ਪਉੜੀ ॥
ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥

Sahib Singh
ਦਾਨੁ = ਬਖ਼ਸ਼ਸ਼ ।
ਮਹਿੰਡਾ = ਮੇਰਾ, ਭਾਵ, ਮੇਰੇ ਵਾਸਤੇ ।
ਤਲੀ ਖਾਕੁ = (ਪੈਰਾਂ ਦੀਆਂ ਤਲੀਆਂ ਦੀ ਖਾਕ, ਚਰਨ-ਧੂੜ ।
ਤ = ਤਾਂ ।
ਕੂੜਾ = ਕੂੜ ਵਿਚ ਫਸਾਣ ਵਾਲਾ, ਮਾਇਆ ਦੇ ਜਾਲ ਵਿਚ ਫਸਾਣ ਵਾਲਾ ।
ਅਲਖੁ = ਅਦਿ੍ਰਸ਼ਟ ।
ਤੇਵੇਹੋ = ਤਿਹੋ ਜਿਹਾ ਹੀ ।
ਜੇਵੇਹੀ = ਜਿਹੋ ਜਿਹੀ ।
ਪੂਰਬਿ = ਪਹਿਲੇ ਤੋਂ, ਮੁੱਢ ਤੋਂ, ਧੁਰ ਤੋਂ ।
ਲਿਖਿਆ = ਪਿਛਲੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੀ ਹੋਂਦ ।
ਮਤਿ ਥੋੜੀ = ਆਪਣੀ ਮਤਿ ਥੋੜਿ ਹੋਵੇ, ਜੇ ਆਪਣੀ ਥੋੜੀ ਮਤ ਦੀ ਟੇਕ ਰੱਖੀਏ ।੧੦ ।
    
Sahib Singh
(ਮੇਰਾ ਇਹ ਚਿੱਤ ਕਰਦਾ ਹੈ ਕਿ ਮੈਨੂੰ ਸੰਤਾਂ ਦੇ) ਪੈਰਾਂ ਦੀ ਖ਼ਾਕ ਦਾ ਦਾਨ ਮਿਲੇ ।
ਜੇ ਇਹ ਦਾਨ ਮਿਲ ਜਾਏ, ਤਾਂ ਮੱਥੇ ਉੱਤੇ ਲਾਣੀ ਚਾਹੀਦੀ ਹੈ ।
(ਹੋਰ) ਲਾਲਚ, ਜੋ ਮਾਇਆ ਦੇ ਜਾਲ ਵਿਚ ਹੀ ਫਸਾਂਦਾ ਹੈ, ਛੱਡ ਦੇਣਾ ਚਾਹੀਦਾ ਹੈ, ਅਤੇ ਮਨ ਨੂੰ ਕੇਵਲ ਪ੍ਰਭੂ ਵਿਚ ਜੋੜ ਕੇ ਉਸ ਦੀ ਭਗਤੀ ਕਰਨੀ ਚਾਹੀਦੀ ਹੈ, (ਕਿਉਂਕਿ) ਮਨੁੱਖ ਜਿਸ ਤ੍ਰਹਾਂ ਦੀ ਕਾਰ ਕਰਦਾ ਹੈ, ਉਹੋ ਜਿਹਾ ਉਸ ਨੂੰ ਫਲ ਮਿਲ ਜਾਂਦਾ ਹੈ ।
ਪਰ ਸੰਤ ਜਨਾਂ ਦੇ ਪੈਰਾਂ ਦੀ ਖ਼ਾਕ ਤਾਂ ਹੀ ਮਿਲਦੀ ਹੈ ਜੇ ਚੰਗੇ ਭਾਗ ਹੋਣ ।
(ਗੁਰਮੁਖਾਂ ਦਾ ਆਸਰਾ-ਪਰਨਾ ਛੱਡ ਕੇ) ਜੇ ਆਪਣੀ ਹੋਛੀ ਜਿਹੀ ਮਤ ਦੀ ਟੇਕ ਰੱਖੀਏ ਤਾਂ (ਇਸ ਦੇ ਆਸਰੇ) ਕੀਤੀ ਹੋਈ ਘਾਲ-ਕਮਾਈ ਵਿਅਰਥ ਜਾਂਦੀ ਹੈ ।੧੦ ।
Follow us on Twitter Facebook Tumblr Reddit Instagram Youtube