ਪਉੜੀ ॥
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥
ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥
ਕਰਿ ਅਉਗਣ ਪਛੋਤਾਵਣਾ ॥੧੪॥

Sahib Singh
ਕਪੜੁ = ਜਿੰਦ ਦਾ ਕੱਪੜਾ, ਸਰੀਰ ।
ਰਾਹਿ ਭੀੜੈ = ਭੀੜੇ ਰਸਤੇ ਵਿਚੋਂ ਦੀ ।
ਅਗੈ = ਭਾਵ, ਮਰਨ ਤੋਂ ਪਿਛੋਂ, ਇਹ ਦਿੱਸਦਾ ਜਗਤ ਛੱਡ ਕੇ ।
ਨੰਗਾ = ਨੰਗਾ ਕਰ ਕੇ, ਪਾਜ ਉਘੇੜ ਕੇ, ਨਸ਼ਰ ਕਰ ਕੇ ।
ਦੋਜਕਿ = ਦੋਜ਼ਕ ਵਿਚ ।
ਚਾਲਿਆ = ਚਲਾਇਆ ਜਾਂਦਾ ਹੈ, ਧੱਕਿਆ ਜਾਂਦਾ ਹੈ ।
ਤਾ = ਤਦੋਂ, ਉਸ ਵੇਲੇ ।
ਖਰਾ = ਬਹੁਤ ।੧੪ ।
    
Sahib Singh
ਇਹ ਸੋਹਣਾ ਸਰੀਰ ਤੇ ਸੋਹਣਾ ਰੂਪ (ਇਸੇ ਜਗਤ ਵਿਚ) (ਜੀਵਾਂ ਨੇ) ਛੱਡ ਕੇ ਤੁਰ ਜਾਣਾ ਹੈ ।
(ਹਰੇਕ ਜੀਵ ਨੇ) ਆਪੋ ਆਪਣੇ ਕੀਤੇ ਹੋਏ ਚੰਗੇ ਤੇ ਮੰਦੇ ਕਰਮਾਂ ਦਾ ਫਲ ਆਪ ਭੋਗਣਾ ਹੈ ।
ਜਿਸ ਮਨੁੱਖ ਨੇ ਮਨ-ਮੰਨੀਆਂ ਹਕੂਮਤਾਂ ਕੀਤੀਆਂ ਹਨ, ਉਸ ਨੂੰ ਅਗਾਂਹ ਅੌਖੀਆਂ ਘਾਟੀਆਂ ਵਿਚੋਂ ਦੀ ਲੰਘਣਾ ਪਵੇਗਾ (ਭਾਵ, ਆਪਣੀਆਂ ਕੀਤੀਆਂ ਹੋਈਆਂ ਵਧੀਕੀਆਂ ਦੇ ਵੱਟੇ ਕਸ਼ਟ ਸਹਿਣੇ ਪੈਣਗੇ) ।
(ਇਹੋ ਜਿਹਾ ਜੀਵ) ਨੰਗਾ (ਕੀਤਾ ਜਾਂਦਾ ਹੈ, ਭਾਵ, ਉਸ ਦੇ ਕੀਤੇ ਹੋਏ ਪਾਪ ਕਰਮਾਂ ਦਾ ਨਕਸ਼ਾ ਉਸਦੇ ਸਾਮ੍ਹਣੇ ਰੱਖਿਆ ਜਾਂਦਾ ਹੈ) ਦੋਜ਼ਕ ਵਿਚ ਧਕਿਆ ਜਾਂਦਾ ਹੈ, ਅਤੇ ਉਸ ਵੇਲੇ (ਉਸ ਨੂੰ ਆਪਣੇ ਆਪ ਨੂੰ) ਬੜਾ ਡਰਾਉਣਾ ਰੂਪ ਦਿਸਦਾ ਹੈ ।
ਭੈੜੇ ਕੰਮ ਕਰਕੇ ਅੰਤ ਪਛਤਾਉਣਾ ਹੀ ਪੈਂਦਾ ਹੈ ।੧੪ ।
Follow us on Twitter Facebook Tumblr Reddit Instagram Youtube