ਮਃ ੧ ॥
ਪੜਿ ਪੁਸਤਕ ਸੰਧਿਆ ਬਾਦੰ ॥
ਸਿਲ ਪੂਜਸਿ ਬਗੁਲ ਸਮਾਧੰ ॥
ਮੁਖਿ ਝੂਠ ਬਿਭੂਖਣ ਸਾਰੰ ॥
ਤ੍ਰੈਪਾਲ ਤਿਹਾਲ ਬਿਚਾਰੰ ॥
ਗਲਿ ਮਾਲਾ ਤਿਲਕੁ ਲਿਲਾਟੰ ॥
ਦੁਇ ਧੋਤੀ ਬਸਤ੍ਰ ਕਪਾਟੰ ॥
ਜੇ ਜਾਣਸਿ ਬ੍ਰਹਮੰ ਕਰਮੰ ॥
ਸਭਿ ਫੋਕਟ ਨਿਸਚਉ ਕਰਮੰ ॥
ਕਹੁ ਨਾਨਕ ਨਿਹਚਉ ਧਿਆਵੈ ॥
ਵਿਣੁ ਸਤਿਗੁਰ ਵਾਟ ਨ ਪਾਵੈ ॥੨॥

Sahib Singh
ਪੁਸਤਕ = (ਵੇਦ ਸ਼ਾਸਤਰ ਆਦਿਕ ਧਰਮ) ਪੁਸਤਕਾਂ ।
ਬਾਦੰ = ਚਰਚਾ ।
ਸਿਲ = ਪੱਥਰ ਦੀ ਮੂਰਤੀ ।
ਬਗੁਲ = ਬਗਲਿਆਂ ਵਾਂਗ ।
ਬਿਭੂਖਣ = ਗਹਿਣੇ ।
ਸਾਰੰ = ਸ੍ਰੇਸ਼ਟ, ਸੋਹਣੇ ।
ਤ੍ਰੈਪਾਲ = ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤਿ੍ਰਪਦਾ; ਗਾਯਤ੍ਰੀ ਮੰਤਰ ।
    ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ ।
    ਉਹਨਾਂ ਦਾ ਵਿਸ਼ਵਾਸ ਹੈ ਕਿ ਇਸ ਮੰਤਰ ਦਾ ਪ੍ਰੇਮ ਨਾਲ ਪਾਠ ਕੀਤਿਆਂ ਸਭ ਪਾਪ ਨਿਵਿਰਤ ਹੋ ਜਾਂਦੇ ਹਨ ।
    ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਇਉਂ ਲਿਖਿਆ ਹੈ: ਤÄਸਵਿਤੁਵL ਰੇਗੱਯ ਭਗੀL ਦੇਬÔਯ ਧੀਮਹੀ ਧਿਯੋ ਯੋ ਨ: ਪ੍ਰਚੋਦਯਾਤੱ ॥¢ਗੱ॥੩॥੬੩॥੧੦॥ਤਿਹਾਲ—ਤਿ੍ਰਹਕਾਲ, ਤਿੰਨ ਵਾਰੀ ।
ਲਿਲਾਟੰ = ਮੱਥੇ ਉਤੇ ।
ਕਪਾਟੰ = ਸਿਰ ਉੱਤੇ ।
ਬ੍ਰਹਮੰ ਕਰਮੰ = ਬ੍ਰਹਮ ਦੇ ਕੰਮ, ਰੱਬ ਦੀ (ਬੰਦਗੀ) ਦੇ ਕੰਮ ।
ਫੋਕਟ = ਫੋਕੇ, ਵਿਅਰਥ ।
ਨਿਸਚਉ = ਨਿਸ਼ਚੇ ਕਰ ਕੇ, ਯਕੀਨਨ, ਜ਼ਰੂਰ ।
ਨਿਹਚਉ = ਸ਼ਰਧਾ ਧਾਰ ਕੇ ।
ਵਾਟ = ਰਸਤਾ ।੨ ।
    
Sahib Singh
(ਪੰਡਤ ਵੇਦ ਆਦਿਕ ਧਾਰਮਿਕ) ਪੁਸਤਕਾਂ ਪੜ੍ਹ ਕੇ ਸੰਧਿਆ ਕਰਦਾ ਹੈ ਅਤੇ (ਹੋਰਨਾਂ ਨਾਲ) ਚਰਚਾ ਛੇੜਦਾ ਹੈ, ਮੂਰਤੀ ਪੂਜਦਾ ਹੈ ਅਤੇ ਬਗਲੇ ਵਾਂਗ ਸਮਾਧੀ ਲਾਂਦਾ ਹੈ; ਮੁਖੋਂ ਝੂਠ ਬੋਲਦਾ ਹੈ; (ਪਰ ਉਸ ਝੂਠ ਨੂੰ) ਬੜੇ ਸੋਹਣੇ ਗਹਿਣਿਆਂ ਵਾਂਗ ਸੋਹਣਾ ਕਰਕੇ ਵਿਖਾਲਦਾ ਹੈ; (ਹਰ ਰੋਜ਼) ਤਿੰਨ ਵੇਲੇ ਗਾਯਤ੍ਰੀ ਮੰਤਰ ਨੂੰ ਵਿਚਾਰਦਾ ਹੈ; ਗਲ ਵਿਚ ਮਾਲਾ ਰੱਖਦਾ ਹੈ, ਤੇ ਮੱਥੇ ਉਤੇ ਤਿਲਕ ਲਾਂਦਾ ਹੈ; (ਸਦਾ) ਦੋ ਧੋਤੀਆਂ ਪਾਸ ਰੱਖਦਾ ਹੈ ਤੇ (ਸੰਧਿਆ ਕਰਨ ਵੇਲੇ) ਸਿਰ ਉੱਤੇ ਇਕ ਵਸਤਰ ਧਰ ਲੈਂਦਾ ਹੈ ।
ਪਰ ਜੇ ਇਹ ਪੰਡਤ ਰੱਬ (ਦੀ ਸਿਫ਼ਤਿ-ਸਾਲਾਹ) ਦਾ ਕੰਮ ਜਾਣਦਾ ਹੋਵੇ, ਤਦ ਨਿਸਚਾ ਕਰ ਕੇ ਜਾਣ ਲਵੋ ਕਿ, ਇਹ ਸਭ ਕੰਮ ਫੋਕੇ ਹਨ ।
ਆਖ, ਹੇ ਨਾਨਕ! (ਮਨੁੱਖ) ਸਰਧਾ ਧਾਰ ਕੇ ਰੱਬ ਨੂੰ ਸਿਮਰੇ—ਕੇਵਲ ਇਹੋ ਰਸਤਾ ਗੁਣਕਾਰੀ ਹੈ, (ਪਰ) ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ।੨ ।
Follow us on Twitter Facebook Tumblr Reddit Instagram Youtube