ਮਃ ੧ ॥
ਤਗੁ ਨ ਇੰਦ੍ਰੀ ਤਗੁ ਨ ਨਾਰੀ ॥
ਭਲਕੇ ਥੁਕ ਪਵੈ ਨਿਤ ਦਾੜੀ ॥
ਤਗੁ ਨ ਪੈਰੀ ਤਗੁ ਨ ਹਥੀ ॥
ਤਗੁ ਨ ਜਿਹਵਾ ਤਗੁ ਨ ਅਖੀ ॥
ਵੇਤਗਾ ਆਪੇ ਵਤੈ ॥
ਵਟਿ ਧਾਗੇ ਅਵਰਾ ਘਤੈ ॥
ਲੈ ਭਾੜਿ ਕਰੇ ਵੀਆਹੁ ॥
ਕਢਿ ਕਾਗਲੁ ਦਸੇ ਰਾਹੁ ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
ਮਨਿ ਅੰਧਾ ਨਾਉ ਸੁਜਾਣੁ ॥੪॥

Sahib Singh
ਇੰਦ੍ਰੀ = ਸਰੀਰਕ ਇੰਦਰਿਆਂ ਨੂੰ ।
ਨਾਰੀ = ਨਾੜੀਆਂ ।
ਭਲਕੇ = ਨਿੱਤ, ਹਰ ਰੋਜ਼ ।
ਦਾੜੀ ਥੁਕ ਪਵੈ = ਬੇਇੱਜ਼ਤੀ ਹੁੰਦੀ ਹੈ ।
ਵਤੈ = ਭੌਂਦਾ ਫਿਰਦਾ ਹੈ ।
ਭਾੜਿ = ਭਾੜਾ, ਮਜੂਰੀ, ਲਾਗ, ਦੱਛਣਾ ।
ਕਾਗਲੁ = ਕਾਗਦ, ਪੱਤ੍ਰੀ ।
ਏਹੁ ਵਿਡਾਣੁ = ਇਹ ਅਚਰਜ ਕੌਤਕ ।
ਸੁਜਾਣੁ = ਸਿਆਣਾ, ਪੰਡਤ ।੪ ।
    
Sahib Singh
(ਪੰਡਤ ਨੇ ਆਪਣੇ) ਇੰਦਰਿਆਂ ਤੇ ਨਾੜੀਆਂ ਨੂੰ (ਇਹੋ ਜਿਹਾ) ਜਨੇਊ ਨਹੀਂ ਪਾਇਆ (ਕਿ ਉਹਇੰਦਰੇ ਵਿਕਾਰਾਂ ਵਲ ਨਾ ਜਾਣ; ਇਸ ਵਾਸਤੇ) ਨਿਤ ਹਰ ਰੋਜ਼ ਉਸ ਦੀ ਬੇਇੱਜ਼ਤੀ ਹੁੰਦੀ ਹੈ; ਪੈਰਾਂ ਨੂੰ (ਅਜਿਹਾ) ਜਨੇਊ ਨਹੀਂ ਪਾਇਆ (ਕਿ ਭੈੜੇ ਪਾਸੇ ਨਾ ਲੈ ਜਾਣ), ਹੱਥਾਂ ਨੂੰ ਜਨੇਊ ਨਹੀਂ ਪਾਇਆ (ਕਿ ਉਹ ਮੰਦੇ ਕੰਮ ਨ ਕਰਨ); ਜੀਭ ਨੂੰ (ਕੋਈ) ਜਨੇਊ ਨਹੀਂ ਪਾਇਆ (ਕਿ ਪਰਾਈ ਨਿੰਦਾ ਕਰਨ ਤੋਂ ਹਟੀ ਰਹੇ), ਅੱਖਾਂ ਨੂੰ (ਐਸਾ) ਜਨੇਊ ਨਹੀਂ ਪਾਇਆ (ਕਿ ਪਰਾਈ ਇਸਤ੍ਰੀ ਵਲ ਨਾ ਤੱਕਣ) ।
ਆਪ ਤਾਂ ਇਹੋ ਜਿਹੇ ਜਨੇਊ ਤੋਂ ਵਾਂਜਿਆ ਹੋਇਆ ਭਟਕਦਾ ਫਿਰਦਾ ਹੈ, ਪਰ (ਕਪਾਹ ਦੇ ਸੂਤ ਦੇ) ਧਾਗੇ ਵੱਟ ਵੱਟ ਕੇ ਹੋਰਨਾਂ ਨੂੰ ਪਾਂਦਾ ਹੈ, ਆਪਣੇ ਹੀ ਜਜਮਾਨਾਂ ਦੀਆਂ ਧੀਆਂ ਦੇ ਵਿਆਹ ਦੱਛਣਾ ਲੈ ਲੈ ਕੇ ਕਰਦਾ ਹੈ ਤੇ ਪੱਤ੍ਰੀ ਸੋਧ ਸੋਧ ਕੇ ਉਹਨਾਂ ਨੂੰ ਰਸਤਾ ਦੱਸਦਾ ਹੈ ।
ਹੇ ਲੋਕੋ! ਸੁਣੋ, ਵੇਖੋ, ਇਹ ਅਚਰਜ ਤਮਾਸ਼ਾ! (ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) ‘ਸਿਆਣਾ’ ।੪ ।
Follow us on Twitter Facebook Tumblr Reddit Instagram Youtube