ਮਃ ੧ ॥
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥
ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ ॥
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥
ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ ॥
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥
ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ ॥
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥
ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥੨॥

Sahib Singh
ਤਾ ਪਰੁ = ਤਾਂ ਹੀ, ਤਦੋਂ ਹੀ ।
ਜਾਣੀਐ = ਜਾਣਿਆ ਜਾ ਸਕਦਾ ਹੈ ।
ਸਚੁ = (ਸ਼ਬਦ ‘ਕੂੜੁ’ ਦੇ ਉਲਟ ਸ਼ਬਦ ‘ਸਚੁ’ ਹੈ; ‘ਕੂੜੁ’ ਦਾ ਅਰਥ ਹੈ ‘ਛਲੁ’ ਜੋ ਅਸਲੀਅਤ ਤੋਂ ਬਿਨਾ ਹੈ, ਜੋ ਉਤਨਾ ਚਿਰ ਹੀ ਹੈ, ਜਿਤਨਾ ਚਿਰ ਉਸ ਦਾ ਬਣਾਣ ਵਾਲਾ ਉਸ ਦੀ ਹੋਂਦ ਚਾਹੁੰਦਾ ਹੈ ।
    ਇਸ ਦੇ ਉਲਟ ‘ਸਚੁ’ ਦਾ ਅਰਥ ਹੈ) ਅਸਲੀਅਤ ।
ਰਿਦੈ = ਹਿਰਦੇ ਵਿਚ ।
ਸਚਾ = ਅਸਲੀਅਤ ਵਾਲਾ, ਹਰੀ ।
ਕੂੜ ਕੀ ਮਲੁ = ਮਾਇਆ ਰੂਪ ਛਲ ਦੀ (ਮਨ ਉੱਤੇ) ਮੈਲ ।
ਰਹਸੀਐ = ਖਿੜ ਪੈਂਦਾ ਹੈ ।
ਮੋਖ ਦੁਆਰੁ = ਮੁਕਤੀ ਦਾ ਦਰਵਾਜ਼ਾ, ਮਾਇਆ ਰੂਪ ਛਲ ਦੇ ਜ਼ੰਜੀਰਾਂ ਤੋਂ ਛੁੱਟਣ ਦਾ ਰਸਤਾ ।
ਜੁਗਤਿ = ਜ਼ਿੰਦਗੀ ਸੋਹਣੇ ਤਰੀਕੇ ਨਾਲ ਗੁਜ਼ਾਰਨ ਦਾ ਢੰਗ ।
ਧਰਤਿ ਕਾਇਆ = ਸਰੀਰ ਰੂਪ ਧਰਤੀ ।
ਦੇਇ = ਦੇ ਦੇਵੇ, ਬੀਜ ਦੇਵੇ ।
ਕਰਤਾ ਬੀਉ = ਕਰਤਾਰ ਦਾ (‘ਨਾਮ’ ਰੂਪ) ਬੀਜ ।
ਆਤਮ ਤੀਰਥਿ = ਆਤਮ ਰੂਪ ਤੀਰਥ ਉੱਤੇ ।
ਬਹਿ ਰਹੈ = ਬੈਠਾ ਰਹੇ, ਮਨ ਨੂੰ ਵਿਕਾਰਾਂ ਵਲ ਦੌੜਨ ਤੋਂ ਰੋਕ ਰੱਖੇ ।
    
Sahib Singh
(ਜਗਤ ਰੂਪ ਛਲ ਵਲੋਂ ਵਾਸ਼ਨਾ ਪਰਤ ਕੇ, ਜਗਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ ਜਦੋਂ ਉਹ ਅਸਲੀਅਤ ਦਾ ਮਾਲਕ (ਰੱਬ) ਮਨੁੱਖ ਦੇ ਹਿਰਦੇ ਵਿਚ ਟਿਕ ਜਾਏ ।
ਤਦੋਂ ਮਾਇਆ ਛਲ ਦਾ ਅਸਰ ਮਨ ਤੋਂ ਦੂਰ ਹੋ ਜਾਂਦਾ ਹੈ (ਫੇਰ ਮਨ ਦੇ ਨਾਲ ਸਰੀਰ ਭੀ ਸੁੰਦਰ ਹੋ ਜਾਂਦਾ ਹੈ, ਸਰੀਰਕ ਇੰਦਰੇ ਭੀ ਗੰਦੇ ਪਾਸੇ ਵਲੋਂ ਹਟ ਜਾਂਦੇ ਹਨ, ਮਾਨੋ) ਸਰੀਰ ਧੁਪ ਕੇ ਸਾਫ਼ ਹੋ ਜਾਂਦਾ ਹੈ ।
(ਮਾਇਆ ਛਲ ਵਲੋਂ ਮਨ ਦੇ ਫੁਰਨੇ ਹਟ ਕੇ, ਕੁਦਰਤ ਦੇ) ਅਸਲੇ ਦੀ ਸਮਝ ਤਦੋਂ ਹੀ ਆਉਂਦੀ ਹੈ, ਜਦ ਮਨੁੱਖ ਉਸ ਅਸਲੇ ਵਿਚ ਮਨ ਜੋੜਦਾ ਹੈ, (ਤਦੋਂ ਉਸ ਅਸਲੀਅਤ ਵਾਲੇ ਦਾ) ਨਾਮ ਸੁਣ ਕੇ ਮਨੁੱਖ ਦਾ ਮਨ ਖਿੜਦਾ ਹੈ ਤੇ ਉਸ ਨੂੰ (ਮਾਇਆ ਦੇ ਬੰਧਨਾਂ ਤੋਂ) ਸੁਤੰਤਰ ਹੋਣ ਦਾ ਰਾਹ ਮਿਲ ਜਾਂਦਾ ਹੈ ।
ਜਗਤ ਦੇ ਅਸਲੇ ਪ੍ਰਭੂ ਦੀ ਸਮਝ ਤਦੋਂ ਪੈਂਦੀ ਹੈ, ਜਦੋਂ ਮਨੁੱਖ ਰੱਬੀ ਜੀਵਨ (ਗੁਜ਼ਾਰਨ ਦੀ) ਜੁਗਤੀ ਜਾਣਦਾ ਹੋਵੇ, ਭਾਵ, ਸਰੀਰ ਰੂਪ ਧਰਤੀ ਨੂੰ ਤਿਆਰ ਕਰਕੇ ਇਸ ਵਿਚ ਪ੍ਰਭੂ ਦਾ ਨਾਮ ਬੀਜ ਦੇਵੇ ।
ਸੱਚ ਦੀ ਪਰਖ ਤਦੋਂ ਹੁੰਦੀ ਹੈ, ਜਦੋਂ ਸੱਚੀ ਸਿੱਖਿਆ (ਗੁਰੂ ਪਾਸੋਂ) ਲਏ ਅਤੇ (ਉਸ ਸਿੱਖਿਆ ਉੱਤੇ ਚੱਲ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖੇ ਤੇ (ਲੋੜਵੰਦਾਂ ਨੂੰ) ਕੁਝ ਦਾਨ ਪੁੰਨ ਕਰੇ ।
ਉਸ ਧੁਰ-ਅੰਦਰਲੀ ਅਸਲੀਅਤ ਨਾਲ ਤਦੋਂ ਹੀ ਜਾਣ-ਪਛਾਣ ਹੁੰਦੀ ਹੈ ਜਦੋਂ ਮਨੁੱਖ ਧੁਰ ਅੰਦਰਲੇ ਤੀਰਥ ਉੱਤੇ ਟਿਕੇ, ਆਪਣੇ ਗੁਰੂ ਪਾਸੋਂ ਉਪਦੇਸ਼ ਲੈ ਕੇ ਉਸ ਅੰਦਰਲੇ ਤੀਰਥ ਉੱਤੇ ਬੈਠਾ ਰਹੇ, ਉੱਥੇ ਹੀ ਸਦਾ ਨਿਵਾਸ ਰੱਖੇ ।
ਨਾਨਕ ਅਰਜ਼ ਕਰਦਾ ਹੈ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਅਸਲੀਅਤ ਦਾ ਮਾਲਕ ਪ੍ਰਭੂ ਟਿਕਿਆ ਹੋਇਆ ਹੈ, ਉਨ੍ਹਾਂ ਦੇ ਸਾਰੇ ਦੁੱਖਾਂ ਦਾ ਇਲਾਜ ਉਹ ਆਪ ਬਣ ਜਾਂਦਾ ਹੈ, (ਕਿਉਂਕਿ ਉਹ) ਸਾਰੇ ਵਿਕਾਰਾਂ ਨੂੰ (ਉਸ ਹਿਰਦੇ ਵਿਚੋਂ) ਧੋ ਕੇ ਕੱਢ ਦੇਂਦਾ ਹੈ (ਜਿੱਥੇ ਉਹ ਵੱਸ ਰਿਹਾ ਹੈ) ।੨ ।
Follow us on Twitter Facebook Tumblr Reddit Instagram Youtube