ਮਃ ੧ ॥
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ ॥
ਕੁਹਿ ਬਕਰਾ ਰਿੰਨ੍ਹਿ ਖਾਇਆ ਸਭੁ ਕੋ ਆਖੈ ਪਾਇ ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

Sahib Singh
ਕੂੜੀਆ = ਝੂਠ ।
ਪਹਿਨਾਮੀਆ = ਪਹਿਨਾਮੀਆਂ, ਅਮਾਨਤ ਵਿਚ ਖਿ਼ਆਨਤ ਕਰਨੀ ।
ਜੀਅ ਨਾਲਿ = ਆਪਣੇ ਮਨ ਨਾਲ, ਲੁਕ ਲੁਕ ਕੇ, ਲੋਕਾਂ ਤੋਂ ਲੁਕਾ ਲੁਕਾ ਕੇ, ਚੋਰੀ ਚੋਰੀ ।
ਤਗੁ = ਤਾਗਾ ।
ਵਟੇ ਆਇ = ਆ ਕੇ ਵੱਟ ਦੇਂਦਾ ਹੈ (ਤੇ ਜਨੇਊ ਬਣਾ ਦੇਂਦਾ ਹੈ) ।
ਕੁਹਿ = ਵੱਢ ਕੇ ।
ਰਿੰਨਿ@ = ਰਿੰਨ੍ਹ ਕੇ ।
{ਕੁਹਿ ਬਕਰਾ ਰਿੰਨ੍ਹ = ਇਹਨਾਂ ਸ਼ਬਦਾਂ ਦਾ ਪਦ-ਛੇਦ ਕਿਸੇ ਹੋਰ ਤ੍ਰਹਾਂ ਨਹੀਂ ਹੋ ਸਕਦਾ ।
    ਜੋ ਸੱਜਣ ਕਰਦੇ ਹਨ, ਉਹ ਪਰਤੱਖ ਤੌਰ ਤੇ ਗੁਰਬਾਣੀ ਦੇ ਵਿਆਕਰਣ ਤੋਂ ਆਪਣੀ ਨਾਵਾਕਫ਼ੀਅਤ ਪਰਗਟ ਕਰਦੇ ਹਨ ।
    ‘ਕੁਹਿਬ ਕਰਾਰਿ ਨ’ ਆਖਣ ਵਾਲੇ ਸੱਜਣ ਇਹ ਚੇਤਾ ਨਹੀਂ ਰੱਖਦੇ ਕਿ ‘ਰਿ’ ਦੀ ( ੰ ) ‘ਨ’ ਦੀ ( ਿ) ਅਤੇ ( ੍ਹ ) ਨਾਲ ਨਹੀਂ ਰਹੇ ।
    ਖੋਜੀ ਸੱਜਣ ਜਿਉਂ ਜਿਉਂ ਗੁਰਬਾਣੀ ਦੇ ਵਿਆਕਰਣ ਵਲ ਧਿਆਨ ਮਾਰਨਗੇ, ਉਹਨਾਂ ਨੂੰ ਪਤਾ ਲਗੇਗਾ ਕਿ ਬਾਣੀ ਦੀ ਇੱਕ ਭੀ ਲਗ ਮਾਤਰ ਅਗਾਂਹ ਪਿਛਾਂਹ ਕਰਨ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ} ।
    (ਇਸੇ ਨਾਵਾਕਫ਼ੀਅਤ ਦੇ ਕਾਰਨ ਸਭ ਟੀਕਾਕਾਰ ਹੇਠ-ਲਿਖੀ ਤੁਕ ਦੇ ਅਸ਼ੁੱਧ ਅਰਥ ਕਰਦੇ ਚਲੇ ਆਏ ਹਨ: ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤਿ੍ਰ ਮਾਨਵਹਿ ਲਹਿ ॥ ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥੫।੧੪॥ {ਸਵਈਏ ਮਹਲੇ ਤੀਜੇ ਕੇ ‘ਇਕੁ ਬਿੰਨਿ’ ਦਾ ਅਰਥ ਹੁਣ ਤਾਈਂ ‘ਇਕ ਤੋਂ ਬਿਨਾ’ ਹੀ ਹੁੰਦਾ ਆਇਆ ਹੈ ।
    ਇਸ ਗੱਲ ਵੱਲ ਕਦੇ ਧਿਆਨ ਨਹੀਂ ਕੀਤਾ ਗਿਆ ਕਿ ‘ਬਿਨੁ’ ਅਤੇ ‘ਬਿੰਨਿ’ ਵਖੋ ਵਖਰੇ ਸ਼ਬਦ ਹਨ ।
    ਸ਼ਬਦ ‘ਬਿਨੁ’ ਦਾ ਪ੍ਰਾਕਿਤਰੂਪ ‘ਵਿਣੁ’ ਹੈ, ਜੋ ਸੰਸਕ੍ਰਿਤ ਦੇ ਸ਼ਬਦ ‘ਵਿਨਾ’ ਦਾ ਵਿਗਾੜ ਹੈ ।
    ਓਪਰੀ ਓਪਰੀ ਨਜ਼ਰ ਮਾਰਿਆਂ ਹੀ ਦਿੱਸ ਪੈਂਦਾ ਹੈ ਕਿ ‘ਬਿਨੁ’ ਅਤੇ ‘ਬਿੰਨਿ’ ਵਿਚ ਬਹੁਤ ਫ਼ਰਕ ਹੈ ।
    ਇਸੇ ਤ੍ਰਹਾਂ ‘ਕੁਹਿ ਬਕਰਾ ਰਿੰਨ@ ਖਾਇਆ’ ਨੂੰ ‘ਕੁਹਿਬ ਕਰਾਰਿ ਨ ਖਾਇਆ’ ਪੜ੍ਹਨ ਵਾਲੇ ਸੱਜਣ ਆਪ ਹੀ ਵੇਖ ਲੈਣ ਕਿ ਉਹ ਕੇਡੀ ਭਾਰੀ ਭੁੱਲ ਕਰ ਰਹੇ ਹਨ ।} ਸਭੁ ਕੋ—ਹਰੇਕ ਜੀਵ, (ਪਰਵਾਰ ਦਾ) ਹਰੇਕ ਪ੍ਰਾਣੀ ।
ਪਾਇ = (ਜਨੇਊ) ਪਾ ਲਿਆ ।
ਤਗਿ = ਤਗ ਵਿਚ, ਧਾਗੇ ਵਿਚ, ਜਨੇਊ ਵਿਚ ।
    
Sahib Singh
(ਮਨੁੱਖ) ਲੱਖਾਂ ਚੋਰੀਆਂ ਤੇ ਜਾਰੀਆਂ (ਯਾਰੀਆਂ ਪਰ-ਇਸਤ੍ਰੀ ਗਮਨ) ਕਰਦਾ ਹੈ; ਲੱਖਾਂ ਝੂਠ ਬੋਲਦਾ ਹੈ ਤੇ ਗਾਲ੍ਹੀਆਂ ਕੱਢਦਾ ਹੈ ।
ਦਿਨ ਰਾਤ ਲੋਕਾਂ ਤੋਂ ਚੋਰੀ ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ ਕਰਦਾ ਹੈ ।
(ਇਹ ਤਾਂ ਹੈ ਮਨੁੱਖ ਦੇ ਅੰਤਰ-ਆਤਮੇ ਦਾ ਹਾਲ ਪਰ ਬਾਹਰ ਤੱਕੋ, ਲੋਕਾ-ਚਾਰੀ ਕੀਹ ਕੁਝ ਹੋ ਰਿਹਾ ਹੈ) ਕਪਾਹ ਤੋਂ (ਭਾਵ, ਕਪਾਹ ਲਿਆ ਕੇ) ਧਾਗਾ ਕੱਤਿਆ ਜਾਂਦਾ ਹੈ ਅਤੇ ਬ੍ਰਾਹਮਣ (ਜਜਮਾਨ ਦੇ ਘਰ) ਆ ਕੇ (ਉਸ ਧਾਗੇ ਨੂੰ) ਵੱਟ ਦੇਂਦਾ ਹੈ ।
(ਘਰ ਆਏ ਹੋਏ ਸਾਰੇ ਅੰਗ-ਸਾਕਾਂ ਨੂੰ) ਬੱਕਰਾ ਮਾਰ ਕੇ ਤੇ ਰਿੰਨ੍ਹ ਕੇ ਖੁਆਇਆ ਜਾਂਦਾ ਹੈ; (ਘਰ ਦਾ) ਹਰੇਕ ਪ੍ਰਾਣੀ ਆਖਦਾ ਹੈ ‘ਜਨੇਊ ਪਾਇਆ ਗਿਆ ਹੈ; ਜਨੇਊ ਪਾਇਆ ਗਿਆ ਹੈ’ ।
ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਸੁੱਟ ਦਿੱਤਾ ਜਾਂਦਾ ਹੈ ।
ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ ।
ਹੇ ਨਾਨਕ! ਜੇ ਧਾਗੇ ਵਿਚ ਜ਼ੋਰ ਹੋਵੇ (ਭਾਵ, ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ) ਤਾਂ ਉਹ ਧਾਗਾ ਨਹੀਂ ਟੁੱਟਦਾ ।੨ ।
Follow us on Twitter Facebook Tumblr Reddit Instagram Youtube