ਪਉੜੀ ॥
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

Sahib Singh
ਪੜਿਆ = ਪੜਿ੍ਹਆ ਹੋਇਆ ਮਨੁੱਖ ।
ਗੁਨਹਗਾਰੁ = ਮੰਦੇ ਕੰਮ ਕਰਨ ਵਾਲਾ ।
ਓਮੀ = ਨਿਰਾ ਸ਼ਬਦ ‘ਓਮ’ ਨੂੰ ਹੀ ਜਾਣਨ ਵਾਲਾ, ਭਾਵ, ਅਨਪੜ੍ਹ ਮਨੁੱਖ ।
ਸਾਧੁ = ਭਲਾ ਮਨੁੱਖ ।
ਨ ਮਾਰੀਐ = ਮਾਰ ਨਹੀਂ ਖਾਂਦਾ ।
ਘਾਲਣਾ ਘਾਲੇ = ਕਮਾਈ ਕਰੇ ।
ਤੇਵੇਹੋ = ਤਿਹੋ ਜਿਹਾ ਹੀ ।
ਪਚਾਰੀਐ = ਪਰਚਲਤ ਹੋ ਜਾਂਦਾ ਹੈ, ਮਸ਼ਹੂਰ ਹੋ ਜਾਂਦਾ ਹੈ ।
ਕਲਾ = ਖੇਡ ।
ਜਿਤੁ = ਜਿਸ ਦੇ ਕਾਰਨ ।
ਵੀਚਾਰੀਐ = ਵਿਚਾਰੀ ਜਾਂਦੀ ਹੈ, ਕਬੂਲ ਪੈਂਦੀ ਹੈ ।
ਮੁਹਿ ਚਲੈ = ਮੂੰਹ ਦੇ ਜ਼ੋਰ ਚੱਲੇ, ਜੋ ਮਨੁੱਖ ਮੂੰਹ-ਜ਼ੋਰ ਹੋਵੇ, ਆਪਣੀ ਮਰਜ਼ੀ ਦੇ ਅਨੁਸਾਰ ਤੁਰੇ ।੧੨ ।
    
Sahib Singh
ਜੇ ਪੜਿ੍ਹਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ ।
(ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ) ।
ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ; (ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ ।ਮਨੁੱਖ ਭਾਵੇਂ ਪੜਿ੍ਹਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ ।
ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ।੧੨ ।
Follow us on Twitter Facebook Tumblr Reddit Instagram Youtube