ਸਲੋਕੁ ਮਃ ੧ ॥
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥
ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

Sahib Singh
ਮੇਰੁ = ਜਿਵੇਂ ‘ਮੇਰੂ’ ਪਰਬਤ ਦੇ ਦੁਆਲੇ ਸਾਰੇ ਗ੍ਰਹਿ (ਤਾਰੇ) ਭੌਂਦੇ ਹਨ, ਸਾਰੇ ‘ਦੀਪਾਂ’ ਦਾ ਇਹ ਕੇਂਦਰ ਹੈ ਤੇ ਇਸ ਵਿਚ ਸੋਨਾ ਤੇ ਹੀਰੇ ਮਿਲਦੇ ਹਨ; ਜਿਵੇਂ ਮਾਲਾ ਦੇ ੧੦੮ ਮਣਕਿਆਂ ਵਿਚ ਸਿਰਤਾਜ ਮਣਕਾ ‘ਮੇਰੂ’ ਹੈ; ਜਿਵੇਂ ਮੋਤੀਆਂ ਦੇ ਹਾਰ ਦਾ ਸ਼ਿਰੋਮਣ ਮੋਤੀ ‘ਮੇਰੂ’ ਅਖਵਾਂਦਾ ਹੈ, ਤਿਵੇਂ ਪ੍ਰਭੂ ਦੀ ਰਚਨਾ ਦੀਆਂ ਬੇਅੰਤ ਜੂਨੀਆਂ ਵਿਚੋਂ ਸ਼ਿਰੋਮਣੀ ਜੂਨ ਮਨੁੱਖਾ-ਜੂਨ ‘ਮੇਰੂ’ ਅਖਵਾਂਦੀ ਹੈ ਅਤੇ ਮਨੁੱਖਾ-ਸਰੀਰ ਬਾਕੀ ਸਭ ਜੂਨੀਆਂ ਦੇ ਸਰੀਰਾਂ ਵਿਚੋਂ ‘ਮੇਰੂ’ ਹੈ ।
ਮੇਰੁ ਸਰੀਰ ਕਾ = (ਸਰੀਰਾਂ ਵਿਚੋਂ) ਮੇਰੁ ਸਰੀਰ ਦਾ, (ਸਾਰੀਆਂ ਜੂਨੀਆਂ ਦੇ ਸਰੀਰਾਂ ਵਿਚੋਂ) ਮੇਰੂ ਸਰੀਰ ਦਾ, ਸ਼ਿਰੋਮਣੀ ਸਰੀਰ ਦਾ, ਭਾਵ, ਮਨੁੱਖਾ-ਸਰੀਰ ਦੇ ਵਾਸਤੇ ।
ਰਥੁ = ਕਾਠ ਉਪਨਿਸ਼ਦ ਵਿਚ ਮਨੁੱਖਾ ਸਰੀਰ ਨੂੰ ਰਥ ਨਾਲ ਉਪਮਾ ਦਿੱਤੀ ਗਈ ਹੈ; ਭਾਵ, ਸਰੀਰ ਨੂੰ ਰਥ ਸਮਝੋ ਤੇ ਆਤਮਾ ਨੂੰ ਇਸ ਰਥ ਦਾ ਰਥਵਾਹੀ ਜਾਣੋ ।
ਰਥਵਾਹੁ = ਰਥ ਨੂੰ ਚਲਾਣ ਵਾਲਾ ।
ਜੁਗੁ ਜੁਗੁ = ਹਰੇਕ ਜੁਗ ਵਿਚ ।
ਜੁਗੁ = ਇਸ ਸਿ੍ਰਸ਼ਟੀ ਦੀ ਇਕ ਉਮਰ ਨੂੰ ‘ਜੁਗ’ ਕਿਹਾ ਜਾਂਦਾ ਹੈ ।
    ਜੁਗ ਗਿਣਤੀ ਵਿਚ ਚਾਰ ਹਨ—ਸਤਜੁਗ, ਤ੍ਰੇਤਾ, ਦੁਆਪਰ ਤੇ ਕਲਜੁਗ ।
    ਹਰੇਕ ਜੁਗ ਦੀ ਉਮਰ ਕ੍ਰਮ ਅਨੁਸਾਰ ੧੭੨੮੦੦੦, ੧੫੯੬੦੦੦, ੮੬੪੦੦੦ ਅਤੇ ੪੭੨੦੦੦ ਸਾਲ (ਮਨੁੱਖਾਂ ਦੇ ਸਾਲ) ਹੈ; ਇਹ ਸਾਰਾ ਸਮਾ ਮਿਲਾ ਕੇ ਇਕ ‘ਮਹਾ ਜੁਗ’ ਬਣਦਾ ਹੈ ।
    ਹਰੇਕ ਜੁਗ ਦੀ ਉਮਰ ਤਰਤੀਬ-ਵਾਰ ਘਟਦੀ ਗਈ ਹੈ ।
    ਇਸ ਸੰਬੰਧੀ ਖਿ਼ਆਲ ਇਹ ਹੈ ਕਿ ਇਹਨਾਂ ਜੁਗਾਂ ਵਿਚ ਦੇ ਜੀਵਾਂ ਦਾ ਸਰੀਰਕ ਬਲ ਤੇ ਆਚਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸ ਕਰਕੇ ਜੁਗਾਂ ਦੀ ਉਮਰ ਭੀ ਨਾਲੋ ਨਾਲ ਘਟਦੀ ਜਾ ਰਹੀ ਹੈ ।
ਵਟਾਈਅਹਿ = ਵਟਾਏ ਜਾਂਦੇ ਹਨ, ਬਦਲਦੇ ਰਹਿੰਦੇ ਹਨ ।
ਗਿਆਨੀ = ਗਿਆਨ ਵਾਲੇ ਮਨੁੱਖ ।
ਤਾਹਿ = ਇਸ ਗੱਲ ਨੂੰ ।
ਸਤਜੁਗਿ = ਸਤਜੁਗ ਵਿਚ ।
ਤ੍ਰੇਤੈ = ਤ੍ਰੇਤੇ ਜੁਗ ਵਿਚ ।
ਸਤੁ = ਉੱਚਾ ਆਚਰਨ ।੧ ।
    
Sahib Singh
ਹੇ ਨਾਨਕ! ਚੌਰਾਸੀਹ ਲੱਖ ਜੂਨਾਂ ਵਿਚੋਂ ਸ਼ਿਰੋਮਣੀ ਮਨੁੱਖਾ ਸਰੀਰ ਦਾ ਇਕ ਰਥ ਹੈ ਤੇ ਇਕ ਰਥਵਾਹੀ ਹੈ (ਭਾਵ, ਇਹ ਜ਼ਿੰਦਗੀ ਦਾ ਇਕ ਲੰਮਾ ਸਫ਼ਰ ਹੈ, ਮਨੁੱਖ ਮੁਸਾਫ਼ਰ ਹੈ; ਇਸ ਲੰਮੇ ਸਫ਼ਰ ਨੂੰ ਸੌਖੇ ਤਰੀਕੇ ਨਾਲ ਤੈ ਕਰਨ ਵਾਸਤੇ ਜੀਵ ਸਮੇ ਦੇ ਪਰਭਾਵ ਵਿਚ ਆਪਣੀ ਮਤ ਅਨੁਸਾਰ ਕਿਸੇ ਨ ਕਿਸੇ ਦੀ ਅਗਵਾਈ ਵਿਚ ਤੁਰ ਰਹੇ ਹਨ, ਕਿਸੇ ਨ ਕਿਸੇ ਦਾ ਆਸਰਾ ਤੱਕ ਰਹੇ ਹਨ ।
ਪਰ ਜਿਉਂ ਜਿਉਂ ਸਮਾ ਗੁਜ਼ਰਦਾ ਜਾ ਰਿਹਾ ਹੈ, ਜੀਵਾਂ ਦੇ ਸੁਭਾਉ ਬਦਲ ਰਹੇ ਹਨ, ਇਸ ਵਾਸਤੇ ਜੀਵਾਂ ਦਾ ਆਪਣੀ ਜ਼ਿੰਦਗੀ ਦਾ ਨਿਸ਼ਾਨਾ, ਜ਼ਿੰਦਗੀ ਦਾ ਮਨੋਰਥ ਭੀ ਬਦਲ ਰਿਹਾ ਹੈ; ਤਾਂ ਤੇ) ਹਰੇਕ ਜੁਗ ਵਿਚ ਇਹ ਰਥ ਤੇ ਰਥਵਾਹੀ ਮੁੜ ਮੁੜ ਬਦਲਦੇ ਰਹਿੰਦੇ ਹਨ, ਇਸ ਭੇਦ ਨੂੰ ਸਿਆਣੇ ਮਨੁੱਖ ਸਮਝਦੇ ਹਨ ।
ਸਤਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਸੰਤੋਖ’ ਹੁੰਦਾ ਹੈ ਤੇ ਰਥਵਾਹੀ ‘ਧਰਮ’ ਹੈ (ਭਾਵ, ਜਦੋਂ ਮਨੁੱਖਾਂ ਦਾ ਆਮ ਤੌਰ ਤੇ ਜ਼ਿੰਦਗੀ ਦਾ ਨਿਸ਼ਾਨਾ ‘ਧਰਮ’ ਹੋਵੇ, ‘ਧਰਮ’ ਜੀਵਨ-ਮਨੋਰਥ ਹੋਣ ਕਰਕੇ ਸੁਤੇ ਹੀ ‘ਸੰਤੋਖ’ਉਹਨਾਂ ਦੀ ਸਵਾਰੀ ਹੁੰਦਾ ਹੈ, ‘ਸੰਤੋਖ’ ਵਾਲਾ ਸੁਭਾਉ ਜੀਵਾਂ ਦੇ ਅੰਦਰ ਪਰਬਲ ਹੁੰਦਾ ਹੈ ।
ਇਹ ਜੀਵ, ਮਾਨੋ, ਸਤਜੁਗੀ ਹਨ, ਸਤਜੁਗ ਵਿਚ ਵੱਸ ਰਹੇ ਹਨ) ।
ਤ੍ਰੇਤੇ ਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਜਤੁ’ ਹੈ ਤੇ ਇਸ ‘ਜਤ’ ਰੂਪ ਰਥ ਦੇ ਅੱਗੇ ਰਥਵਾਹੀ ‘ਜੋਰੁ’ ਹੈ (ਭਾਵ, ਜਦੋਂ ਮਨੁੱਖਾਂ ਦਾ ਜ਼ਿੰਦਗੀ ਦਾ ਨਿਸ਼ਾਨਾ ‘ਸੂਰਮਤਾ’ (ਛਹਵਿੳਲਰੇ) ਹੋਵੇ, ਤਦੋਂ ਸੁਤੇ ਹੀ ‘ਜਤੁ’ ਉਹਨਾਂ ਦੀ ਸਵਾਰੀ ਹੁੰਦਾ ਹੈ ।
‘ਸੂਰਮਤਾ’ ਦੇ ਪਿਆਰੇ ਮਨੁੱਖਾਂ ਦੇ ਅੰਦਰ ‘ਜਤੀ’ ਰਹਿਣ ਦਾ ਵਲਵਲਾ ਸਭ ਤੋਂ ਵਧੀਕ ਪਰਬਲ ਹੁੰਦਾ ਹੈ ।
ਦੁਆਪਰ ਜੁਗ ਵਿਚ ਮਨੁੱਖਾ-ਸਰੀਰ ਦਾ ਰਥ ‘ਤਪੁ’ ਹੈ ਤੇ ਇਸ ‘ਤਪ’ ਰੂਪ ਰਥ ਦੇ ਅੱਗੇ ਰਥਵਾਹੀ ‘ਸਤੁ’ ਹੁੰਦਾ ਹੈ (ਭਾਵ, ਜਦੋਂ ਮਨੁੱਖਾਂ ਦੀ ਜ਼ਿੰਦਗੀ ਦਾ ਨਿਸ਼ਾਨਾ ਉੱਚਾ ਆਚਰਨ ਹੋਵੇ, ਤਦੋਂ ਸੁਤੇ ਹੀ ‘ਤਪ’ ਉਹਨਾਂ ਦੀ ਸਵਾਰੀ ਹੁੰਦਾ ਹੈ ।
‘ਉੱਚੇ ਆਚਰਨ’ ਦੇ ਆਸ਼ਕ ਆਪਣੇ ਸਰੀਰਕ ਇੰਦਿ੍ਰਆਂ ਨੂੰ ਵਿਕਾਰਾਂ ਵਲੋਂ ਬਚਾਣ ਦੀ ਖ਼ਾਤਰ ਕਈ ਤ੍ਰਹਾਂ ਦੇ ਤਪ, ਕਸ਼ਟ ਝੱਲਦੇ ਹਨ) ।
ਕਲਜੁਗ ਵਿਚ ਮਨੁੱਖਾ-ਸਰੀਰ ਦਾ ਰਥ ਤ੍ਰਿਸ਼ਨਾ-ਅੱਗ ਹੈ ਤੇ ਇਸ ‘ਅੱਗ’ ਰੂਪ ਰਥ ਦੇ ਅੱਗੇ ਰਥਵਾਹੀ ‘ਕੂੜੁ’ ਹੈ (ਭਾਵ, ਜਦੋਂ ਜੀਵਾਂ ਦਾ ਜ਼ਿੰਦਗੀ ਦਾ ਮਨੋਰਥ ‘ਕੂੜੁ’ ਠੱਗੀ ਆਦਿਕ ਹੋਵੇ ਤਦੋਂ ਸੁਤੇ ਹੀ ‘ਤ੍ਰਿਸ਼ਨਾ’ ਰੂਪ ਅੱਗ ਉਹਨਾਂ ਦੀ ਸਵਾਰੀ ਹੁੰਦੀ ਹੈ ।
ਕੂੜ ਠੱਗੀ ਤੋਂ ਵਿਕੇ ਹੋਏ ਮਨੁੱਖਾਂ ਦੇ ਅੰਦਰ ਤ੍ਰਿਸ਼ਨਾ ਅੱਗ ਭੜਕਦੀ ਰਹਿੰਦੀ ਹੈ) ।

ਨੋਟ: ਇਸ ਸਲੋਕ ਵਿਚ ਗੁਰੂ ਨਾਨਕ ਸਾਹਿਬ ਜੀ ਹਿੰਦੂ ਮਤ ਅਨੁਸਾਰ ਜੁਗਾਂ ਦੀ ਕੀਤੀ ਹੋਈ ਵੰਡ ਤੇ ਵਿਚਾਰ ਕਰਦੇ ਹੋਏ ਫੁਰਮਾਂਦੇ ਹਨ ਕਿ ਸਤਜੁਗ, ਤ੍ਰੇਤਾ, ਦੁਆਪਰ, ਕਲਜੁਗ ਦੇ ਪਹਿਰੇ ਦੀ ਪਛਾਣ ਕਰਨ ਵਾਸਤੇ ਜੀਵਾਂ ਦੇ ਆਮ ਪਰਵਿਰਤੀ ਸੁਭਾਉ ਵਲ ਵੇਖੋ ।
ਜਿੱਥੇ ‘ਧਰਮ’ ਪਰਬਲ ਹੈ, ਉਥੇ ਮਾਨੋ, ‘ਸਤਜੁਗ’ ਦਾ ਰਾਜ ਹੈ, ਤੇ ਜਿੱਥੇ ‘ਕੂੜੁ’ ਪਰਧਾਨ ਹੈ, ਉਥੇ ਸਮਝੋ ਕਲਜੁਗ ਦਾ ਪਹਿਰਾ ਹੈ ।
ਜੁਗਾਂ ਦਾ ਪਰਭਾਵ ਜਗਤ ਤੇ ਨਹੀਂ ਹੈ, ਜਗਤ ਦੇ ਜੀਵਾਂ ਦਾ ਸੁਭਾਉ ਤੇ ਆਚਰਨ ਬਦਲਣ ਨਾਲ ਮਾਨੋ ਜੁਗ ਬਦਲ ਗਿਆ ਹੈ ।੧ ।
Follow us on Twitter Facebook Tumblr Reddit Instagram Youtube