ਸਲੋਕੁ ਮਃ ੧ ॥
ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥
ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥
ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥

Sahib Singh
ਸਚਿ = ਸੱਚ ਵਿਚ ।
ਸਚਿ ਕਾਲੁ = ਸੱਚ ਵਿਚ ਕਾਲ ਪੈ ਗਿਆ ਹੈ ਅਸਲੀਅਤ ਦੀ ਪਰਖ ਨਹੀਂ ਰਹੀ ।
ਕਾਲਖ = ਕਾਲਾਪਨ, ਵਿਕਾਰਾਂ ਦੀ ਸਿਆਹੀ ।
ਬੇਤਾਲ = ਭੂਤ ਪ੍ਰੇਤ ।
ਬੀਉ = ਨਾਮ ਰੂਪ ਬੀਜ ।
ਬੀਜਿ = ਬੀਜ ਕੇ ।
ਕਿਉ ਉਗਵੈ = ਨਹੀਂ ਉੱਗ ਸਕਦੀ ।
ਦਾਲਿ = ਦਾਣੇ ਦੇ ਦੋਵੇਂ ਹਿੱਸੇ ਵਖੋ ਵਖਰੇ ।
ਇਕੁ = ਸਾਬਤ ਬੀਜ ।
ਰੁਤੀ ਹੂ ਰੁਤਿ = ਰੁਤਾਂ ਵਿਚੋਂ ਰੁਤ, ਭਾਵ ਚੰਗੀ ਰੁਤ, ਫਬਵੀਂ ਰੁਤ ।
ਪਾਹ = ਲਾਗ, ਕੱਪੜੇ ਨੂੰ ਪੱਕਾ ਰੰਗ ਚਾੜ੍ਹਨ ਲਈ ਜੋ ਪਾਣੀ ਵਿਚ ਰੰਗ ਤੋਂ ਪਹਿਲਾਂ ਪਾਈਦੀ ਹੈ ।
ਕੋਰੈ = ਕੋਰੇ (ਕੱਪੜੇ) ਨੂੰ ।
ਰੰਗੁ ਸੋਇ = ਉਹ (ਪੱਕਾ) ਰੰਗ ਜੋ (ਹੋਣਾ ਚਾਹੀਦਾ ਹੈ, ਭਾਵ) ਵਧੀਆ ਪੱਕਾ ਰੰਗ ।
ਸਰਮੁ = ਮਿਹਨਤ ।
ਰਪੈ = ਰੰਗਿਆ ਜਾਏ ।
ਕੂੜੈ = ਕੂੜ ਦੀ ਛਲ ਠੱਗੀ ਦੀ ।
ਸੋਇ = ਖ਼ਬਰ, ਭਿਣਖ ।੧ ।
{ਨੋਟ = ਇਸ ਸਲੋਕ ਵਿਚ ਦੋ ਦਿ੍ਰਸ਼ਟਾਂਤ ਦਿੱਤੇ ਗਏ ਹਨ ਪਹਿਲੀਆਂ ੩ ਤੁਕਾਂ ਵਿਚ ਖੇਤੀ ਬੀਜਣ ਦਾ ਅਤੇ ਦੂਜੀਆਂ ੩ ਤੁਕਾਂ ਵਿਚ ਕੱਪੜਾ ਰੰਗਣ ਦਾ ।
    ਪਹਿਲੇ ਦਿ੍ਰਸ਼ਟਾਂਤ ਵਿਚ ਦੱਸਿਆ ਗਿਆ ਹੈ ਕਿ ਜਿਵੇਂ ਸਾਬਤ ਦਾਣਾ ਹੀ ਬੀਜਿਆਂ ਉੱਗ ਸਕਦਾ ਹੈ, ਜੇ ਦਾਣਾ ਦਲ ਦਿੱਤਾ ਜਾਏ, ਤਾਂ ਨਹੀਂ ਉੱਗਦਾ ।
ਇਸੇ ਤ੍ਰਹਾਂ ਜੇ ਮਨ ਦੋ = ਫਾੜ ਰਹੇ, ਭਾਵ, ਜੇ ਅੰਦਰ ਦੁਚਿੱਤਾ-ਪਨ ਰਹੇ, ਤਾਂ ‘ਨਾਮ’ ਬੀਜ ਉੱਗ ਨਹੀਂ ਸਕਦਾ, ਵਧ-ਫੁਲ ਨਹੀਂ ਸਕਦਾ ।
    ਦੂਜੇ ਦਿ੍ਰਸ਼ਟਾਂਤ ਵਿਚ ਲਿਖਿਆ ਹੈ ਕਿ ਕੋਰੇ ਕੱਪੜੇ ਨੂੰ ਪੱਕਾ ਰੰਗ ਨਹੀਂ ਚੜ੍ਹ ਸਕਦਾ ।
    ਪਹਿਲਾਂ ਖੁੰਬ ਤੇ ਚਾੜ੍ਹਨ ਦੀ ਲੋੜ ਹੈ, ਫੇਰ ਰੰਗ ਦੇਣ ਤੋਂ ਪਹਿਲਾਂ ਪਾਹ ਦੇਣੀ ਪੈਂਦੀ ਹੈ ।
    ਇਸੇ ਤ੍ਰਹਾਂ ਇਸ ਕੋਰੇ ਮਨ ਨੂੰ ਨਾਮ ਵਿਚ ਰੰਗਣ ਵਾਸਤੇ ਪਹਿਲਾਂ ਰੱਬ ਦੇ ਡਰ ਰੂਪ ਖੁੰਬ ਤੇ ਚਾੜ੍ਹਨ ਦੀ ਲੋੜ ਹੈ ।
    ਇਸ ਤ੍ਰਹਾਂ ਇਸ ਦਾ ਕੋਰਾ-ਪਨ (ਨਿਰਦਇਤਾ) ਦੂਰ ਹੋ ਜਾਂਦਾ ਹੈ, ਜੀਵ ਰੱਬ ਦੇ ਡਰ ਵਿਚ ਰਹਿ ਕੇ ਜੀਆਂ ਤੇ ਤਰਸ ਕਰਨ ਲੱਗ ਪੈਂਦਾ ਹੈ ।ਫੇਰ ਇਸ ਮਨ ਨੂੰ ਮਿਹਨਤ ਦੀ ਪਾਹ ਦਿੱਤੀ ਜਾਏ, ਭਾਵ ਆਲਸ ਤਿਆਗ ਕੇ ਉੱਦਮੀ ਬਣਿਆ ਰਹੇ ।
ਤਦੋਂ ਰੱਬ ਦੇ ਭਗਤੀ = ਰੰਗ ਵਿਚ ਰੰਗਿਆਂ ਸੋਹਣੇ ਰੰਗ ਵਾਲਾ ਹੋ ਜਾਂਦਾ ਹੈ ।}
Sahib Singh
(ਸੰਸਾਰਕ ਜੀਵਾਂ ਦੇ ਹਿਰਦੇ ਵਿਚੋਂ) ਸੱਚ ਉੱਡ ਗਿਆ ਹੈ ਅਤੇ ਕੂੜ ਹੀ ਕੂੜ ਪਰਧਾਨ ਹੋ ਰਿਹਾ ਹੈ, ਕਲਜੁਗ ਦੀ (ਪਾਪਾਂ ਦੀ) ਕਾਲਖ ਦੇ ਕਾਰਨ ਜੀਵ ਭੂਤਨੇ ਬਣ ਰਹੇ ਹਨ (ਭਾਵ, ਜਗਤ ਦਾ ਮੋਹ ਪਰਬਲ ਹੋ ਰਿਹਾ ਹੈ, ਜਗਤ ਦੇ ਸਾਜਣਹਾਰ ਨਾਲ ਸਾਂਝ ਬਣਾਣ ਦਾ ਖਿ਼ਆਲ ਜੀਵਾਂ ਦੇ ਹਿਰਦਿਆਂ ਵਿਚੋਂ ਦੂਰ ਹੋ ਰਿਹਾ ਹੈ, ਅਤੇ ਸਿਮਰਨ ਤੋਂ ਬਿਨਾ ਜੀਵ ਮਾਨੋ ਭੂਤਨੇ ਹਨ) ।
ਜਿਨ੍ਹਾਂ ਨੇ (ਹਰੀ ਦਾ ਨਾਮ) ਬੀਜ (ਆਪਣੇ ਹਿਰਦਿਆਂ ਵਿਚ) ਬੀਜਿਆ, ਉਹ ਇਸ ਜਗਤ ਤੋਂ ਸੋਭਾ ਖੱਟ ਕੇ ਗਏ ।
ਪਰ ਹੁਣ (ਨਾਮ ਦਾ) ਅੰਕੁਰ ਫੁਟਣੋਂ ਰਹਿ ਗਿਆ ਹੈ, (ਕਿਉਂਕਿ ਮਨ) ਦਾਲ ਵਾਂਗ (ਦੋ-ਫਾੜ ਹੋ ਰਹੇ ਹਨ, ਭਾਵ ਦੁਚਿੱਤਾ-ਪਨ ਦੇ ਕਾਰਨ ਜੀਵਾਂ ਦਾ ਮਨ ਨਾਮ ਵਿਚ ਨਹੀਂ ਜੁੜਦਾ) ।
ਬੀਜ ਉੱਗਦਾ ਤਾਂ ਹੀ ਹੈ, ਜੇ ਬੀਜ ਸਾਬਤ ਹੋਵੇ ਅਤੇ ਬੀਜਣ ਦੀ ਰੁਤ ਵੀ ਚੰਗੀ ਫਬਵੀਂ ਹੋਵੇ, (ਇਸੇ ਤ੍ਰਹਾਂ ਰੱਬ ਦਾ ਨਾਮ-ਅੰਕੁਰ ਭੀ ਤਾਂ ਹੀ ਫੁਟਦਾ ਹੈ ਜੇ ਮਨ ਸਾਬਤ ਹੋਵੇ, ਜੇ ਪੂਰਨ ਤੌਰ ਤੇ ਰੱਬ ਵਲ ਲੱਗਾ ਰਹੇ ਅਤੇ ਸਮਾ ਅੰਮਿ੍ਰਤ ਵੇਲਾ ਭੀ ਖੁੰਝਾਇਆ ਨਾ ਜਾਏ) ।
ਹੇ ਨਾਨਕ! ਜੇ ਲਾਗ ਨ ਵਰਤੀ ਜਾਏ ਤਾਂ ਕੋਰੇ ਕੱਪੜੇ ਨੂੰ ਉਹ (ਸੋਹਣਾ ਪੱਕਾ) ਰੰਗ ਨਹੀਂ ਚੜ੍ਹਦਾ (ਜੋ ਲਾਗ ਵਰਤਿਆਂ ਚੜ੍ਹਦਾ ਹੈ ।
ਇਸੇ ਤ੍ਰਹਾਂ ਜੇ ਇਸ ਕੋਰੇ ਮਨ ਨੂੰ ਰੱਬ ਦੇ ਨਾਮ-ਰੰਗ ਵਿਚ ਸੋਹਣਾ ਰੰਗ ਦੇਣਾ ਹੋਵੇ, ਤਾਂ ਪਹਿਲਾਂ ਇਸ ਨੂੰ) ਰੱਬ ਦੇ ਡਰ ਰੂਪ ਖੁੰਬ ਤੇ ਧਰੀਏ; ਫੇਰ ਮਿਹਨਤ ਤੇ ਉੱਦਮ ਦੀ ਪਾਹ ਦੇਈਏ ।
(ਇਸ ਤੋਂ ਪਿਛੋਂ) ਹੇ ਨਾਨਕ! ਜੇ (ਇਸ ਮਨ ਨੂੰ) ਰੱਬ ਦੀ ਭਗਤੀ ਵਿਚ ਰੰਗਿਆ ਜਾਏ, ਤਾਂ ਮਾਇਆ-ਛਲ ਇਸ ਦੇ ਨੇੜੇ ਭੀ ਨਹੀਂ ਛੁਹ ਸਕਦਾ ।੧ ।
Follow us on Twitter Facebook Tumblr Reddit Instagram Youtube