਗਾ ।੧ ।
    
Sahib Singh
ਹੇ ਭਾਈ! (ਦਰਿਆ ਦੇ ਪੱਤਣ ਤੇ ਬੈਠ ਕੇ) ਗਊ ਅਤੇ ਬ੍ਰਾਹਮਣ ਨੂੰ ਤਾਂ ਤੂੰ ਮਸੂਲ ਲਾਂਦਾ ਹੈਂ (ਭਾਵ, ਗਊ ਅਤੇ ਬ੍ਰਾਹਮਣ ਨੂੰ ਪਾਰ ਲੰਘਾਣ ਦਾ ਮਸੂਲ ਲਾ ਲੈਂਦਾ ਹੈਂ), (ਫੇਰ ਤੂੰ ਕਦੇ ਇਹ ਨਹੀਂ ਸੋਚਦਾ ਕਿ ਉਸ ਗਊ ਦੇ) ਗੋਹੇ ਨਾਲ (ਪੋਚਾ ਫੇਰਿਆਂ, ਸੰਸਾਰ-ਸਮੁੰਦਰ ਤੋਂ) ਤਰਿਆ ਨਹੀਂ ਜਾ ਸਕਦਾ ।
ਧੋਤੀ (ਪਹਿਨਦਾਹੈਂ), ਟਿੱਕਾ (ਮੱਥੇ ਉਤੇ ਲਾਂਦਾ ਹੈਂ) ਅਤੇ ਮਾਲਾ (ਫੇਰਦਾ ਹੈਂ), ਪਰ ਪਦਾਰਥ ਮਲੇਛਾਂ ਦਾ ਖਾਂਦਾ ਹੈਂ, (ਭਾਵ ਪਦਾਰਥ ਉਹਨਾਂ ਤੋਂ ਲੈ ਕੇ ਛਕਦਾ ਹੈਂ, ਜਿਨ੍ਹਾਂ ਨੂੰ ਤੂੰ ਮਲੇਛ ਆਖਦਾ ਹੈਂ) ।
ਅੰਦਰ ਬੈਠ ਕੇ (ਭਾਵ, ਤੁਰਕ ਹਾਕਮਾਂ ਤੋਂ ਚੋਰੀ ਚੋਰੀ) ਪੂਜਾ ਕਰਦਾ ਹੈਂ, (ਬਾਹਰ ਮੁਸਲਮਾਨਾਂ ਨੂੰ ਵਿਖਾਲਣ ਵਾਸਤੇ) ਕੁਰਾਨ ਆਦਿ ਪੜ੍ਹਦਾ ਹੈਂ, ਤੇ ਮੁਸਲਮਾਨਾਂ ਵਾਲੀ ਹੀ ਰਹਿਤ ਤੂੰ ਰੱਖੀ ਹੋਈ ਹੈ ।
(ਇਹ) ਪਾਖੰਡ ਤੂੰ ਛੱਡ ਦੇਹ ।
ਜੇ ਪ੍ਰਭੂ ਦਾ ਨਾਮ ਸਿਮਰੇਂਗਾ, ਤਾਂ ਹੀ (ਸੰਸਾਰ-ਸਮੁੰਦਰ ਤੋਂ) ਤਰੇਂਗਾ ।੧ ।
Follow us on Twitter Facebook Tumblr Reddit Instagram Youtube